ਮੁਹਾਲੀ : 8 ਅਤੇ 9 ਪੋਹ ਦੀ ਵਿਚਕਾਰਲੀ ਅੱਧੀ ਰਾਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਪੰਜ ਪਿਆਰਿਆਂ ਦੀ ਬੇਨਤੀ ਨੂੰ ਸਵੀਕਾਰ ਕਰਕੇ, ਇੱਕ ਯੋਧੇ ਦੀ ਤਰ੍ਹਾਂ ਤਾੜੀ ਮਾਰ ਕੇ ਦੁਸ਼ਮਣ ਫ਼ੌਜਾਂ ਨੂੰ ਆਪਣੇ ਗੜ੍ਹੀ ਛੱਡਣ ਦਾ ਫੈਸਲਾ ਸੁਣਾ ਕੇ ਕਿ “ਗੁਰੂ ਗੋਬਿੰਦ ਸਿੰਘ ਗੜ੍ਹੀ ਛੱਡ ਕੇ ਜਾ ਰਿਹਾ ਹੈ, ਕੋਈ ਰੋਕ ਸਕਦਾ ਹੈ ਤਾਂ ਰੋਕ ਲਵੇ”, ਮਾਛੀਵਾੜੇ ਨੂੰ ਚਲੇ ਗਏ।
ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਜੀ ਵੀ ਗੁਰੂ ਜੀ ਦੀ ਸੇਵਾ ਵਿੱਚ ਗੁਰੂ ਜੀ ਦੇ ਨਾਲ ਹੀ ਗੜ੍ਹੀ ਵਿੱਚੋਂ ਬਾਹਰ ਨਿਕਲੇ ਪਰ ਹਨੇਰੀ ਰਾਤ ਵਿੱਚ ਉਹ ਗੁਰੂ ਜੀ ਨਾਲੋਂ ਵਿਛੜ ਗਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਆਗਿਆ ਅਨੁਸਾਰ ਮਾਛੀਵਾੜੇ ਦੇ ਜੰਗਲ਼ ਵਿੱਚ ਪਹੁੰਚ ਕੇ ਅਰਾਮ ਕੀਤਾ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਵੀ ਸ਼ਾਮ ਤੱਕ ਗੁਰੂ ਜੀ ਕੋਲ ਪਹੁੰਚ ਗਏ।
ਦੂਜੇ ਪਾਸੇ ਗੰਗੂ ਬ੍ਰਾਹਮਣ ਨੇ ਮਾਇਆ ਦੇ ਲਾਲਚ ਵਿੱਚ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ (ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ) ਦੀ ਸੂਚਨਾ ਮੁਗਲ ਹਕੂਮਤ ਨੂੰ ਦੇ ਕੇ ਉਨ੍ਹਾਂ ਨੂੰ ਮੋਰਿੰਡੇ ਦੇ ਕੋਤਵਾਲ ਦੇ ਹਵਾਲੇ ਕਰ ਦਿੱਤਾ।
8 ਪੋਹ ਦੀ ਰਾਤ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਨੇ ਗੰਗੂ ਦੇ ਘਰ ਬਤੀਤ ਕੀਤੀ ਸੀ। ਰਾਤ ਵੇਲੇ ਜਦੋਂ ਮਾਤਾ ਜੀ ਤੇ ਸਾਹਿਬਜ਼ਾਦੇ ਸੋਂ ਗਏ ਤਾਂ ਗੰਗੂ ਨੇ ਮਾਤਾ ਜੀ ਦੀ ਮੋਹਰਾਂ ਵਾਲੀ ਥੈਲੀ ਚੋਰੀ ਕਰ ਲਈ। ਅਗਲੀ ਸਵੇਰ ਮਾਤਾ ਜੀ ਵੱਲੋਂ ਮੋਹਰਾਂ ਦੀ ਥੈਲੀ ਬਾਰੇ ਪੁੱਛਣ ‘ਤੇ ਗੰਗੂ ਨੇ ਕ੍ਰੋਧਿਤ ਹੋ ਕੇ ਮੋਰਿੰਡੇ ਕੋਤਵਾਲੀ ਵਿੱਚ ਇਤਲਾਹ ਦੇ ਦਿੱਤੀ। 9 ਪੋਹ ਦੀ ਸਾਰੀ ਰਾਤ ਬਜ਼ੁਰਗ ਮਾਤਾ ਅਤੇ ਨਿੱਕੇ ਲਾਲਾਂ ਨੇ ਕੋਤਵਾਲੀ ਵਿੱਚ ਭੁੱਖਣ ਭਾਣੇ ਠੰਡੀ ਜ਼ਮੀਨ ਉੱਪਰ ਕੱਟੀ।
ਸਾਰੇ ਪਰਿਵਾਰ ਦਾ ਵਿਛੜਣਾ, ਵੱਡੇ ਪੁੱਤਰਾਂ ਦਾ ਜੰਗ ਵਿੱਚ ਸ਼ਹੀਦ ਹੋਣਾ, ਮਾਛੀਵਾੜੇ ਦੇ ਜੰਗਲ਼ ਵਿੱਚ ਪਹੁੰਚ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਗੁਰੂ ਜੀ ਦਾ ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਇਸ ਪਲ ਨੂੰ ਮਹਿਸੂਸ ਕਰੀਏ ਤਾਂ ਆਪ ਮੁਹਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਸੀਸ ਝੁਕ ਜਾਂਦਾ ਹੈ।