‘ਦ ਖ਼ਾਲਸ ਬਿਊਰੋ :- ਕੋਲਕਾਤਾ ਦੇ ਸਟ੍ਰੈਂਡ ਰੋਡ ‘ਤੇ ਕੱਲ੍ਹ ਸ਼ਾਮ ਨੂੰ ਇੱਕ ਇਮਾਰਤ ਦੀ 13ਵੀਂ ਮੰਜ਼ਿਲ ‘ਤੇ ਅੱਗ ਲੱਗ ਗਈ ਹੈ, ਜਿਸ ਵਿੱਚ 9 ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕ ਲੋਕਾਂ ਵਿੱਚ ਫਾਇਰ ਬ੍ਰਿਗੇਡ ਦੇ ਚਾਰ ਕਰਮਚਾਰੀ ਅਤੇ ਦੋ ਪੁਲਿਸ ਮੁਲਾਜ਼ਮ ਵੀ ਸ਼ਾਮਿਲ ਹਨ। ਇਸ ਇਮਾਰਤ ਵਿੱਚ ਪੂਰਬੀ ਰੇਲਵੇ ਦਾ ਦਫਤਰ ਵੀ ਹੈ। ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਸੂਬਾ ਸਰਕਾਰ ਨੇ ਇਸ ਹਾਦਸੇ ਵਿੱਚ ਝੁਲਸੇ ਲੋਕਾਂ ਦੇ ਪਰਿਵਾਰਾਂ ਲਈ 10 ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਹੈ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੋਲਕਾਤਾ ਹਾਦਸੇ ਬਾਰੇ ਟਵੀਟ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਰਾਸ਼ਟਰਪਤੀ ਕੋਵਿੰਦ ਨੇ ਟਵੀਟ ਕਰਦਿਆਂ ਲਿਖਿਆ ਕਿ, “ਕੋਲਕਾਤਾ ਦੀ ਇੱਕ ਇਮਾਰਤ ਵਿੱਚ ਜੋ ਅੱਗ ਲੱਗੀ ਹੈ, ਉਸਦੇ ਲਈ ਕੋਈ ਸ਼ਬਦ ਨਹੀਂ ਹਨ । ਮ੍ਰਿਤਕਾਂ ਦੇ ਪਰਿਵਾਰ ਨਾਲ ਮੇਰੇ ਵੱਲੋਂ ਡੂੰਘਾ ਸੋਗ । ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ’।
ਇਸ ਘਟਨਾ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੁੱਖ ਦਾ ਪ੍ਰਗਟਾਵਾ ਕਰਦਿਆਂ ਟਵੀਟ ਕੀਤਾ ਹੈ ਕਿ ‘ਕੋਲਕਾਤਾ ਦੀ ਇਮਾਰਤ ਵਿੱਚ ਲੱਗੀ ਅੱਗ ਨਾਲ ਮਰਨ ਵਾਲਿਆਂ ਦੀ ਖ਼ਬਰ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਹੈ। ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨਾਲ ਮੇਰੀ ਹਮਦਰਦੀ ਹੈ। ਮੈਂ ਇਸ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ’।