ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 8 ਅਤੇ 9 ਪੋਹ ਦੀ ਵਿਚਕਾਰਲੀ ਅੱਧੀ ਰਾਤ ਨੂੰ ਪੰਜ ਪਿਆਰਿਆਂ ਦੀ ਬੇਨਤੀ ਨੂੰ ਸਵੀਕਾਰ ਕਰਕੇ ਚਮਕੌਰ ਦੀ ਗੜ੍ਹੀ ਛੱਡਣ ਦਾ ਫੈਸਲਾ ਕੀਤਾ। ਇੱਕ ਯੋਧੇ ਵਾਂਗ ਤਾੜੀ ਮਾਰ ਕੇ ਗੁਰੂ ਜੀ ਨੇ ਦੁਸ਼ਮਣ ਫੌਜਾਂ ਨੂੰ ਚੁਣੌਤੀ ਦਿੱਤੀ ਕਿ “ਗੁਰੂ ਗੋਬਿੰਦ ਸਿੰਘ ਗੜ੍ਹੀ ਛੱਡ ਕੇ ਜਾ ਰਿਹਾ ਹੈ, ਕੋਈ ਰੋਕ ਸਕਦਾ ਹੈ ਤਾਂ ਰੋਕ ਲਵੇ”। ਇਸ ਤਰ੍ਹਾਂ ਗੁਰੂ ਜੀ ਮਾਛੀਵਾੜੇ ਵੱਲ ਚੱਲ ਪਏ।ਗੁਰੂ ਜੀ ਨਾਲ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਜੀ ਵੀ ਗੜ੍ਹੀ ਵਿੱਚੋਂ ਬਾਹਰ ਨਿਕਲੇ, ਪਰ ਹਨੇਰੀ ਰਾਤ ਵਿੱਚ ਉਹ ਗੁਰੂ ਜੀ ਤੋਂ ਵਿਛੜ ਗਏ।
ਖਾਲਸੇ ਦੀ ਆਗਿਆ ਅਨੁਸਾਰ ਗੁਰੂ ਜੀ ਮਾਛੀਵਾੜੇ ਦੇ ਜੰਗਲ ਵਿੱਚ ਪਹੁੰਚ ਕੇ ਟਿੰਡ ਦਾ ਸਰਹਾਣਾ ਲਗਾ ਕੇ ਅਰਾਮ ਕਰਨ ਲੱਗੇ। ਸ਼ਾਮ ਤੱਕ ਤਿੰਨਾਂ ਸਿੰਘ ਵੀ ਗੁਰੂ ਜੀ ਕੋਲ ਪਹੁੰਚ ਗਏ। ਗੜ੍ਹੀ ਵਿੱਚ ਰਹਿ ਗਏ ਸਿੰਘਾਂ ਨੇ ਬੜੀ ਬਹਾਦਰੀ ਨਾਲ ਲੜਾਈ ਜਾਰੀ ਰੱਖੀ। ਮੁਗਲ ਫੌਜ ਨੇ ਦੁਬਾਰਾ ਹਮਲਾ ਕੀਤਾ ਕਿਉਂਕਿ ਬਾਬਾ ਸੰਗਤ ਸਿੰਘ ਜੀ ਨੇ ਗੁਰੂ ਜੀ ਵਾਲੀ ਪੌਸ਼ਾਕ ਤੇ ਕਲਗੀ ਪਾਈ ਹੋਈ ਸੀ, ਜਿਸ ਨਾਲ ਮੁਗਲਾਂ ਨੂੰ ਵਾਰ-ਵਾਰ ਗੁਰੂ ਜੀ ਦਾ ਭੁਲੇਖਾ ਪੈਂਦਾ ਸੀ।
ਬਾਬਾ ਸੰਗਤ ਸਿੰਘ ਜੀ ਦੀ ਅਗਵਾਈ ਹੇਠ ਸਿੰਘਾਂ ਨੇ ਦਲੇਰੀ ਨਾਲ ਮੁਕਾਬਲਾ ਕੀਤਾ। ਬਾਬਾ ਜੀ ਨੇ ਗੁਰੂ ਜੀ ਵੱਲੋਂ ਬਖਸ਼ੇ ਤੀਰਾਂ ਨਾਲ ਦੁਸ਼ਮਣਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ। ਜ਼ਖਮੀ ਹਾਲਤ ਵਿੱਚ ਵੀ ਅੰਤ ਤੱਕ “ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ” ਦੇ ਜੈਕਾਰੇ ਲਾਉਂਦੇ ਹੋਏ ਬਾਬਾ ਜੀ ਸ਼ਹਾਦਤ ਪ੍ਰਾਪਤ ਕਰ ਗਏ।
ਸਾਰੇ ਸਿੰਘਾਂ ਦੀ ਸ਼ਹੀਦੀ ਮਗਰੋਂ ਮੁਗਲ ਫੌਜ ਗੜ੍ਹੀ ਵਿੱਚ ਦਾਖਲ ਹੋਈ ਤਾਂ ਉੱਥੇ ਬਾਬਾ ਸੰਗਤ ਸਿੰਘ ਜੀ ਦਾ ਧੜ ਪਿਆ ਮਿਲਿਆ, ਜਿਸ ਦੇ ਸਿਰ ਉੱਤੇ ਗੁਰੂ ਜੀ ਦੀ ਕਲਗੀ ਸਜੀ ਹੋਈ ਸੀ। ਮੁਗਲਾਂ ਨੇ ਉਨ੍ਹਾਂ ਨੂੰ ਗੁਰੂ ਜੀ ਸਮਝ ਕੇ ਸਿਰ ਵੱਢ ਲਿਆ ਤੇ ਜਸ਼ਨ ਮਨਾਉਣ ਲੱਗੇ। ਪਰ ਜਦੋਂ ਪਤਾ ਲੱਗਾ ਕਿ ਇਹ ਗੁਰੂ ਜੀ ਨਹੀਂ ਸਗੋਂ ਭਾਈ ਸੰਗਤ ਸਿੰਘ ਜੀ ਹਨ ਤਾਂ ਉਨ੍ਹਾਂ ਦੀ ਖੁਸ਼ੀ ਗ੍ਰਹਿਣ ਲੱਗ ਗਿਆ। ਇਨਾਮ ਦੇ ਲਾਲਚ ਵਿੱਚ ਮੁਗਲ ਸਿਪਾਹੀ ਗੁਰੂ ਜੀ ਦੀ ਭਾਲ ਵਿੱਚ ਲੱਗ ਗਏ।
ਦੂਜੇ ਪਾਸੇ, ਗੰਗੂ ਬ੍ਰਾਹਮਣ ਨੇ ਮਾਇਆ ਦੇ ਲਾਲਚ ਵਿੱਚ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ – ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ – ਨੂੰ ਧੋਖਾ ਦਿੱਤਾ। 8 ਪੋਹ ਨੂੰ ਗੰਗੂ ਉਨ੍ਹਾਂ ਨੂੰ ਆਪਣੇ ਘਰ ਵਿਸ਼ਰਾਮ ਕਰਵਾਉਂਦਾ ਹੈ, ਪਰ ਲੋਭ ਵਿੱਚ ਆ ਕੇ ਸੋਨੇ ਦੀਆਂ ਮੋਹਰਾਂ ਹਥਿਆਉਣ ਮਗਰੋਂ ਮੁਗਲ ਹਕੂਮਤ ਨੂੰ ਸੂਚਨਾ ਦੇ ਦਿੰਦਾ ਹੈ। ਪਿੰਡ ਦੇ ਚੌਧਰੀ ਨੂੰ ਨਾਲ ਲੈ ਕੇ ਗੰਗੂ ਮੋਰਿੰਡੇ ਪਹੁੰਚਦਾ ਹੈ ਤੇ ਕੋਤਵਾਲੀ ਥਾਣੇ ਵਿੱਚ ਇਤਲਾਹ ਦਿੰਦਾ ਹੈ। ਕੋਤਵਾਲ ਜਾਨੀ ਖਾਂ ਤੇ ਮਾਨੀ ਖਾਂ ਸਹੇੜੀ ਪਿੰਡ ਪਹੁੰਚ ਕੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰ ਲੈਂਦੇ ਹਨ। ਪਿੰਡ ਤੋਂ ਥਾਣੇ ਤੱਕ ਦੇ 3 ਮੀਲ ਦੇ ਰਸਤੇ ਵਿੱਚ ਜ਼ਾਲਮਾਂ ਨੇ ਉਨ੍ਹਾਂ ਨੂੰ ਭਾਰੀ ਤਸ਼ੱਦਦ ਢਾਹੇ। 9 ਪੋਹ ਦੀ ਰਾਤ ਮਾਤਾ ਜੀ ਤੇ ਸਾਹਿਬਜ਼ਾਦੇ ਮੋਰਿੰਡੇ ਦੀ ਕੋਤਵਾਲੀ ਵਿੱਚ ਕੈਦ ਵਿੱਚ ਕੱਟਦੇ ਹਨ।
ਚਮਕੌਰ ਦੇ ਜੰਗ ਦੇ ਮੈਦਾਨ ਵਿੱਚ ਬੀਬੀ ਹਰਸ਼ਰਨ ਕੌਰ ਜੀ ਪਹੁੰਚੇ ਤਾਂ ਦੇਖਿਆ ਕਿ ਮੁਗਲ ਫੌਜ ਆਪਣੇ ਮਰੇ ਸਿਪਾਹੀਆਂ ਦੀਆਂ ਲੋਥਾਂ ਚੁੱਕ ਕੇ ਲੈ ਜਾ ਰਹੀ ਹੈ, ਪਰ ਸਿੰਘਾਂ ਦੇ ਮ੍ਰਿਤਕ ਸਰੀਰ ਉੱਥੇ ਹੀ ਪਏ ਹਨ। ਇਸ ਤੋਂ ਬਾਅਦ ਬੀਬੀ ਜੀ ਨੇ ਪ੍ਰਣ ਕੀਤਾ ਕਿ ਆਪਣੇ ਭਰਾਵਾਂ ਤੇ ਗੁਰੂ ਪਿਤਾ ਦੇ ਸਿੰਘਾਂ ਦੀਆਂ ਦੇਹਾਂ ਦਾ ਨਿਰਾਦਰ ਨਹੀਂ ਹੋਣ ਦੇਣਗੇ। ਉਨ੍ਹਾਂ ਇੱਕ-ਇੱਕ ਕਰਕੇ ਕਰੀਬ 15 ਸ਼ਹੀਦਾਂ ਦੇ ਧੜ ਇਕੱਠੇ ਕੀਤੇ, ਨੇੜੇ ਲੱਕੜਾਂ ਇਕੱਠੀਆਂ ਕਰਕੇ ਅੰਤਿਮ ਸੰਸਕਾਰ ਸ਼ੁਰੂ ਕੀਤਾ ਤੇ ਸੋਹਿਲਾ ਸਾਹਿਬ ਦਾ ਪਾਠ ਕਰਨ ਲੱਗੇ। ਅੱਗ ਦੀਆਂ ਉੱਚੀਆਂ ਲਾਟਾਂ ਦੇਖ ਮੁਗਲ ਫੌਜ ਪਹੁੰਚ ਗਈ। ਜਦੋਂ ਉਨ੍ਹਾਂ ਨੇ ਬੀਬੀ ਜੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਬੀਬੀ ਜੀ ਨੇ ਤਲਵਾਰ ਕੱਢ ਕੇ ਦਲੇਰੀ ਨਾਲ ਮੁਕਾਬਲਾ ਕੀਤਾ। ਝੜਪ ਵਿੱਚ ਗੰਭੀਰ ਜ਼ਖਮੀ ਹੋਣ ਮਗਰੋਂ ਜ਼ਾਲਮਾਂ ਨੇ ਬੀਬੀ ਹਰਸ਼ਰਨ ਕੌਰ ਜੀ ਨੂੰ ਜ਼ਿੰਦਾ ਹੀ ਬਲਦੀ ਅੱਗ ਵਿੱਚ ਸੁੱਟ ਦਿੱਤਾ। ਇਸ ਤਰ੍ਹਾਂ ਸ਼ਹੀਦਾਂ ਦੇ ਸਰੀਰਾਂ ਦੀ ਸੰਭਾਲ ਕਰਦਿਆਂ ਬੀਬੀ ਜੀ ਨੇ ਵੀ ਸ਼ਹਾਦਤ ਦਾ ਜਾਮ ਪੀ ਲਿਆ।
ਬੀਬੀ ਜੀ ਦੇ ਅਧੂਰੇ ਰਹਿ ਗਏ ਕਾਰਜ ਨੂੰ ਦੋ ਗੁਰਸਿੱਖਾਂ – ਭਾਈ ਤਿਲੋਕਾ ਜੀ ਤੇ ਭਾਈ ਰਾਮਾ ਜੀ – ਨੇ ਪੂਰਾ ਕੀਤਾ। ਉਨ੍ਹਾਂ ਨੇ ਪਾਗਲਾਂ ਵਾਲਾ ਵੇਸ ਬਣਾ ਲਿਆ – ਕੇਸ ਖਿਲਾਰੇ, ਸਿਰ ਉੱਤੇ ਧੂੜ ਭੁੱਕੀ ਤੇ ਜੰਗ ਦੇ ਸ਼ਾਂਤ ਪਏ ਮੈਦਾਨ ਵਿੱਚ ਪਹੁੰਚ ਗਏ। ਬਾਜ਼ ਨਿਗਾਹਾਂ ਨਾਲ ਸ਼ਹੀਦਾਂ ਦੀ ਪਛਾਣ ਕਰਕੇ ਲਾਸ਼ਾਂ ਇਕੱਠੀਆਂ ਕੀਤੀਆਂ ਤੇ ਅੰਗੀਠੇ ਨੂੰ ਅੱਗ ਲਗਾ ਦਿੱਤੀ। ਅੱਗ ਦੀਆਂ ਲਾਟਾਂ ਦੇਖ ਮੁਗਲ ਫੌਜ ਫਿਰ ਘਬਰਾ ਕੇ ਪਹੁੰਚੀ, ਪਰ ਦੋਵਾਂ ਸਿੰਘਾਂ ਨੇ ਪਾਗਲਾਂ ਵਾਲਾ ਵਿਹਾਰ ਕੀਤਾ। ਇਹ ਦੇਖ ਕੇ ਮੁਗਲ ਵਾਪਸ ਮੁੜ ਗਏ। ਇਸ ਤਰ੍ਹਾਂ ਭਾਈ ਤਿਲੋਕਾ ਤੇ ਰਾਮਾ ਜੀ ਨੇ ਸ਼ਹੀਦ ਗੁਰਸਿੱਖਾਂ ਦਾ ਪੂਰਾ ਸੰਸਕਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ।
ਇਸ ਸਾਰੀ ਵਿਥਿਆ ਵਿੱਚ ਅਸੀਂ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਦੁੱਤੀ ਤਿਆਗ ਤੇ ਧੀਰਜ ਨੂੰ ਮਹਿਸੂਸ ਕਰਦੇ ਹਾਂ। ਪੂਰੇ ਪਰਿਵਾਰ ਦਾ ਵਿਛੜਨਾ, ਵੱਡੇ ਸਾਹਿਬਜ਼ਾਦਿਆਂ ਦੀ ਜੰਗ ਵਿੱਚ ਸ਼ਹਾਦਤ, ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਗ੍ਰਿਫਤਾਰੀ ਤੇ ਆਉਣ ਵਾਲੀਆਂ ਸ਼ਹਾਦਤਾਂ – ਇਸ ਸਭ ਵਿੱਚ ਵੀ ਗੁਰੂ ਜੀ ਅਕਾਲ ਪੁਰਖ ਦੀ ਰਜ਼ਾ ਵਿੱਚ ਰਾਜ਼ੀ ਰਹਿੰਦੇ ਹਨ।
ਮਾਛੀਵਾੜੇ ਦੇ ਜੰਗਲ ਵਿੱਚ ਪਹੁੰਚ ਕੇ ਗੁਰੂ ਜੀ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹਨ ਤੇ “ਹਾਲ ਮੁਰੀਦਾਂ ਦਾ” ਕਹਿ ਕੇ ਆਪਣੇ ਸਿੱਖਾਂ ਦੇ ਹਾਲ ਬਿਆਨ ਕਰਦੇ ਹਨ। ਇਹ ਸਭ ਕੁਝ ਦਰਦ ਭਰਪੂਰ ਹੈ, ਪਰ ਗੁਰੂ ਜੀ ਦੀ ਰਜ਼ਾ ਵਿੱਚ ਰਹਿਣ ਦੀ ਸਿੱਖਿਆ ਸਾਨੂੰ ਮਿਲਦੀ ਹੈ।

