‘ਦ ਖਾਲਸ ਬਿਊਰੋ:- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਰੋਨਾਵਾਇਰਸ ਦੇ ਮਾਮਲੇ ਤੇ ਘਰੇਲੂ ਬਿਜਲੀ ਲਾਈਟਾਂ ਬੰਦ ਰੱਖ ਕੇ ਦੀਵੇ, ਮੋਮਬੱਤੀਆਂ ਬਾਲਣ ਦੀ ਅਪੀਲ ਪਾਵਰਕੌਮ ਲਈ ਕਰੀਬ 8 ਲੱਖ ਰੁਪਏ ਦੇ ਵਿੱਤੀ ਘਾਟੇ ਦਾ ਸਬੱਬ ਬਣੀ ਹੈ। ਨੌਂ ਮਿੰਟ ਲਈ ਰਿਹਾਇਸ਼ੀ ਲਾਈਟਾਂ ਦੀ ਬੰਦੀ ਮਗਰੋਂ ਬਿਜਲੀ ਸਪਲਾਈ ਨਿਰੰਤਰ ਰਹਿਣ ਤੋਂ ਪਾਵਰਕੌਮ ਨੇ ਸੁੱਖ ਦਾ ਸਾਹ ਲਿਆ ਹੈ। ਸੰਭਾਵੀ ‘ਬਲੈਕ ਆਊਟ’ ਦੇ ਥੰਮਣ ਲਈ ਬਿਜਲੀ ਮਹਿਕਮੇ ਦੀ ਉਚ ਅਥਾਰਟੀ ਤੋਂ ਹੇਠਾਂ ਤੱਕ ਬਕਾਇਦਾ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਸੀ। ਇਸ ਮਕਸਦ ਨਾਲ ਨੈਸ਼ਨਲ ਲੋਡ ਡਿਸਪੈਚ ਸੈਂਟਰ ਵੀ ਕਾਫ਼ੀ ਮੁਸਤੈਦ ਰਿਹਾ ਜਿਸ ਸਦਕਾ ਆਖ਼ਿਰ ਦੇਸ਼ ਭਰ ‘ਚ ਬਿਜਲੀ ਸਪਲਾਈ ਦਾ ਤਵਾਜ਼ਨ ਕਰੀਬ ਸਥਿਰ ਰਿਹਾ ਹੈ।
ਉਂਝ ਪਤਾ ਲੱਗਿਆ ਹੈ ਕਿ ਨੌ ਤੋਂ ਚੌਦਾਂ ਮਿੰਟ ਤੱਕ ਦੀ ਬਿਜਲੀ ਬੰਦੀ ਤੋਂ ਪਾਵਰਕੌਮ ਨੂੰ ਕਰੀਬ 8 ਲੱਖ ਰੁਪਏ ਦਾ ਵਿੱਤੀ ਘਾਟਾ ਵੀ ਸਹਿਣਾ ਪਵੇਗਾ ਕਿਉਂਕਿ ਬਿਜਲੀ ਦੀ ਖ਼ਪਤ ਮਨਫ਼ੀ ਹੋਣ ‘ਤੇ ਕਰੀਬ ਇੱਕ ਲੱਖ ਯੂਨਿਟਾਂ ਘੱਟ ਬਲੀਆਂ ਹਨ। ਸੂਤਰਾਂ ਮੁਤਾਬਿਕ ਜਿਹੜੇ ਲੋਕਾਂ ਨੇ ਦੀਵੇ ਮੋਮਬੱਤੀਆਂ ਦੀ ਰਸਮ ‘ਚ ਹਿੱਸਾ ਲਿਆ ਹੈ ਤੇ ਉਨ੍ਹਾਂ ਵੱਲੋਂ ਰਿਹਾਇਸ਼ੀ ਲਾਈਟਾਂ ਹੀ ਬੰਦ ਰੱਖੀਆਂ ਗੀਆਂ, ਜਦੋਂ ਕਿ ਹੋਰ ਘਰੇਲੂ ਉਪਕਰਨ ਪਹਿਲਾਂ ਵਾਂਗ ਚਾਲੂ ਰੱਖੇ ਗਏ।
ਪਾਵਰਕੌਮ ਦੇ ਸੀ.ਐਮ.ਡੀ. ਇੰਜੀ.ਬਲਦੇਵ ਸਿੰਘ ਸਰਾਂ ਮੁਤਾਬਕ ਲੋਕਾਂ ਵੱਲੋਂ ਰਿਹਾਇਸ਼ੀ ਲਾਈਟਾਂ ਬੰਦ ਕਰ ਕੇ ਦੀਵੇ ਤੇ ਮੋਮਬੱਤੀਆਂ ਬਾਲਣ ਦੌਰਾਨ ਪੰਜਾਬ ਅੰਦਰ ਬਿਜਲੀ ਸਪਲਾਈ ਪਹਿਲਾਂ ਵਾਂਗ ਨਿਰਵਿਘਨ ਰਹੀ ਹੈ, ਤੇ ਦੇਸ਼ ਭਰ ‘ਚ ਕਿਤੇ ਵੀ ਕਿਸੇ ਕਿਸਮ ਦਾ ਕੋਈ ਨੁਕਸ ਸਾਹਮਣੇ ਨਹੀ ਆਇਆ।