ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿੱਚ ਗਿਆਰਵੀਂ ਜਮਾਤ ਦੀਆਂ 85 ਫੀਸਦੀ ਸੀਟਾਂ ਸਰਕਾਰੀ ਸਕੂਲਾਂ ਵਿੱਚੋਂ ਪਾਸ ਆਊਟ ਹੋਣ ਵਾਲੇ ਵਿਦਿਆਰਥੀਆਂ ਲਈ ਹੀ ਰਾਖਵੀਆਂ ਹੋਣਗੀਆਂ। ਚੰਡੀਗੜ੍ਹ ਸਿੱਖਿਆ ਵਿਭਾਗ ਨੇ ਇਸ ਸੈਸ਼ਨ ਤੋਂ ਹੀ ਇਸ ਨਵੀਂ ਨੀਤੀ ਨੂੰ ਲਾਗੂ ਕਰ ਦਿੱਤਾ ਹੈ।
ਇੱਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਸੀਟਾਂ ਦੀ ਅਲਾਟਮੈਂਟ ਬੋਰਡ ਪ੍ਰੀਖਿਆ ਵਿੱਚ ਮੈਰਿਟ, ਵਿਦਿਆਰਥੀ ਦੀ ਸਕੂਲ ਤਰਜੀਹ ਅਤੇ ਉਸ ਸਕੂਲ ਵਿੱਚ ਸੀਟਾਂ ਦੀ ਉਪਲਬਧਤਾ ਦੇ ਅਧਾਰ ‘ਤੇ ਹੋਵੇਗੀ। ਦੱਸ ਦੇਈਏ ਕਿ ਹਰ ਸਾਲ ਦਾਖ਼ਲੇ ਦੌਰਾਨ ਆਉਂਦੀਆਂ ਮੁਸ਼ਕਲਾਂ ਅਤੇ ਮਾਪਿਆਂ ਦੀਆਂ ਮੰਗਾਂ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਨੇ ਚੰਡੀਗੜ੍ਹ ਵਿੱਚ ਗਿਆਰਵੀਂ ਜਮਾਤ ਵਿੱਚ ਦਾਖ਼ਲਿਆਂ ਲਈ ਰਾਖਵਾਂਕਰਨ ਨੀਤੀ ਬਣਾਈ ਹੈ।
ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਦੀਆਂ ਹਦਾਇਤਾਂ ਮੁਤਾਬਕ ਨਵੀਂ ਨੀਤੀ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿੱਚੋਂ 10ਵੀਂ ਜਮਾਤ ਪਾਸ ਕਰਨ ਵਾਲੇ ਵਿਦਿਆਰਥੀਆਂ ਦੇ ਦਾਖਲੇ ਨੂੰ 100 ਫੀਸਦੀ ਯਕੀਨੀ ਬਣਾਏਗੀ। ਇਸ ਦੇ ਲਈ ਪ੍ਰਾਸਪੈਕਟਸ ਡਰਾਫਟ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕੋਰ ਕਮੇਟੀ ਵਿੱਚ ਆਪ, ਡਿਪਟੀ ਡਾਇਰੈਕਟਰ ਸੁਨੀਲ ਬੇਦੀ, ਡੀਈਓ ਬਿੰਦੂ ਅਰੋੜਾ, ਡਿਪਟੀ ਡੀਈਓ ਰਾਜਨ ਜੈਨ ਅਤੇ ਪੀਜੀਟੀ ਡਾ: ਅੰਮ੍ਰਿਤਾ ਸ਼ਾਮਲ ਹਨ।
ਇਸ ਤਰ੍ਹਾਂ ਅਲਾਟ ਕੀਤੀਆਂ ਜਾਣਗੀਆਂ ਸੀਟਾਂ: 13875 ਸੀਟਾਂ ‘ਚੋਂ 11794 ਰਾਖਵੀਆਂ
11ਵੀਂ ਦੇ ਸਾਇੰਸ, ਕਾਮਰਸ, ਆਰਟਸ ਅਤੇ ਵੋਕੇਸ਼ਨਲ ਵਿਸ਼ਿਆਂ ਦੀਆਂ ਕੁੱਲ 13,875 ਸੀਟਾਂ ਹਨ। ਇਨ੍ਹਾਂ ਵਿੱਚੋਂ 85% ਭਾਵ 11794 ਸੀਟਾਂ ਸਰਕਾਰੀ ਸਕੂਲਾਂ ਤੋਂ 10ਵੀਂ ਪਾਸ ਕਰਨ ਵਾਲਿਆਂ ਲਈ ਰਾਖਵੀਆਂ ਹੋਣਗੀਆਂ। ਸਰਕਾਰੀ ਸਕੂਲਾਂ ਵਿੱਚੋਂ 10ਵੀਂ ਪਾਸ ਲਈ 11794 ਸੀਟਾਂ ਲਈ ਮੈਰਿਟ ਸੂਚੀ ਤਿਆਰ ਕੀਤੀ ਜਾਵੇਗੀ। ਇਨ੍ਹਾਂ ਸੀਟਾਂ ਵਿੱਚੋਂ ਜਿਹੜੀਆਂ ਸੀਟਾਂ ਖਾਲੀ ਰਹਿਣਗੀਆਂ, ਉਨ੍ਹਾਂ ਨੂੰ ਚੰਡੀਗੜ੍ਹ ਦੇ ਪ੍ਰਾਈਵੇਟ ਸਕੂਲਾਂ, ਦੂਜੇ ਰਾਜਾਂ ਦੇ ਜਨਰਲ ਕੈਟਾਗਰੀ ਦੇ ਪਾਸ ਆਊਟ ਅਤੇ ਹੋਰ ਬੋਰਡਾਂ ਨੂੰ ਉਪਲਬਧ ਹੋਣਗੀਆਂ।
- 15% ਭਾਵ 2081 ਸੀਟਾਂ ਯੂਟੀ ਦੇ ਪ੍ਰਾਈਵੇਟ ਸਕੂਲਾਂ ਦੇ ਪਾਸ ਆਊਟ + ਦੂਜੇ ਰਾਜਾਂ ਅਤੇ ਹੋਰ ਬੋਰਡਾਂ ਦੇ ਵਿਦਿਆਰਥੀਆਂ ਲਈ ਰਾਖਵੀਆਂ ਹੋਣਗੀਆਂ।
- ਇਹ ਸੀਟਾਂ ਯੂਟੀ + ਦੂਜੇ ਰਾਜਾਂ ਅਤੇ ਬੋਰਡਾਂ ਦੇ ਪ੍ਰਾਈਵੇਟ ਸਕੂਲਾਂ ਦੀ ਮੈਰਿਟ ਸੂਚੀ ਦੇ ਆਧਾਰ ‘ਤੇ ਭਰੀਆਂ ਜਾਣਗੀਆਂ।
- ਰਾਖਵੀਂ ਸ਼੍ਰੇਣੀ ਦੀਆਂ ਖਾਲੀ ਸੀਟਾਂ ਨੂੰ ਜਨਰਲ ਵਰਗ ਵਿੱਚ ਤਬਦੀਲ ਕੀਤਾ ਜਾਵੇਗਾ।
- ਪ੍ਰਾਸਪੈਕਟਸ ਅਤੇ ਫਾਰਮ CBSE 10ਵੀਂ ਦੇ ਨਤੀਜੇ ਤੋਂ ਬਾਅਦ ਉਪਲਬਧ ਹੋਣਗੇ
ਦਾਖਲਾ ਲੈਣ ਲਈ ਜ਼ਰੂਰੀ ਗੱਲਾਂ
ਦਾਖਲਾ ਪ੍ਰਕਿਰਿਆ ਨੈਸ਼ਨਲ ਇੰਸਟੀਚਿਊਟ ਆਫ ਇਲੈਕਟ੍ਰੋਨਿਕਸ ਐਂਡ ਇਨਫਰਮੇਸ਼ਨ ਟੈਕਨਾਲੋਜੀ ਦੁਆਰਾ ਸੰਭਾਲੀ ਜਾਵੇਗੀ। CBSE 10ਵੀਂ ਦੇ ਨਤੀਜੇ ਦੇ ਐਲਾਨ ਤੋਂ ਬਾਅਦ ਪ੍ਰਾਸਪੈਕਟਸ ਅਤੇ ਫਾਰਮ www.chdeducation.gov.in ‘ਤੇ ਉਪਲਬਧ ਹੋਣਗੇ। 200 ਰੁਪਏ ਰਜਿਸਟ੍ਰੇਸ਼ਨ ਫੀਸ ਹੋਵੇਗੀ। 2023-24 ਦੇ ਦਾਖਲਿਆਂ ਲਈ ਅਸਥਾਈ ਸ਼ਡਿਊਲ ਦੇ ਮੁਤਾਬਕ, ਪਹਿਲੀ ਕਾਉਂਸਲਿੰਗ 10ਵੀਂ ਦੇ ਨਤੀਜੇ ਦੇ ਐਲਾਨ ਤੋਂ 7 ਦਿਨਾਂ ਬਾਅਦ ਆਨਲਾਈਨ ਹੋਵੇਗੀ। ਦੂਸਰੀ ਅਤੇ ਤੀਜੀ ਕਾਉਂਸਲਿੰਗ ਤਾਂ ਹੀ ਕੀਤੀ ਜਾਵੇਗੀ ਜੇਕਰ ਲੋੜ ਹੋਵੇਗੀ। ਕੰਪਾਰਟਮੈਂਟ ਪ੍ਰੀਖਿਆ ਪਾਸ ਕਰਨ ਦੇ ਅਧੀਨ ਕੰਪਾਰਟਮੈਂਟ ਉਮੀਦਵਾਰਾਂ ਨੂੰ ਆਰਜ਼ੀ ਦਾਖਲਾ ਦਿੱਤਾ ਜਾਵੇਗਾ।
ਦਾਖਲਾ ਮੈਰਿਟ ਦੀ ਤਿਆਰੀ
ਮੈਰਿਟ ਸੂਚੀ ਅੰਗਰੇਜ਼ੀ, ਗਣਿਤ, ਵਿਗਿਆਨ, ਸਮਾਜਿਕ ਵਿਗਿਆਨ ਅਤੇ ਭਾਸ਼ਾ-2 ਵਿੱਚ ਅੰਕਾਂ ਦੇ ਆਧਾਰ ‘ਤੇ ਬਣਾਈ ਜਾਵੇਗੀ। ਜੇਕਰ ਉਮੀਦਵਾਰ ਨੇ 10ਵੀਂ ਵਿੱਚ ਇੱਕ ਤੋਂ ਵੱਧ ਭਾਸ਼ਾਵਾਂ (ਅੰਗਰੇਜ਼ੀ ਤੋਂ ਇਲਾਵਾ) ਦੀ ਚੋਣ ਕੀਤੀ ਹੈ, ਤਾਂ ਭਾਸ਼ਾ-2 ਦੀ ਬਜਾਏ ਜਿਸ ਭਾਸ਼ਾ ਵਿੱਚ ਉਮੀਦਵਾਰ ਨੇ ਵੱਧ ਅੰਕ ਪ੍ਰਾਪਤ ਕੀਤੇ ਹਨ, ਉਸ ਭਾਸ਼ਾ ਨੂੰ ਮੰਨਿਆ ਜਾਵੇਗਾ।
ਜੇਕਰ ਸਕੂਲ ਬੋਰਡ ਵੱਲੋਂ ਭਾਸ਼ਾ-2 ਦੀ ਪੇਸ਼ਕਸ਼ ਨਹੀਂ ਕੀਤੀ ਜਾਂਦੀ ਹੈ, ਤਾਂ ਹੋਰ ਵਿਸ਼ਿਆਂ ਵਿੱਚ ਪ੍ਰਾਪਤ ਅੰਕਾਂ ਨੂੰ ਮੰਨਿਆ ਜਾਵੇਗਾ। ਓਪਨ ਸਕੂਲ ਪ੍ਰੀਖਿਆ ਦੇ ਮਾਮਲੇ ਵਿੱਚ, 5 ਵਿਸ਼ਿਆਂ ਦੇ ਆਧਾਰ ‘ਤੇ ਉਮੀਦਵਾਰ ਨੂੰ ਸਫਲ ਐਲਾਨਿਆ ਜਾਵੇਗਾ ਅਤੇ ਦਾਖਲੇ ਲਈ ਵਿਚਾਰ ਕੀਤਾ ਜਾਵੇਗਾ।