‘ਦ ਖ਼ਾਲਸ ਬਿਊਰੋ ( ਬਰਨਾਲਾ ) :- ਪੰਜਾਬ ਦੀ ਖੇਤੀ ਅਤੇ ਕਿਸਾਨੀ ਜੀਵਨ ਨੂੰ ਬਚਾਉਣ ਲਈ ਦੇਸ਼ ਭਰ ਦੇ ਕਿਸਾਨ ਕੇਂਦਰ ਖਿਲਾਫ ਸੰਘਰਸ਼ ਕਰ ਰਹੇ ਹਨ। ਲਗਾਤਾਰ 29 ਦਿਨਾਂ ਤੋਂ ਚੱਲ ਰਹੇ ਪੰਜਾਬ ਤੇ ਪੂਰੇ ਦੇਸ਼ ਦੇ ਕਿਸਾਨਾਂ ਵਲੋਂ ਦਿੱਲੀ ਦੀਆਂ ਹੱਦਾਂ ’ਤੇ ਡੇਰੇ ਲਗਾਏ ਹੋਏ ਹਨ। ਉੱਥੇ ਹੀ ਪੰਜਾਬ ਵਿੱਚ ਵੀ ਕਿਸਾਨਾਂ ਦੇ 85 ਦਿਨਾਂ ਤੋਂ ਪੱਕੇ ਕਿਸਾਨ ਅੰਦੋਲਨ ਦੇ ਧਰਨੇ ਜਾਰੀ ਹਨ।
ਕਿਸਾਨ ਅੰਦੋਲਨ ਦੇ ਤਹਿਤ ਕਿਸਾਨਾਂ ਵਲੋਂ ਕਿਸਾਨ ਜੱਥੇਬੰਦੀਆਂ ਦੇ ਸੱਦੇ ਤਹਿਤ ਲਗਾਤਾਰ ਭੁੱਖ ਹੜਤਾਲ ਜਾਰੀ ਹੈ। ਰੋਜ਼ਾਨਾ ਕਿਸਾਨ ਆਪਣੀ ਵਾਰੀ ਅਨੁਸਾਰ ਭੁੱਖ ਹੜਤਾਲ ਰੱਖ ਕੇ ਖੇਤੀ ਕਾਨੂੰਨਾਂ ਵਿਰੁੱਧ ਆਪਣਾ ਰੋਸ ਜਤਾ ਰਹੇ ਹਨ। ਬਰਨਾਲਾ ਦੇ ਰੇਲਵੇ ਸਟੇਸ਼ਟ ’ਤੇ ਲਗਾਤਾਰ ਚੌਥੇ ਦਿਨ 12 ਕਿਸਾਨ ਔਰਤਾਂ ਵਲੋਂ ਭੁੱਖ ਹੜਤਾਲ ਰੱਖੀ ਗਈ। ਭੁੱਖ ਹੜਤਾਲ ਰੱਖਣ ਵਾਲੀਆਂ ਔਰਤਾਂ ਵਿੱਚ 80 ਸਾਲਾ ਬਜ਼ੁਰਗ ਔਰਤ ਅਤੇ 17 ਸਾਲਾ ਲੜਕੀ ਵੀ ਸ਼ਾਮਲ ਹੈ।
ਖੇਤੀ ਕਾਨੂੰਨ : 80 ਸਾਲਾ ਬਜ਼ੁਰਗ ਔਰਤ ਵੀ ਭੁੱਖ ਹੜਤਾਲ ਉਤੇ ਬੈਠੀ
ਇਸ ਮੌਕੇ ਭੁੱਖ ਹੜਤਾਲ ਕਰਨ ਵਾਲੀਆਂ ਕਿਸਾਨ ਔਰਤਾਂ ਅਮਰਜੀਤ ਕੌਰ, (80 ਸਾਲਾ ਬਜ਼ੁਰਗ ਔਰਤ) ਪਰਮਿੰਦਰ ਕੌਰ (17 ਸਾਲਾ ਲੜਕੀ) ਨੇ ਕਿਹਾ ਕਿ ਸਾਡੀ ਉਮਰ ਭਾਵੇਂ ਭੁੱਖ ਹੜਤਾਲ ਕਰਨ ਦੀ ਨਹੀਂ ਹੈ, ਪਰ ਅਸੀਂ ਭੁੱਖ ਹੜਤਾਲ ਕਰਕੇ ਆਪਣੇ ਬੱਚਿਆਂ ਦਾ ਭਵਿੱਖ ਬਚਾ ਰਹੇ ਹਾਂ। ਲਗਾਤਾਰ ਉਹਨਾਂ ਦੇ ਕਿਸਾਨ ਭਰਾ, ਰਿਸ਼ਤੇਦਾਰ, ਭੈਣ ਅਤੇ ਭਰਾ ਖੇਤੀ ਕਾਨੂੰਨਾਂ ਵਿਰੁੱਧ ਕੜਾਕੇ ਦੀ ਠੰਢ ਵਿੱਚ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਦਿੱਲੀ ਦੀਆਂ ਸੜਕਾਂ ’ਤੇ ਰਾਤਾਂ ਗੁਜ਼ਾਰ ਰਹੇ ਹਨ। ਪਰ ਕੇਂਦਰ ਸਰਕਾਰ ਦੇ ਕੰਨ ’ਤੇ ਜੂੰ ਨਹੀਂ ਸਰਕ ਰਹੀ।
ਸਰਕਾਰ ਲਗਾਤਾਰ ਇਹਨਾਂ ਕਾਨੂੰਨ ਨੂੰ ਕਿਸਾਨਾਂ ਦੇ ਪੱਖ ਵਿੱਚ ਦੱਸ ਰਹੀ ਹੈ। ਉਹਨਾਂ ਕਿਹਾ ਕਿ ਸਾਰੇ ਦੇਸ਼ ਦਾ ਅੰਨਦਾਤਾ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣਾ ਚਾਹੁੰਦਾ ਹੈ, ਜਿਸ ਕਰਕੇ ਕੇਂਦਰ ਸਰਕਾਰ ਨੂੰ ਆਪਣੀ ਜ਼ਿੱਦ ਛੱਡ ਕੇ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ।