ਫਰੀਦਾਬਾਦ : ਅੱਜ ਕੱਲ੍ਹ ਸਾਈਬਰ ਧੋਖਾਧੜੀ ਆਮ ਗੱਲ ਹੋ ਗਈ ਹੈ। ਰੋਜ਼ਾਨਾਂ ਲੋਕਾਂ ਨੂੰ ਰਗੜਾ ਲੱਗ ਰਿਹਾ ਹੈ ਅਤੇ ਪੈਸਿਆਂ ਦੀ ਰਿਕਬਰੀ ਕਰਨਾ ਹੀ ਬਹੁਤ ਔਖਾ ਹੁੰਦਾ ਹੈ। ਅਜਿਹਾ ਹੀ ਇੱਕ ਮਾਮਲਾ ਹਰਿਆਣਾ ਦੇ ਫਰੀਦਾਬਾਦ ਤੋਂ ਸਾਹਮਣੇ ਆਇਆ ਹੈ, ਜਿੱਥੇ ਪੈਸੇ ਦੁੱਗਣੇ ਕਰਨ ਦੇ ਨਾਂ ‘ਤੇ ਇੱਕ ਬਜ਼ੁਰਗ ਨਾਲ 80 ਲੱਖ ਰੁਪਏ ਦੀ ਠੱਗੀ ਵੱਜੀ।
ਜਾਣਕਾਰੀ ਅਨੁਸਾਰ ਪੈਸੇ ਦੁੱਗਣੇ ਕਰਨ ਦੇ ਨਾਂ ‘ਤੇ 91 ਸਾਲਾ ਵਿਅਕਤੀ ਨਾਲ 80.43 ਲੱਖ ਰੁਪਏ ਦੀ ਸਾਈਬਰ ਧੋਖਾਧੜੀ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਫਰੀਦਾਬਾਦ ਵਿੱਚ ਕੇਂਦਰੀ ਸਾਈਬਰ ਪੁਲਿਸ ਸਟੇਸ਼ਨ ਨੇ ਇਕ ਅਜਿਹੇ ਗਰੋਹ ਦਾ ਪਰਦਾਫਾਸ਼ ਕੀਤਾ ਹੈ, ਜੋ ਪੈਸੇ ਦੁੱਗਣੇ ਕਰਨ ਦੇ ਨਾਂ ‘ਤੇ ਠੱਗੀ ਮਾਰਦਾ ਸੀ। ਫਿਰ ਪੈਸੇ ਵਾਪਸ ਦਿਵਾਉਣ ਦੇ ਨਾਂ ‘ਤੇ ਪੈਸੇ ਲੈ ਲੈਂਦਾ ਸੀ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ‘ਚੋਂ 8 ਮੋਬਾਈਲ ਫ਼ੋਨ, 11 ਸਿਮ ਕਾਰਡ ਅਤੇ 140000 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ।
ਫਰੀਦਾਬਾਦ ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ 11 ਅਪ੍ਰੈਲ 2023 ਨੂੰ ਮਾਮਲਾ ਦਰਜ ਕੀਤਾ ਸੀ। ਇੰਡੀਅਨ ਆਇਲ ਦੇ ਇੱਕ 91 ਸਾਲਾ ਸੇਵਾਮੁਕਤ ਬਜ਼ੁਰਗ ਨੇ ਸ਼ਿਕਾਇਤ ਕੀਤੀ ਹੈ ਕਿ 2021 ਤੋਂ 2023 ਦਰਮਿਆਨ ਉਸ ਤੋਂ 80.43 ਲੱਖ ਰੁਪਏ ਲੁੱਟੇ ਗਏ ਸਨ। ਜਦੋਂ ਉਸ ਨੂੰ ਧੋਖਾਧੜੀ ਦਾ ਪਤਾ ਲੱਗਾ ਤਾਂ ਉਸ ਨੇ ਥਾਣੇ ਪਹੁੰਚ ਕੇ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ‘ਚ ਪਹਿਲਾਂ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਫਿਰ ਉਨ੍ਹਾਂ ਤੋਂ ਮਿਲੀ ਸੂਚਨਾ ਦੇ ਆਧਾਰ ‘ਤੇ ਦੋ ਹੋਰਾਂ ਨੂੰ ਗ੍ਰਿਫਤਾਰ ਕੀਤਾ। ਪੁਲਿਸ ਮੁਤਾਬਕ ਮੁਲਜ਼ਮ ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਠੱਗੀ ਮਾਰਦੇ ਸਨ।
ਮੁਲਜ਼ਮ ਪੀੜਤ ਨੂੰ ਸੇਬੀ, ਆਰਬੀਆਈ, ਇਨਕਮ ਟੈਕਸ ਵਿਭਾਗ ਅਤੇ ਬੈਂਕ ਖਾਤੇ ਦੇ ਜਾਅਲੀ ਦਸਤਾਵੇਜ਼ ਵਟਸਐਪ ‘ਤੇ ਭੇਜਦਾ ਸੀ, ਜਿਸ ਵਿੱਚ ਉਹ ਪਹਿਲਾਂ ਵੀ ਕਈ ਲੋਕਾਂ ਦੇ ਪੈਸੇ ਦੁੱਗਣੇ ਕਰਨ ਦੀ ਗੱਲ ਕਰਦਾ ਸੀ। ਵਿਅਕਤੀ ਥੋੜ੍ਹੇ ਸਮੇਂ ਵਿੱਚ ਦੁੱਗਣੇ ਪੈਸੇ ਲੈਣ ਦੇ ਲਾਲਚ ਵਿੱਚ ਫਸ ਜਾਂਦਾ ਸੀ ਅਤੇ ਫਿਰ ਆਪਣੀ ਉਮਰ ਭਰ ਦੀ ਪੂੰਜੀ ਇਨ੍ਹਾਂ ਸਾਈਬਰ ਠੱਗਾਂ ਨੂੰ ਦੇ ਦਿੰਦਾ ਸੀ। ਫਿਲਹਾਲ ਪੁਲਿਸ ਇਨ੍ਹਾਂ ਸਾਰੇ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ, ਤਾਂ ਜੋ ਪਤਾ ਲੱਗ ਸਕੇ ਕਿ ਕਿੱਥੇ ਅਤੇ ਕਿੰਨੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਗਿਆ ਹੈ।