SBI ਬੈਂਕ ਵਿੱਚ ਚੋਰੀ ਦੀ ਵਾਰਦਾਤ
‘ਦ ਖ਼ਾਲਸ ਬਿਊਰੋ : ਪਟਿਆਲਾ ਦੀ ਇੱਕ SBI ਬਰਾਂਚ ਤੋਂ ਹੈਰਾਨ ਕਰਨ ਵਾਲੀ ਵਾਰਦਾਤ ਸਾਹਮਣੇ ਆਈ ਹੈ । ਬੈਂਕ ਤੋਂ 8 ਸਾਲ ਦਾ ਬੱਚਾ 35 ਲੱਖ ਚੋਰੀ ਕਰਕੇ ਫਰਾਰ ਹੋ ਗਿਆ ਹੈ। ਇਹ ਵਾਰਦਾਤ SBI ਦੀ ਸ਼ੇਰਾਵਾਲਾ ਗੇਟ ਦੀ ਬਰਾਂਚ ਵਿੱਚ ਹੋਈ ਹੈ। ਬੈਂਕ ਦੇ ਮੁਲਾਜ਼ਮਾਂ ਮੁਤਾਬਿਕ ਇਹ ਵਾਰਦਾਤ ਉਸ ਵੇਲੇ ਹੋਈ ਜਦੋਂ ਕੈਸ਼ ਵੈਨ ATM ਵਿੱਚ ਪੈਸੇ ਭਰਨ ਪਹੁੰਚੀ। CCTV ਫੁੱਟੇਜ ਤੋਂ ਸਾਹਮਣੇ ਆਇਆ ਹੈ ਕਿ ਜਿਸ ਵੇਲੇ ਕੈਸ਼ ਵੈਨ ਪਹੁੰਚੀ ਸੀ ਬੱਚਾ ਕੈਸ਼ ਦੇ ਆਲੇ ਦੁਆਲੇ ਹੀ ਸੀ ਅਤੇ ਬੈਗ ਲੈ ਕੇ ਭੱਜਣ ਦੀ ਫਿਰਾਕ ਵਿੱਚ ਹੀ ਸੀ। ਉਸ ਦੇ ਨਾਲ ਇੱਕ ਸ਼ਖ਼ਸ ਵੀ ਦੱਸਿਆ ਜਾ ਰਿਹਾ ਹੈ। ਪੁਲਿਸ ਨੂੰ ਸ਼ੱਕ ਹੈ ਇਸ ਪੂਰੀ ਵਾਰਦਾਤ ਵਿੱਚ ਬੈਂਕ ਦੇ ਅੰਦਰ ਦਾ ਕੋਈ ਮੁਲਾਜ਼ ਵੀ ਮਿਲਿਆ ਹੋ ਸਕਦਾ ਹੈ ਅਤੇ ਪੂਰੀ ਰੇਕੀ ਅਤੇ ਪਲੈਨਿੰਗ ਦੇ ਨਾਲ ਚੋਰੀ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।
ਪੁਲਿਸ ਦੀ ਫੋਰੈਂਸਿਕ ਟੀਮ ਜਾਂਚ ਦੇ ਲਈ ਪਹੁੰਚ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸੇ ਇਲਾਕੇ ਵਿੱਚ ਪੁਲਿਸ ਦਾ ਜਾਲ ਵਿਛਿਆ ਰਹਿੰਦਾ ਹੈ। ਬੈਂਕ ਦੇ ਸਾਹਮਣੇ ਟਰੈਫਿਕ ਪੁਲਿਸ ਦਾ ਦਫ਼ਤਰ ਹੈ ਅਤੇ ਕਾਲੀ ਮਾਤਾ ਦਾ ਮੰਦਰ ਵੀ ਬੈਕ ਦੇ ਨਾਲ ਹੀ ਲੱਗਦਾ ਹੈ। ਮੰਦਰ ਦੀ ਸੁਰੱਖਿਆ ਵਿੱਚ ਵੱਡੇ ਪੱਧਰ ‘ਤੇ ਸੁਰੱਖਿਆ ਤੈਨਾਤ ਰਹਿੰਦੀ ਹੈ ਇਸ ਦੇ ਬਾਵਜੂਦ ਆਖਿਰ ਕਿਵੇਂ ਬੱਚਾ 35 ਲੱਖ ਲੈ ਕੇ ਫਰਾਰ ਹੋ ਗਿਆ ਇਹ ਵੱਡਾ ਸਵਾਲ, ਉਧਰ ਪਟਿਆਲਾ ਦੇ SSP ਦੀਪਕ ਪਰੀਕ ਨੇ ਮੁਲਜ਼ਮਾਂ ਨੂੰ ਫੜਨ ਦੇ ਲਈ ਇੱਕ ਟੀਮ ਵੀ ਬਣਾ ਦਿੱਤੀ ਗਈ ਹੈ ਪਰ ਇਹ ਪੂਰੀ ਵਾਰਦਾਤ ਬੈਂਕ ਸੁਰੱਖਿਆ ਤੇ ਮੁਲਾਜ਼ਮਾਂ ਦੀ ਲਾਪਰਵਾਈ ‘ਤੇ ਵੱਡੇ ਸਵਾਲ ਜ਼ਰੂਰ ਖੜੇ ਕਰ ਰਹੀ ਹੈ
ਬੈਂਕ ਦੀ ਸੁਰੱਖਿਆ ‘ਤੇ ਸਵਾਲ
ਪਟਿਆਲਾ ਦੇ SBI ਬੈਂਕ ਵਿੱਚ ਜਿਸ ਤਰ੍ਹਾਂ ਨਾਲ 8 ਸਾਲ ਦਾ ਬੱਚਾ 35 ਲੱਖ ਲੈ ਕੇ ਫਰਾਰ ਹੋਇਆ । ਉਹ ਕਈ ਸਵਾਲ ਜ਼ਰੂਰ ਖੜੇ ਕਰ ਰਿਹਾ ਹੈ, ਆਖਿਰ ਬੈਂਕ ਵਿੱਚ ਮੌਜੂਦ ਗਾਰਡ ਕਿੱਥੇ ਸੀ ? ਕੈਸ਼ ਵੈਨ ਦੇ ਨਾਲ ਵੀ ਸੁਰੱਖਿਆ ਗਾਰਡ ਹੁੰਦੇ ਹਨ ਆਖਿਰ ਉਹ ਕੀ ਕਰ ਰਹੇ ਸਨ ? ATM ਵਿੱਚ ਕੈਸ਼ ਭਰਨ ਵੇਲੇ ਬੈਂਕ ਮੁਲਾਜ਼ਮ ਵੀ ਨਾਲ ਹੁੰਦਾ ਹੈ ਉਹ ਕਿੱਥੇ ਸੀ ? ਉਸ ਦੀ ਲਾਪਰਵਾਈ ਵੀ ਸਵਾਲਾਂ ਦੇ ਘੇਰੇ ਵਿੱਚ ਹੈ ? ਇਹ ਵਾਰਦਾਤ ਬੱਚਾ ਇਕੱਲੇ ਨਹੀਂ ਅੰਜਾਮ ਦੇ ਸਕਦਾ ਹੈ ਇਸ ਦੇ ਪਿੱਛੇ ਕੋਈ ਗੈਂ ਗ ਕੰਮ ਕਰ ਰਿਹਾ ਸੀ ? ਬੱਚੇ ਨੂੰ ਮੋਹਰਾ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਪੂਰੀ ਰੇਕੀ ਕੀਤੀ ਗਈ, ਕੀ ਇਸ ਪੂਰੀ ਵਾਰਦਾਤ ਵਿੱਚ ਕੋਈ ਬੈਂਕ ਜਾਂ ਕੈਸ਼ ਵੈਨ ਦਾ ਮੁਲਾਜ਼ਮ ਤਾਂ ਸ਼ਾਮਲ ਨਹੀਂ ਮਿਲਿਆ ਹੋਇਆ ਹੈ ? ਕਿਉਂਕਿ ਮਿਲੀ ਭੁਗਤ ਦੇ ਬਿਨਾਂ ਦਿਨ-ਦਿਹਾੜੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਨਹੀਂ ਦਿੱਤਾ ਜਾ ਸਕਦਾ ਹੈ ਇਹ ਉਹ ਸਵਾਲ ਨੇ ਜਿਸ ਦੇ ਜਵਾਬ ਤੋਂ ਬਾਅਦ ਹੀ ਇਸ ਵਾਰਦਾਤ ਤੋਂ ਪਰਦਾ ਉੱਠੇਗਾ।