8 ਪੋਹ ਦਾ ਦਿਨ ਸਿੱਖ ਇਤਿਹਾਸ ਵਿਚ ਬਹੁਤ ਅਹਿਮੀਅਤ ਰੱਖਦਾ ਹੈ। ਇਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ (ਉਮਰ 17 ਸਾਲ) ਅਤੇ ਬਾਬਾ ਜੁਝਾਰ ਸਿੰਘ ਜੀ (ਉਮਰ 14 ਸਾਲ) ਨੇ ਮੁਗਲਾਂ ਨਾਲ ਚਮਕੌਰ ਦੀ ਜੰਗ ਵਿਚ ਜੂਝਦਿਆਂ ਸ਼ਹਾਦਤ ਪ੍ਰਾਪਤ ਕੀਤੀ ਸੀ।
ਚਮਕੌਰ ਸਾਹਿਬ ਦੀ ਜੰਗ ਦੇ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਤਿੰਨ ਰੋਜ਼ਾ ਸ਼ਹੀਦੀ ਸਮਾਗਮ ਦੇ ਦੂਜੇ ਦਿਨ ਡੇਢ ਲੱਖ ਦੇ ਕਰੀਬ ਸੰਗਤ ਨੇ ਹਾਜ਼ਰੀ ਭਰੀ। ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਮੈਨੇਜਰ ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਸੰਗਤ ਨੇ ਗੁਰਦੁਆਰਾ ਕਤਲਗੜ੍ਹ ਸਾਹਿਬ, ਗੁਰਦੁਆਰਾ ਗੜ੍ਹੀ ਸਾਹਿਬ, ਗੁਰਦੁਆਰਾ ਦਮਦਮਾ ਸਾਹਿਬ, ਗੁਰਦੁਆਰਾ ਰਣਜੀਤਗੜ੍ਹ ਸਾਹਿਬ, ਗੁਰਦੁਆਰਾ ਤਾੜੀ ਸਾਹਿਬ ਅਤੇ ਸ਼ਹੀਦ ਬੁਰਜ ਭਾਈ ਜੈਤਾ ਜੀ ਵਿਖੇ ਮੱਥਾ ਟੇਕਿਆ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਮਾਗਮ ਦੌਰਾਨ ਵੱਖ-ਵੱਖ ਰਾਗੀ, ਢਾਡੀ ਅਤੇ ਕੀਰਤਨੀ ਜਥਿਆਂ ਨੇ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ।
ਗੁਰੂ ਗੋਬਿੰਦ ਸਿੰਘ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਸਜਾਇਆ ਗਿਆ ਸਫ਼ਰ-ਏ-ਸ਼ਹਾਦਤ ਘੋੜਸਵਾਰ ਮਾਰਚ ਸਿਰਸਾ ਨਦੀ ਨੂੰ ਪਾਰ ਕਰਨ ਉਪਰੰਤ ਵੱਖ-ਵੱਖ ਪਿੰਡਾਂ ਵਿਚੋਂ ਦੀ ਹੁੰਦਾ ਹੋਇਆ ਸ੍ਰੀ ਚਮਕੌਰ ਸਾਹਿਬ ਵਿਖੇ ਪੁੱਜ ਕੇ ਸਮਾਪਤ ਹੋਇਆ।
ਇਸੇ ਤਰ੍ਹਾਂ ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰ ਕੌਰ ਜੀ ਦੀ ਯਾਦ ਵਿੱਚ ਸਜਾਇਆ ਗਿਆ ਬੀਬੀਆਂ ਦਾ ਪੈਦਲ ਮਾਰਚ ਸਿਰਸਾ ਨਦੀ ਪਾਰ ਕਰਨ ਉਪਰੰਤ ਗੁਰੂ ਕੇ ਮਹਿਲ ਉੱਚਾ ਖੇੜਾ ਰੂਪਨਗਰ ਵਿਖੇ ਪੁੱਜ ਕੇ ਸੰਪੰਨ ਹੋਇਆ। ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਸਜਾਇਆ ਨਗਰ ਕੀਰਤਨ ਸਿਰਸਾ ਨਦੀ ਪਾਰ ਕਰਨ ਉਪਰੰਤ ਯਾਦਗਾਰ ਛੰਨ ਕੁੰਮਾ ਮਾਸਕੀ ਚੱਕ ਢੇਰਾਂ ਵਿਖੇ ਪੁੱਜ ਕੇ ਸੰਪੂਰਨ ਹੋਇਆ।