ਸਿੱਖ ਇਤਿਹਾਸ ਵਿੱਚ 8 ਪੋਹ (ਸੰਮਤ 1761 ਬਿਕ੍ਰਮੀ, ਅਨੁਮਾਨਤ ਗ੍ਰਿਗੋਰੀਅਨ ਕੈਲੰਡਰ ਮੁਤਾਬਕ 1704-1705 ਦੀ ਸਰਦ ਰੁੱਤ) ਦਾ ਦਿਨ ਬਹੁਤ ਮਹੱਤਵ ਰੱਖਦਾ ਹੈ। ਇਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ (ਉਮਰ 17-18 ਸਾਲ) ਅਤੇ ਬਾਬਾ ਜੁਝਾਰ ਸਿੰਘ ਜੀ (ਉਮਰ 13-14 ਸਾਲ) ਨੇ ਚਮਕੌਰ ਦੀ ਗੜ੍ਹੀ ਵਿੱਚ ਮੁਗਲ ਫ਼ੌਜ ਨਾਲ ਘਮਸਾਣ ਯੁੱਧ ਲੜਦਿਆਂ ਸ਼ਹਾਦਤ ਪ੍ਰਾਪਤ ਕੀਤੀ।
ਇਹ ਸਿੱਖ ਧਰਮ ਦੀ ਅਮਰ ਗਾਥਾ ਦਾ ਹਿੱਸਾ ਹੈ, ਜਿਸ ਵਿੱਚ ਥੋੜ੍ਹੇ ਜਿਹੇ ਸਿੱਖਾਂ ਨੇ ਲੱਖਾਂ ਦੀ ਫ਼ੌਜ ਨੂੰ ਟੱਕਰ ਦਿੱਤੀ ਅਤੇ ਧਰਮ ਲਈ ਜਾਨ ਵਾਰ ਦਿੱਤੀ। ਇਸ ਘਟਨਾ ਦੀ ਪਿਛੋਕੜ ਅਨੰਦਪੁਰ ਸਾਹਿਬ ਦੇ ਲੰਬੇ ਘੇਰੇ ਤੋਂ ਸ਼ੁਰੂ ਹੁੰਦਾ ਹੈ। ਸੰਨ 1704 ਵਿੱਚ ਮੁਗਲ ਫ਼ੌਜਾਂ ਅਤੇ ਪਹਾੜੀ ਰਾਜਿਆਂ ਨੇ ਮਿਲ ਕੇ ਅਨੰਦਪੁਰ ਸਾਹਿਬ ਨੂੰ ਮਹੀਨਿਆਂ ਤੱਕ ਘੇਰਾ ਪਾਈ ਰੱਖਿਆ। ਗੁਰੂ ਜੀ ਅਤੇ ਸਿੰਘਾਂ ਨੇ ਡਟ ਕੇ ਮੁਕਾਬਲਾ ਕੀਤਾ, ਪਰ ਆਖਰ ਔਰੰਗਜ਼ੇਬ ਵੱਲੋਂ ਕੁਰਾਨ ਅਤੇ ਪਹਾੜੀ ਰਾਜਿਆਂ ਵੱਲੋਂ ਗਊ ਦੀ ਸੌਂਹ ਖਾ ਕੇ ਗੁਰੂ ਜੀ ਅਤੇ ਸਿੱਖਾਂ ਦੀ ਸੁਰੱਖਿਅਤ ਨਿਕਾਸੀ ਦਾ ਵਾਅਦਾ ਕੀਤਾ ਗਿਆ।
ਗੁਰੂ ਜੀ ਨੇ ਸਿੱਖਾਂ ਦੇ ਜ਼ੋਰ ਪਾਉਣ ‘ਤੇ 5-6 ਪੋਹ ਦੀ ਰਾਤ ਨੂੰ ਅਨੰਦਪੁਰ ਛੱਡ ਦਿੱਤਾ। ਪਰ ਵਾਅਦਾ ਤੋੜ ਕੇ ਮੁਗਲਾਂ ਨੇ ਪਿੱਛਾ ਕੀਤਾ। ਸਰਸਾ ਨਦੀ ਦੇ ਵਹਿੰਦੇ ਪਾਣੀ ਵਿੱਚ ਪਰਿਵਾਰ ਵਿਛੜ ਗਿਆ। ਗੁਰੂ ਜੀ ਨਾਲ ਵੱਡੇ ਸਾਹਿਬਜ਼ਾਦੇ ਅਤੇ ਲਗਭਗ 40 ਸਿੰਘ ਰਹਿ ਗਏ, ਜਦਕਿ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ (ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ) ਗੁਰੂ ਘਰ ਦੇ ਰਸੋਈਏ ਗੰਗੂ ਬ੍ਰਾਹਮਣ ਨਾਲ ਚਲੇ ਗਏ।
ਗੁਰੂ ਜੀ ਅਤੇ ਉਨ੍ਹਾਂ ਨਾਲ ਰਹੇ ਸਿੰਘ ਚਮਕੌਰ ਪਹੁੰਚੇ, ਜਿੱਥੇ ਇੱਕ ਕੱਚੀ ਗੜ੍ਹੀ (ਮਿੱਟੀ ਦੀਆਂ ਉੱਚੀਆਂ ਕੰਧਾਂ ਵਾਲੀ ਹਵੇਲੀ) ਵਿੱਚ ਉਹ ਟਿਕੇ। ਮੁਗਲ ਫ਼ੌਜ ਨੇ ਗੜ੍ਹੀ ਨੂੰ ਘੇਰ ਲਿਆ। ਫ਼ੌਜ ਦੀ ਗਿਣਤੀ ਲੱਖਾਂ ਵਿੱਚ ਸੀ, ਜਦਕਿ ਸਿੱਖ ਸਿਰਫ਼ 40-43 ਸਨ। ਇਸ ਅਸਾਵੀਂ ਜੰਗ ਵਿੱਚ ਸਿੱਖਾਂ ਨੇ ਬੇਮਿਸਾਲ ਬਹਾਦਰੀ ਵਿਖਾਈ। ਸਿੰਘ ਛੋਟੇ-ਛੋਟੇ ਜਥਿਆਂ ਵਿੱਚ ਬਾਹਰ ਨਿੱਕਲ ਕੇ ਲੜੇ ਅਤੇ ਸ਼ਹੀਦ ਹੋਏ। ਪੰਜ ਪਿਆਰਿਆਂ ਵਿੱਚੋਂ ਭਾਈ ਮੋਹਕਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ ਵੀ ਇਸ ਜੰਗ ਵਿੱਚ ਸ਼ਹੀਦ ਹੋਏ।
ਭਾਈ ਜੀਵਨ ਸਿੰਘ ਜੀ ਰੰਗਰੇਟਾ ਅਤੇ ਹੋਰ ਸਿੰਘਾਂ ਨੇ ਵੀ ਅਨੇਕਾਂ ਵੈਰੀ ਮਾਰ ਕੇ ਸ਼ਹਾਦਤ ਪ੍ਰਾਪਤ ਕੀਤੀ। ਜੰਗ ਦੇ ਅੱਧ ਵਿੱਚ ਬਾਬਾ ਅਜੀਤ ਸਿੰਘ ਜੀ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਜੰਗ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਗੁਰੂ ਜੀ ਨੇ ਪਿਆਰ ਨਾਲ ਆਸ਼ੀਰਵਾਦ ਦਿੱਤਾ ਅਤੇ ਆਪਣੇ ਹੱਥੀਂ ਸ਼ਸ਼ਤਰ ਸਜਾਏ।
ਬਾਬਾ ਅਜੀਤ ਸਿੰਘ ਜੀ ਪੰਜ ਸਿੰਘਾਂ ਨਾਲ ਬਾਹਰ ਨਿੱਕਲੇ। ਉਨ੍ਹਾਂ ਨੇ ਘੋੜੇ ਤੇ ਸਵਾਰ ਹੋ ਕੇ ਤਲਵਾਰ ਨਾਲ ਵੈਰੀਆਂ ਨੂੰ ਕੱਟ-ਕੱਟ ਕੇ ਮੈਦਾਨ ਸਾਫ਼ ਕੀਤਾ। ਅਨੇਕਾਂ ਮੁਗਲ ਸੈਨਿਕ ਮਾਰੇ ਗਏ। ਆਖਰ ਘੇਰਾ ਪੈਣ ਤੇ ਬਾਬਾ ਜੀ ਨੇ ਪੈਦਲ ਹੋ ਕੇ ਜੰਗ ਜਾਰੀ ਰੱਖੀ ਅਤੇ ਸ਼ਹਾਦਤ ਦਾ ਜਾਮ ਪੀ ਗਏ। ਗੁਰੂ ਜੀ ਨੇ ਉਨ੍ਹਾਂ ਦੀ ਸ਼ਹਾਦਤ ਤੇ ਵਾਹਿਗੁਰੂ ਦਾ ਧੰਨਵਾਦ ਕੀਤਾ ਅਤੇ ਜੈਕਾਰਾ ਲਗਾਇਆ।
ਵੱਡੇ ਭਰਾ ਦੀ ਸ਼ਹਾਦਤ ਦੇਖ ਕੇ ਬਾਬਾ ਜੁਝਾਰ ਸਿੰਘ ਜੀ ਨੂੰ ਵੀ ਜੰਗ ਵਿੱਚ ਜਾਣ ਦਾ ਚਾਅ ਚੜ੍ਹਿਆ।
ਉਨ੍ਹਾਂ ਨੇ ਬੇਨਤੀ ਕੀਤੀ ਅਤੇ ਗੁਰੂ ਜੀ ਨੇ ਇਜਾਜ਼ਤ ਦਿੱਤੀ। ਬਾਬਾ ਜੁਝਾਰ ਸਿੰਘ ਜੀ ਨੇ ਵੀ ਬੇਹੱਦ ਬਹਾਦਰੀ ਵਿਖਾਈ। ਉਹ ਭਾਈ ਹਿੰਮਤ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ ਨਾਲ ਬਾਹਰ ਨਿਕਲੇ। ਮੁਗਲਾਂ ਨੂੰ ਲੱਗਾ ਜਿਵੇਂ ਬਾਬਾ ਅਜੀਤ ਸਿੰਘ ਜੀ ਵਾਪਸ ਆ ਗਏ ਹੋਣ। ਬਾਬਾ ਜੀ ਨੇ ਵੀ ਅਨੇਕਾਂ ਵੈਰੀ ਮਾਰੇ ਅਤੇ ਸ਼ਹੀਦੀ ਪ੍ਰਪਾਤ ਕਰ ਗਏ। ਗੁਰੂ ਜੀ ਨੇ ਆਪਣੇ ਪੁੱਤਰਾਂ ਨੂੰ ਆਪਣੀਆਂ ਅੱਖੀਂ ਲੜਦੇ ਅਤੇ ਸ਼ਹੀਦ ਹੁੰਦੇ ਵੇਖਿਆ, ਪਰ ਚੜ੍ਹਦੀ ਕਲਾ ਵਿੱਚ ਰਹੇ ਅਤੇ ਅਕਾਲ ਪੁਰਖ਼ ਦਾ ਸ਼ੁਕਰਾਨਾ ਕੀਤਾ।
ਜੰਗ ਤੋਂ ਬਾਅਦ ਗੜ੍ਹੀ ਵਿੱਚ ਬਚੇ ਕੁਝ ਸਿੰਘਾਂ ਨੇ ਗੁਰੂ ਜੀ ਨੂੰ ਗੜ੍ਹੀ ਛੱਡਣ ਦੀ ਬੇਨਤੀ ਕੀਤੀ ਤੇ ਅਖ਼ੀਰ ਪੰਜ ਪਿਆਰਿਆਂ ਨੇ ਇਕੱਠੇ ਹੋ ਕੇ ਹੁਕਮ ਦਿੱਤਾ ਜਿਸ ਨੂੰ ਗੁਰੂ ਜੀ ਨੇ ਸਿਰ ਮੱਥੇ ਪ੍ਰਵਾਨ ਕੀਤਾ। ਰਾਤ ਨੂੰ ਤਾੜੀ ਮਾਰ ਕੇ ਗੁਰੂ ਜੀ ਗੜ੍ਹੀ ਤੋਂ ਨਿੱਕਲ ਗਏ। ਬਾਕੀ ਸਿੰਘ ਗੜ੍ਹੀ ਵਿੱਚ ਰਹਿ ਕੇ ਲੜਦੇ ਰਹੇ ਅਤੇ ਸ਼ਹੀਦ ਹੋਏ।
ਇਸੇ ਸਮੇਂ ਦੂਜੇ ਪਾਸੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਗੰਗੂ ਬ੍ਰਾਹਮਣ ਨਾਲ ਉਸ ਦੇ ਪਿੰਡ ਖੇੜੀ (ਸਹੇੜੀ) ਪਹੁੰਚੇ। ਗੰਗੂ ਨੇ ਰਾਤ ਨੂੰ ਮਾਤਾ ਜੀ ਦੀ ਸੋਨੇ ਦੀਆਂ ਮੋਹਰਾਂ ਵਾਲੀ ਥੈਲੀ ਚੋਰੀ ਕਰ ਲਈ ਅਤੇ ਲਾਲਚ ਵਿੱਚ ਆ ਕੇ ਮੁਗਲ ਅਧਿਕਾਰੀਆਂ ਨੂੰ ਸੂਚਨਾ ਦੇ ਦਿੱਤੀ। ਇਸ ਤਰ੍ਹਾਂ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਜੀ ਗ੍ਰਿਫ਼ਤਾਰ ਹੋ ਗਏ, ਜੋ ਬਾਅਦ ਵਿੱਚ ਸਰਹਿੰਦ ਵਿੱਚ ਸ਼ਹੀਦ ਹੋਏ।
ਚਮਕੌਰ ਦੀ ਜੰਗ ਸਿੱਖ ਇਤਿਹਾਸ ਦੀ ਸਭ ਤੋਂ ਅਸਾਵੀਂ ਅਤੇ ਪ੍ਰੇਰਨਾਦਾਇਕ ਲੜਾਈ ਹੈ।
ਜਿੱਥੇ 40 ਸਿੰਘਾਂ ਨੇ ਲੱਖਾਂ ਦੀ ਫ਼ੌਜ ਨਾਲ ਜੂਝ ਕੇ ਧਰਮ ਦੀ ਰਾਖੀ ਕੀਤੀ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਸਿੱਖਾਂ ਵਿੱਚ ਬਹਾਦਰੀ ਅਤੇ ਕੁਰਬਾਨੀ ਦੀ ਭਾਵਨਾ ਨੂੰ ਅਮਰ ਕਰ ਦਿੱਤਾ। ਗੁਰੂ ਜੀ ਨੇ ਇਸ ਘਟਨਾ ਨੂੰ ਜ਼ਫ਼ਰਨਾਮੇ ਵਿੱਚ ਬਿਆਨ ਕੀਤਾ ਅਤੇ ਔਰੰਗਜ਼ੇਬ ਦੀ ਬੇਈਮਾਨੀ ਦਾ ਜ਼ਿਕਰ ਕੀਤਾ। ਅੱਜ ਵੀ ਚਮਕੌਰ ਸਾਹਿਬ ਅਤੇ ਗੁਰਦੁਆਰਾ ਕਤਲਗੜ੍ਹ ਸਾਹਿਬ ਵਿੱਚ ਇਨ੍ਹਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ। ਇਹ ਇਤਿਹਾਸ ਸਾਨੂੰ ਸਿਖਾਉਂਦਾ ਹੈ ਕਿ ਧਰਮ ਲਈ ਕੁਰਬਾਨੀ ਅਤੇ ਚੜ੍ਹਦੀ ਕਲਾ ਵਿੱਚ ਰਹਿਣਾ ਹੀ ਸੱਚੀ ਜਿੱਤ ਹੈ।

