Punjab

ਯੂਟਿਊਬਰ ਰੋਜ਼ਰ ਸੰਧੂ ਦੇ ਘਰ ‘ਤੇ ਹੋਏ ਗ੍ਰਨੇਡ ਹਮਲੇ ‘ਚ 7ਵਾਂ ਦੋਸ਼ੀ ਚੰਡੀਗੜ੍ਹ ਹਵਾਈ ਅੱਡੇ ਤੋਂ ਗ੍ਰਿਫ਼ਤਾਰ

ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਵਿਚ ਵੱਡੀ ਸਫਲਤਾ ਪ੍ਰਾਪਤ ਕਰਦੇ ਹੋਏ, ਪੰਜਾਬ ਪੁਲਿਸ ਨੇ ਜਲੰਧਰ ਵਿਚ ਯੂਟਿਊਬਰ ਦੇ ਘਰ ‘ਤੇ ਹਮਲੇ ਦੇ ਮਾਮਲੇ ਵਿਚ ਇਕ ਹੋਰ ਗ੍ਰਿਫ਼ਤਾਰੀ ਕੀਤੀ ਹੈ।

ਦਿਹਾਤੀ ਪੁਲਿਸ ਦੇ ਸੀਆਈਏ ਸਟਾਫ ਦੇ ਇੰਚਾਰਜ ਪੁਸ਼ਪ ਬਾਲੀ ਨੇ ਆਪਣੀ ਟੀਮ ਨਾਲ ਮਿਲ ਕੇ ਉਕਤ ਦੋਸ਼ੀ ਨੂੰ ਚੰਡੀਗੜ੍ਹ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ। ਦੋਸ਼ੀ ਦੀ ਪਛਾਣ ਮਨਿੰਦਰ ਉਰਫ ਬੌਬੀ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਐਤਵਾਰ ਰਾਤ ਨੂੰ ਡੀਜੀਪੀ ਗੌਰਵ ਯਾਦਵ ਨੇ ਸਾਂਝੀ ਕੀਤੀ। ਗੁਪਤ ਸੂਚਨਾ ਦੇ ਆਧਾਰ ‘ਤੇ, ਜਲੰਧਰ ਦਿਹਾਤੀ ਪੁਲਿਸ ਦੀ ਟੀਮ ਨੇ ਉਕਤ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਦੋਸ਼ੀ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਦੱਸ ਦੇਈਏ ਕਿ ਰੋਜਰ ਸੰਧੂ ਦੇ ਘਰ ‘ਤੇ ਹੋਏ ਗ੍ਰਨੇਡ ਹਮਲੇ ਦਾ ਮੁੱਖ ਦੋਸ਼ੀ ਹਾਰਦਿਕ ਕੰਜੋਬ ਹੈ, ਜੋ ਕਿ ਹਰਿਆਣਾ ਦੇ ਯਮੁਨਾ ਨਗਰ ਦਾ ਰਹਿਣ ਵਾਲਾ ਹੈ। ਜਿਸਨੂੰ ਉਸਦੇ ਘਰ ਦੇ ਨੇੜੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜਦੋਂ ਪੁਲਿਸ ਉਸ ਤੋਂ ਹਥਿਆਰ ਬਰਾਮਦ ਕਰਨ ਲਈ ਜਲੰਧਰ ਪਹੁੰਚੀ, ਤਾਂ ਉਸਨੇ ਉਕਤ ਹਥਿਆਰ ਨਾਲ ਗੋਲੀ ਚਲਾ ਦਿੱਤੀ। ਜਵਾਬੀ ਕਾਰਵਾਈ ਵਿੱਚ ਉਹ ਜ਼ਖਮੀ ਹੋ ਗਿਆ। ਹਾਰਦਿਕ ਇਸ ਮਾਮਲੇ ਵਿੱਚ ਮੁੱਖ ਦੋਸ਼ੀ ਸੀ। ਜਿਸਨੇ ਰੋਜਰ ਸੰਧੂ ਦੇ ਘਰ ‘ਤੇ ਗ੍ਰਨੇਡ ਸੁੱਟਿਆ ਸੀ।

ਹਾਰਦਿਕ ਤੋਂ ਪੁੱਛਗਿੱਛ ਕਰਨ ਤੋਂ ਬਾਅਦ, ਕਪੂਰਥਲਾ ਦੇ ਰਹਿਣ ਵਾਲੇ ਅਮਿਤਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅਮਿਤਪ੍ਰੀਤ ਸਿੰਘ ਨੂੰ ਹਿਮਾਚਲ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋ ਹੋਰ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀ ਦੇ ਨਾਲ ਇੱਕ ਔਰਤ ਵੀ ਸੀ, ਜਿਸਨੂੰ ਪੁਲਿਸ ਹਿਰਾਸਤ ਵਿੱਚ ਲੈ ਲਿਆ ਗਿਆ।

ਦੋਸ਼ੀ ਅਮਿਤਪ੍ਰੀਤ ਸਿੰਘ ਕਾਰ ਤੋਂ ਹੇਠਾਂ ਉਤਰਿਆ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਜਿਸ ਕਾਰਨ ਪੁਲਿਸ ਨੂੰ ਗੋਲੀ ਚਲਾਉਣੀ ਪਈ। ਗ੍ਰਿਫ਼ਤਾਰ ਕੀਤੀ ਗਈ ਔਰਤ ਦੀ ਪਛਾਣ ਖਾਂਬਰਾ ਦੀ ਰਹਿਣ ਵਾਲੀ ਲਕਸ਼ਮੀ ਵਜੋਂ ਹੋਈ ਹੈ ਅਤੇ ਅਮਿਤ ਦੇ ਦੋ ਹੋਰ ਸਾਥੀਆਂ ਦੀ ਪਛਾਣ ਧੀਰਜ ਅਤੇ ਪਾਂਡੇ ਵਜੋਂ ਹੋਈ ਹੈ।