India Punjab

ਕਿਸਾਨੀ ਰੰਗ ‘ਚ ਰੰਗਿਆ 75ਵਾਂ ਆਜ਼ਾਦੀ ਦਿਹਾੜਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੇਸ਼ ਦੀ ਆਜ਼ਾਦੀ ਨੂੰ ਅੱਜ 75 ਸਾਲ ਪੂਰੇ ਹੋ ਗਏ ਹਨ, ਪਰ ਆਜ਼ਾਦੀ ਦਾ ਸਹੀ ਮਾਇਨਾ ਸ਼ਾਇਦ ਹਾਲੇ ਤੱਕ ਸਾਡੇ ਦੇਸ਼ ਦੇ ਸਿਆਸਤਦਾਨ ਸਮਝ ਹੀ ਨਹੀਂ ਸਕੇ। ਇਹ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਸਰਕਾਰ ਦੇ ਨਾਲ-ਨਾਲ ਸਮਾਜ ਦਾ ਇੱਕ ਬਹੁਤ ਹੀ ਜ਼ਰੂਰੀ ਵਰਗ ਕਿਸਾਨ ਵੀ ਆਪਣੇ ਢੰਗ ਨਾਲ ਆਜ਼ਾਦੀ ਦਿਹਾੜਾ ਮਨਾ ਰਹੇ ਹਨ। ਉਂਝ ਇਸ ਦਿਹਾੜੇ ਨੂੰ ਮਨਾਉਣ ਦਾ ਜ਼ਿੰਮਾ ਸਰਕਾਰ ਹੀ ਲੈਂਦੀ ਹੈ। ਹਰ ਸੂਬੇ ਵਿੱਚ ਰਾਜ ਪੱਧਰੀ ਅਤੇ ਦੇਸ਼ ਵਿੱਚ ਦੇਸ਼ ਪੱਧਰੀ ਸਮਾਗਮ ਮਨਾਇਆ ਜਾਂਦਾ ਹੈ। ਦਿਲਚਸਪ ਗੱਲ ਹੈ ਕਿ ਜਿੱਥੇ ਇੱਕ ਧਿਰ ਨੇ ਆਪਣੀਆਂ ਪ੍ਰਾਪਤੀਆਂ ਗਿਣਵਾਈਆਂ, ਉੱਥੇ ਦੂਸਰੀ ਧਿਰ ਨੇ ਪਹਿਲੀ ਧਿਰ ਦੀਆਂ ਨਾਕਾਮੀਆਂ, ਯਾਨਿ ਕਿ ਕਿਸਾਨਾਂ ਨੇ ਸਰਕਾਰ ਦੀਆਂ ਨਾਕਾਮੀਆਂ ਦੱਸੀਆਂ। ਅੱਜ ਇੱਕ ਪਾਸੇ ਸਾਡੇ ਸਿਆਸੀ ਲੀਡਰਾਂ ਨੇ ਰਵਾਇਤੀ ਢੰਗ ਨਾਲ ਤਿਰੰਗੇ ਲਹਿਰਾ ਕੇ ਆਜ਼ਾਦੀ ਦਿਹਾੜਾ ਮਨਾਇਆ, ਭਾਸ਼ਣ ਦਿੱਤੇ। ਦੂਜੇ ਪਾਸੇ ਕਿਸਾਨ, ਜਿਨ੍ਹਾਂ ਨੂੰ ਤਿਰੰਗਾ ਵੀ ਨਹੀਂ ਭੁੱਲਿਆ, ਕਿਸਾਨੀ ਝੰਡਾ ਵੀ ਚੁੱਕਿਆ ਅਤੇ ਕਿਸਾਨ ਮਜ਼ਦੂਰ ਆਜ਼ਾਦੀ ਸੰਗਰਾਮ ਦਿਵਸ ਮਨਾਇਆ।

ਕਿਸਾਨਾਂ ਵੱਲੋਂ ਅੱਜ ਆਪਣੇ-ਆਪਣੇ ਵਾਹਨਾਂ ‘ਤੇ ਕਿਸਾਨੀ ਦਾ ਝੰਡਾ ਅਤੇ ਤਿਰੰਗਾ ਝੰਡਾ ਲਹਿਰਾ ਕੇ ਯਾਤਰਾ ਕੱਢੀ ਗਈ। ਅੰਮ੍ਰਿਤਸਰ ਵਿੱਚ ਕਿਸਾਨਾਂ ਵੱਲੋਂ ਸ਼ਾਮ ਸਿੰਘ ਅਟਾਰੀ ਚੌਂਕ ਤੋਂ ਤਿਰੰਗਾ ਅਤੇ ਕਿਸਾਨੀ ਝੰਡੇ ਹੇਠ ਯਾਤਰਾ ਕੱਢੀ ਜਾ ਰਹੀ ਹੈ। ਉੱਧਰ ਗੱਲ ਕਰ ਲਈਏ ਦਿੱਲੀ ਮੋਰਚੇ ਦੀ, ਤਾਂ ਉੱਥੇ ਵੀ ਕਿਸਾਨਾਂ ਵੱਲੋਂ ਵੱਖਰੇ ਹੀ ਢੰਗ ਦੇ ਨਾਲ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਸਿੰਘੂ ਬਾਰਡਰ ‘ਤੇ ਤਾਮਿਲਨਾਡੂ ਦੇ ਕਿਸਾਨਾਂ ਵੱਲੋਂ ਵੱਡਾ ਬੈਨਰ ਫੜ੍ਹ ਕੇ ਮਾਰਚ ਕੀਤਾ ਗਿਆ। ਸਿੰਘੂ ਬਾਰਡਰ ‘ਤੇ ਮਾਹੌਲ ਵੇਖਣ ਹੀ ਵਾਲਾ ਹੈ ਕਿਉਂਕਿ ਸਿੰਘੂ ਬਾਰਡਰ ‘ਤੇ ਕਿਸਾਨਾਂ ਵੱਲੋਂ ਜੋ ਅਨੁਸ਼ਾਸਨ ਕਾਇਮ ਕੀਤਾ ਗਿਆ ਹੈ, ਉਹ ਸ਼ਾਇਦ ਸਿਆਸੀ ਲੀਡਰਾਂ ਦੇ ਸਮਾਗਮਾਂ ਵਿੱਚ ਵੀ ਵੇਖਣ ਨੂੰ ਨਹੀਂ ਮਿਲੇਗਾ। ਜਿਵੇਂ ਗਣਤੰਤਰਤਾ ਦਿਵਸ ਮੌਕੇ ਲਾਲ ਕਿਲ੍ਹੇ ‘ਤੇ ਝਲਕੀਆਂ ਦਿਖਾਈਆਂ ਜਾਂਦੀਆਂ ਹਨ, ਉਵੇਂ ਹੀ ਅੱਜ ਕਿਸਾਨਾਂ ਵੱਲੋਂ ਵੱਖ-ਵੱਖ ਰੂਪ ਵਿੱਚ ਝਲਕੀਆਂ ਦਿਖਾਈਆਂ ਗਈਆਂ, ਜਿਵੇਂ ਫ਼ੌਜੀਆਂ ਦੀ ਇੱਕ ਟੁਕੜੀ ਵੱਲੋਂ ਤਿਰੰਗਾ ਝੰਡਾ ਫੜ੍ਹ ਕੇ ਮਾਰਚ ਕੀਤਾ ਗਿਆ। ਕਿਸਾਨਾਂ ਵੱਲੋਂ ਸੰਯੁਕਤ ਕਿਸਾਨ ਮੋਰਚਾ ਦੀ ਸਟੇਜ ‘ਤੇ ਤਿਰੰਗਾ ਝੰਡਾ ਲਹਿਰਾਇਆ ਗਿਆ। ਕਿਸਾਨਾਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ੍ਹ ਕਲਾਂ ਵਿੱਚ ਵੱਡਾ ਸਮਾਗਮ ਕੀਤਾ ਗਿਆ, ਕਿਸਾਨ ਲੀਡਰਾਂ ਸਮੇਤ ਪਹੁੰਚੀਆਂ ਹੋਰ ਕਈ ਸ਼ਖਸੀਅਤਾਂ ਨੇ ਤਕਰੀਰਾਂ ਦਿੱਤੀਆਂ।