ਪੰਜਾਬ : ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਕੀਤਾ ਹੋਇਆ ਇੱਕ ਹੋਰ ਵਾਅਦਾ ਪੂਰਾ ਕਰ ਦਿੱਤਾ ਹੈ। ਸੂਬਾ ਸਰਕਾਰ ਨੇ ਗੰਨਾ ਕਿਸਾਨਾਂ ਦਾ ਬਕਾਇਆ 75 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਸ਼ੂਗਰਫੈਡ ਨੂੰ 75 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਸੂਬੇ ਦੀ ਵਿੱਤੀ ਸਿਹਤ ਬਿਲਕੁਲ ਠੀਕ ਹੋਣ ਦਾ ਦਾਅਵਾ ਕਰਦਿਆਂ ਖਜ਼ਾਨੇ ਵੱਲੋਂ 3 ਹਜ਼ਾਰ 400 ਕਰੋੜ ਰੁਪਏ ਤੋਂ ਵੱਧ ਦੇ ਭੁਗਤਾਨ ਜਾਰੀ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਖਜ਼ਾਨੇ ਵੱਲੋਂ ਤਨਖਾਹਾਂ ਅਤੇ ਜੀਪੀਐਫ ਆਦਿ ਲਈ 2 ਹਜ਼ਾਰ 719 ਕਰੋੜ ਰੁਪਏ, ਬਿਜਲੀ ਦੀ ਸਬਸਿਡੀ ਵਜੋਂ ਪੀ.ਐਸ.ਪੀ.ਸੀ.ਐਲ ਨੂੰ ਅਦਾਇਗੀ ਲਈ 600 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ।
ਸੂਬੇ ਦੇ ਸਿਰ ‘ਤੇ ਕਿਸੇ ਵੀ ਵਿੱਤੀ ਸੰਕਟ ਜਾਂ ਔਕੜ ਬਾਰੇ ਅਫਵਾਹਾਂ ਨੂੰ ਰੱਦ ਕਰਦਿਆਂ ਚੀਮਾ ਨੇ ਕਿਹਾ ਕਿ ਖਜ਼ਾਨੇ ਵੱਲੋਂ ਜ਼ਿਆਦਾਤਰ ਬਕਾਇਆਂ ਦੀਆਂ ਅਦਾਇਗੀਆਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਬਾਕੀ ਅਦਾਇਗੀਆਂ ਕੁਝ ਦਿਨਾਂ ਵਿੱਚ ਜਾਰੀ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਦੌਰਾਨ ਸੂਬੇ ਦੀ ਵਿੱਤੀ ਭਲਾਈ ਨੂੰ ਯਕੀਨੀ ਬਣਾਉਣ ਲਈ ਕੀਤੇ ਗਏ ਵਿੱਤੀ ਹੱਲ ਕਾਰਨ ਇਸ ਵਾਰ ਅਦਾਇਗੀਆਂ ਵਿੱਚ ਦੇਰੀ ਹੋਈ ਹੈ।
ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਗੰਨਾ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਉਹ 7 ਸਤੰਬਰ ਤੱਕ ਬਕਾਇਆ ਰਾਸ਼ੀ ਜਾਰੀ ਕਰ ਦੇਣਗੇ। ਪੰਜਾਬ ਦੀਆਂ ਸਰਕਾਰੀ ਮਿੱਲਾਂ ਉੱਤੇ ਕਿਸਾਨਾਂ ਦੀ ਰਾਸ਼ੀ ਬਕਾਇਆ ਸੀ। ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ 200 ਕਰੋੜ ਰੁਪਏ ਦੇ ਚੁੱਕੀ ਹੈ। ਹੁਣ ਸਰਕਾਰੀ ਸ਼ੂਗਰ ਮਿੱਲਾਂ ਉੱਤੇ ਕਿਸਾਨਾਂ ਦੀ ਕੋਈ ਬਕਾਇਆ ਰਾਸ਼ੀ ਨਹੀਂ ਹੈ।