ਉੱਤਰੀ ਗਾਜ਼ਾ ਦੇ ਬੀਤ ਲਹੀਆ ਇਲਾਕੇ ‘ਚ ਇਜ਼ਰਾਇਲੀ ਹਮਲੇ ‘ਚ 73 ਲੋਕ ਮਾਰੇ ਗਏ ਹਨ। ਹਮਾਸ ਦੇ ਅਧਿਕਾਰੀਆਂ ਨੇ ਇਸ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਦੀ ਜਾਣਕਾਰੀ ਦਿੱਤੀ ਹੈ। ਹਮਾਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੀਤ ਲਹੀਆ ਇਲਾਕੇ ਵਿੱਚ ਔਰਤਾਂ ਅਤੇ ਬੱਚਿਆਂ ਦੀ ਵੀ ਜਾਨ ਚਲੀ ਗਈ ਹੈ।
ਅਧਿਕਾਰੀਆਂ ਮੁਤਾਬਕ ਇਹ ਹਮਲਾ ਸ਼ਨੀਵਾਰ ਦੇਰ ਰਾਤ ਇੱਕ ਬੰਬ ਧਮਾਕੇ ਰਾਹੀਂ ਕੀਤਾ ਗਿਆ, ਜਿਸ ਵਿੱਚ ਕਈ ਲੋਕ ਜ਼ਖਮੀ ਵੀ ਹੋਏ। ਇੱਥੋਂ ਤੱਕ ਕਿ ਕਈ ਲੋਕ ਅਜੇ ਵੀ ਮਲਬੇ ਹੇਠਾਂ ਦੱਬੇ ਹੋਏ ਹਨ।
ਇਸ ਹਮਲੇ ਬਾਰੇ ਇਜ਼ਰਾਈਲ ਦਾ ਕਹਿਣਾ ਹੈ ਕਿ ਉਹ ਇਸ ਨਾਲ ਸਬੰਧਤ ਰਿਪੋਰਟ ਦੀ ਜਾਂਚ ਕਰ ਰਿਹਾ ਹੈ। ਇਜ਼ਰਾਇਲੀ ਫੌਜ ਦਾ ਇਹ ਵੀ ਕਹਿਣਾ ਹੈ ਕਿ ਹਮਾਸ ਨੇ ਜਾਨੀ ਨੁਕਸਾਨ ਦੇ ਸਬੰਧ ਵਿੱਚ ਅਤਿਕਥਨੀ ਵਾਲੀ ਜਾਣਕਾਰੀ ਦਿੱਤੀ ਹੈ ਅਤੇ ਇਹ ਸਾਡੀ ਜਾਣਕਾਰੀ ਨਾਲ ਮੇਲ ਨਹੀਂ ਖਾਂਦੀ।
ਇਸ ਦੇ ਨਾਲ ਹੀ ਗਾਜ਼ਾ ਦੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੀਤ ਲਹੀਆ ਇਲਾਕੇ ‘ਚ ਇੰਟਰਨੈੱਟ ਅਤੇ ਸੰਚਾਰ ਸੇਵਾਵਾਂ ਪੂਰੀ ਤਰ੍ਹਾਂ ਬੰਦ ਹੋਣ ਕਾਰਨ ਬਚਾਅ ਕਾਰਜਾਂ ‘ਚ ਵੀ ਰੁਕਾਵਟ ਆ ਰਹੀ ਹੈ। ਹਮਾਸ ਦੇ ਨਿਯੰਤਰਣ ਵਾਲੇ ਸਰਕਾਰੀ ਮੀਡੀਆ ਦਾ ਕਹਿਣਾ ਹੈ ਕਿ ਇਜ਼ਰਾਈਲ ਨੇ ਆਪਣੇ ਤਾਜ਼ਾ ਹਮਲੇ ਵਿੱਚ ਭੀੜ-ਭੜੱਕੇ ਵਾਲੀ ਥਾਂ ਨੂੰ ਨਿਸ਼ਾਨਾ ਬਣਾਇਆ ਸੀ। ਫਲਸਤੀਨੀ ਸਮਾਚਾਰ ਏਜੰਸੀ ਵਾਫਾ ਮੁਤਾਬਕ ਇਜ਼ਰਾਇਲੀ ਹਮਲਿਆਂ ‘ਚ ਇਕ ਪੂਰਾ ਰਿਹਾਇਸ਼ੀ ਕੰਪਲੈਕਸ ਤਬਾਹ ਹੋ ਗਿਆ।