The Khalas Tv Blog Punjab ਪੰਜਾਬ ਦੇ 72 ਪ੍ਰਿੰਸੀਪਲ ਅੱਜ ਸਿੰਗਾਪੁਰ ਲਈ ਹੋਏ ਰਵਾਨਾ , ਮੁੱਖ ਮੰਤਰੀ ਮਾਨ ਨੇ ਦਿੱਤੀ ਹਰੀ ਝੰਡੀ
Punjab

ਪੰਜਾਬ ਦੇ 72 ਪ੍ਰਿੰਸੀਪਲ ਅੱਜ ਸਿੰਗਾਪੁਰ ਲਈ ਹੋਏ ਰਵਾਨਾ , ਮੁੱਖ ਮੰਤਰੀ ਮਾਨ ਨੇ ਦਿੱਤੀ ਹਰੀ ਝੰਡੀ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੇ ਸਰਕਾਰੀ ਸਕੂਲਾਂ ਦੇ 72 ਪ੍ਰਿੰਸੀਪਲਾਂ ਦੇ ਤੀਜੇ ਅਤੇ ਚੌਥੇ ਬੈਚ ਨੂੰ ਸਿੰਗਾਪੁਰ ਦੀ ਪ੍ਰਿੰਸੀਪਲ ਅਕੈਡਮੀ ਵਿੱਚ ਸਿਖਲਾਈ ਲਈ ਹਰੀ ਝੰਡੀ ਦੇ ਕੇ ਰਵਾਨਾ ਕਰ ਦਿੱਤਾ ਹੈ। ਇਹ 24 ਤੋਂ 28 ਜੁਲਾਈ ਤੱਕ ਪੰਜ ਰੋਜ਼ਾ ਸਿਖਲਾਈ ਪ੍ਰੋਗਰਾਮ ਹੈ। ਪਹਿਲਾਂ ਦੋ ਬੈਂਚਾਂ ਵਿੱਚ ਸੂਬੇ ਦੇ 66 ਪ੍ਰਿੰਸੀਪਲਾਂ ਨੇ ਇਹ ਸਿਖਲਾਈ ਪ੍ਰਾਪਤ ਕੀਤੀ ਸੀ ਅਤੇ ਹੁਣ 72 ਪ੍ਰਿੰਸੀਪਲਾਂ ਨੂੰ ਸਿਖਲਾਈ ਲਈ ਭੇਜਿਆ ਜਾ ਰਿਹਾ ਹੈ।

ਇਹ ਪ੍ਰਿੰਸੀਪਲ 24 ਜੁਲਾਈ ਤੋਂ 28 ਜੁਲਾਈ ਤੱਕ ਸਿੰਗਾਪੁਰ ਅਕੈਡਮੀ ਵਿੱਚ 5 ਦਿਨਾਂ ਦੀ ਸਿਖਲਾਈ ਲੈਣਗੇ। ਫਿਰ ਪੰਜਾਬ ਪਰਤ ਕੇ ਉਹ ਸੂਬੇ ਦੇ ਸਕੂਲੀ ਵਿਦਿਆਰਥੀਆਂ ਅਤੇ ਸਟਾਫ਼ ਨਾਲ ਪ੍ਰਾਪਤ ਸਿਖਲਾਈ ਦੇ ਲਾਭ ਸਾਂਝੇ ਕਰਨਗੇ।
ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਵਾਸੀਆਂ ਨੂੰ ਗਾਰੰਟੀ ਦਿੱਤੀ ਗਈ ਸੀ ਕਿ ਸੂਬੇ ਵਿਚ ਸਿੱਖਿਆ ਖੇਤਰ ਦੀ ਮੁਕੰਮਲ ਤੌਰ ਉੱਤੇ ਕਾਇਆ ਕਲਪ ਕੀਤੀ ਜਾਵੇਗੀ। ਮਾਨ ਨੇ ਕਿਹਾ ਕਿ ਚੰਗੀ ਸਿੱਖਿਆ ਲਈ ਜੋ ਲੋਕਾਂ ਨਾਲ ਵਾਅਦਾ ਕੀਤਾ ਸੀ, ਉਸ ਨੂੰ ਹੌਲੀ ਹੌਲੀ ਪੂਰਾ ਕੀਤਾ ਜਾ ਰਿਹਾ ਹੈ।

ਮਾਨ ਨੇ ਕਿਹਾ ਕਿ ਚੋਣਾਂ ਸਮੇਂ ਦਿੱਤੀ ਗਾਰੰਟੀ ਮੁਤਾਬਕ ਅੱਜ ਸਾਡੇ ਸਰਕਾਰੀ ਸਕੂਲਾਂ ਦੇ 72 ਪ੍ਰਿੰਸੀਪਲ ਸਿੰਗਾਪੁਰ ਟਰੇਨਿੰਗ ਲਈ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਿੰਗਾਪੁਰ ‘’ਚ ਟ੍ਰੇਨਿੰਗ ਲੈ ਕੇ ਆਏ ਪ੍ਰਿੰਸੀਪਲ ਆਪਣੇ ਸਹਿਯੋਗੀਆਂ ਨਾਲ ਤਜਰਬਾ ਸਾਂਝਾ ਕਰਨਗੇ। ਉਨ੍ਹਾਂ ਨੇ ਕਿਹਾ ਕਿ ਸਾਡੇ ਬੱਚਿਆਂ ਵਿੱਚ ਕਲਾ ਬਹੁਤ ਹੈ, ਬਸ ਨਿਖਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਸੀਂ ਹਰ ਖੇਤਰ ਵਿੱਚ ਵਿਦਿਆਰਥੀਆਂ ਨੂੰ ਉਤਸ਼ਾਹ ਕਰ ਰਹੇ ਹਾਂ।

ਭਗਵੰਤ ਮਾਨ ਨੇ ਕਿਹਾ ਕਿ ਯਕੀਨਨ ਤੌਰ ਉੱਤੇ ਇਹ ਕਦਮ ਸੂਬੇ ਦੀ ਸਿੱਖਿਆ ਵਿਵਸਥਾ ਨੂੰ ਸੁਧਾਰਨ ਲਈ ਮੀਲ ਪੱਥਰ ਸਾਬਤ ਹੋਇਆ ਹੈ। ਮਾਨ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਫ਼ਰੀ 8 UPSC ਕੋਚਿੰਗ ਸੈਂਟਰ ਖੋਲ੍ਹੇਗੀ। ਮਾਨ ਨੇ ਕਿਹਾ ਇਹ ਹਰ ਵਰਗ ਲਈ ਮੁਫ਼ਤ ਹੋਣਗੇ।

ਮਾਨ ਨੇ ਕਿਹਾ ਕਿ ਇਹ ਪੰਜਾਬ ਦੀ ਸਿੱਖਿਆ ਵਿੱਚ ਇੱਕ ਕ੍ਰਾਂਤੀਕਾਰੀ ਦਿਨ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰਿਆਂ ਨੂੰ ਸਿੰਗਾਪੁਰ ਵਿੱਚ ਪੇਸ਼ਾਵਰ ਸਿਖਲਾਈ ਦਿੱਤੀ ਜਾਵੇਗੀ। ਸੀ ਐੱਮ ਮਾਨ ਨੇ ਕਿਹਾ ਕਿ ਇਨ੍ਹਾਂ ਸਾਰਿਆਂ ਨੂੰ ਸਿੱਖਿਆ ਪ੍ਰਣਾਲੀ ਦੀ ਆਧੁਨਿਕ ਤਕਨੀਕ ਨਾਲ ਸਿਖਲਾਈ ਦਿੱਤੀ ਜਾਵੇਗੀ। ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਲਈ ਅਧਿਆਪਕਾਂ ਦੇ ਪੇਸ਼ਾਵਰ ਹੁਨਰ ਨੂੰ ਵਧਾਉਣਾ ਹੈ। ਪੰਜਾਬ ਸਰਕਾਰ ਦੇ ਇਸ ਕਦਮ ਨਾਲ ਸੂਬੇ ਭਰ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਫ਼ਾਇਦਾ ਹੋਵੇਗਾ ਕਿਉਂਕਿ ਇਹ ਪ੍ਰਿੰਸੀਪਲ ਆਪਣੇ ਤਜਰਬੇ ਆਪਣੇ ਸਹਿਯੋਗੀਆਂ ਅਤੇ ਵਿਦਿਆਰਥੀਆਂ ਨਾਲ ਸਾਂਝੇ ਕਰਨਗੇ ਜੋ “ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਨ ਲਈ ਅਧਿਆਪਕਾਂ ਦੀ ਮੁਹਾਰਤ ਅਤੇ ਪੇਸ਼ਾਵਰ ਯੋਗਤਾ ਨੂੰ ਹੋਰ ਵਧਾਉਣ ਵਿੱਚ ਮਦਦ ਕਰਨਗੇ”।

ਮੁੱਖ ਮੰਤਰੀ ਭਗਵੰਤ ਮਾਨ ਨੇ  ਗੁਰਬਾਣੀ ਪ੍ਰਸਾਰਣ ਨੂੰ ਤੰਜ ਕੱਸਿਆ ਹੈ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਸਵਾਲ ਚੁੱਕੇ ਹਨ। ਮਾਨ ਨੇ ਬਿਨਾਂ ਕਿਸੇ ਦਾ ਨਾਂ ਲਏ ਕਿਹਾ ਹੈ ਕਿ  SGPC ਸਿਰਫ਼ ਇੱਕ ਚੈਨਲ ਨੂੰ ਲੈ ਕੇ ਹੀ ਕਿਉਂ ਬੇਨਤੀ ਕਰ ਰਹੀ  ਹੈ। ਇੱਕ ਹੀ ਪਰਿਵਾਰ ਦੇ ਚੈਨਲ ਨੂੰ ਕਿਉਂ ਅਧਿਕਾਰ ਦਿੱਤੇ ਜਾ ਰਹੇ  ਹਨ।  ਮਾਨ ਨੇ ਕਿਹਾ ਕਿ  SGPC ਨੂੰ ਨਵੀਂ ਤਕਨਾਲੋਜੀ ਦਾ ਨਹੀਂ ਪਤਾ ਹੈ।

ਮਾਨ ਨੇ ਕਿਹਾ ਕਿ  ਬਹੁਤ ਵਧੀਆ ਤਰੀਕੇ ਨਾਲ ਪਲਾਨਿੰਗ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜਥੇਦਾਰ ਸਾਹਿਬ ਨੇ  ਕਿਹਾ, ਕਿ ਸੈਟੇਲਾਈਟ ਚੈਨਲ ‘ਤੇ ਵੀ ਪ੍ਰਸਾਰਣ ਹੋਵੇ। ਜਥੇਦਾਰ ਸਾਹਿਬ ਨੇ ਕਿਸੇ ਚੈਨਲ ਦਾ ਨਾਮ ਨਹੀਂ ਲਿਆ ਹੈ। ਫਿਰ ਸਿਰਫ਼ PTC ਨੂੰ ਕਿਉਂ ਪ੍ਰਸਾਰਣ ਲਈ ਕਿਹਾ ਹੈ ਅਤੇ  ਮਿੰਨਤਾ ਕਰਕੇ ਪ੍ਰਸਾਰਣ ਕਰਨ ਨੂੰ ਕਹਿ ਰਹੇ ਹਨ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਸਤਵੀਰ ਬੇਦੀ ਵੀ ਹਾਜ਼ਰ ਸਨ।

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਕਈ ਸਕੂਲਾਂ ਦੇ ਪ੍ਰਿੰਸੀਪਲਾਂ ਦੇ ਬੈਂਚਾਂ ਨੂੰ ਸਿਖਲਾਈ ਲਈ ਸਿੰਗਾਪੁਰ ਭੇਜ ਚੁੱਕੀ ਹੈ। ਪੰਜਾਬ ਸਰਕਾਰ ਨੇ ਉਮੀਦ ਜਤਾਈ ਹੈ ਕਿ ਇਹ ਸਿਖਲਾਈ ਨਾ ਸਿਰਫ਼ ਸੂਬੇ ਦੀ ਸਕੂਲੀ ਸਿੱਖਿਆ ਵਿੱਚ ਸਕਾਰਾਤਮਕ ਬਦਲਾਅ ਲਿਆਏਗੀ, ਸਗੋਂ ਨਤੀਜਿਆਂ ਵਿੱਚ ਵੀ ਸੁਧਾਰ ਕਰੇਗੀ। ਸੂਬਾ ਸਰਕਾਰ ਪੰਜਾਬ ਦੇ ਸਿੱਖਿਆ ਮਾਡਲ ਨੂੰ ਮਿਸਾਲ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

Exit mobile version