International Punjab

ਕੁੜੀ ਨਾਲ ਵਿਆਹ ਦੇ ਚੱਕਰ ‘ਚ 7 ਨੌਜਵਾਨਾਂ ਨੇ ਗੁਆਏ ਕਰੋੜਾਂ, ਸ਼ਾਤਿਰ ਲਾੜੀ ਦਿਖਾਉਂਦੀ ਸੀ ਵਿਦੇਸ਼ ਦੇ ਸੁਪਨੇ

ਵਿਦੇਸ਼ਾ ਦੀ ਚਕਾਚੌਂਧ ਤੇ ਡਾਲਰਾਂ ਦੀ ਚਮਕ ਨੇ ਅਜੋਕੇ ਸਮੇਂ ‘ਚ ਪੰਜਾਬ ਦੀ ਨੌਜਵਾਨ ਪੀੜੀ ਵਿਚ ਜਾਇਜ਼ ਨਾਜਾਇਜ਼ ਢੰਗ ਨਾਲ ਬਾਹਰਲੇ ਮੁਲਕਾਂ ‘ਚ ਜਾਣ ਦਾ ਰੁਝਾਨ ਇਸ ਕਦਰ ਵਧਾ ਦਿੱਤਾ ਹੈ ਕਿ ਵਿਆਹ ਜਿਹੀ ਪਾਕ-ਪਵਿੱਤਰ ਰਸਮ ਵੀ ਮਹਿਜ਼ ਇੱਕ ਦਿਖਾਵੇ ਦੀ ਮੁਹਤਾਜ ਬਣ ਕੇ ਰਹਿ ਗਈ ਹੈ। ਆਏ ਦਿਨ ਇਨਾਂ ਸੌਦੇਬਾਜ਼ੀਆਂ ਦੇ ਚਲਦਿਆਂ ਹਜ਼ਾਰਾਂ ਹੀ ਮੁੰਡੇ-ਕੁੜੀਆਂ ਦੇ ਭਵਿੱਖ ਬਰਬਾਦ ਹੋ ਰਹੇ ਹਨ।

ਅਜਿਹਾ ਹੀ ਖੰਨਾ ਤੋਂ ਸਾਹਮਣੇ ਆਇਆ ਹੈ ਜਿੱਥੇ ਜਿੱਥੇ ਮਾਂ ਸੁਖਦਰਸ਼ਨ ਕੌਰ, ਉਸ ਦੇ ਪੁੱਤਰ ਮਨਪ੍ਰੀਤ ਸਿੰਘ ਅਤੇ ਸਾਥੀ ਅਸ਼ੋਕ ਕੁਮਾਰ ਨੇ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਪਨਾ ਦਿਖਾ ਕੇ ਸੱਤ ਨੌਜਵਾਨਾਂ ਤੋਂ ਲਗਭਗ 1.5 ਕਰੋੜ ਰੁਪਏ ਠੱਗ ਲਏ। ਕੈਨੇਡਾ ਵਿੱਚ ਵਰਕ ਪਰਮਿਟ ‘ਤੇ ਰਹਿ ਰਹੀ ਸੁਖਦਰਸ਼ਨ ਦੀ ਧੀ ਹਰਪ੍ਰੀਤ ਉਰਫ਼ ਹੈਰੀ ਨੇ ਵੀਡੀਓ ਕਾਲਾਂ ਅਤੇ ਫੋਟੋਆਂ ਰਾਹੀਂ ਪੰਜਾਬ ਦੇ ਨੌਜਵਾਨਾਂ ਨਾਲ ਜਾਅਲੀ ਮੰਗਣੀਆਂ ਕਰਵਾਉਦੀ ਸੀ।  ਇਸ ਤੋਂ ਬਾਅਦ, ਉਸ ਦੀ ਮਾਂ ਨੌਜਵਾਨਾਂ ਤੋਂ ਪੈਸੇ ਮੰਗਦੀ ਸੀ ਕਿ ਉਹ ਗਰੀਬ ਤੇ ਬੇਸਹਾਰਾ ਹੈ। ਵਿਆਹ ਅਤੇ ਕੈਨੇਡਾ ‘ਚ ਸੈਟਲ ਹੋਣ ਦੇ ਸੁਪਨੇ ਦੇਖਣ ਵਾਲੇ ਨੌਜਵਾਨ ਉਸ ਦੇ ਜਾਲ ‘ਚ ਫਸ ਜਾਂਦੇ ਸਨ।

ਇਸ ਗਿਰੋਹ ਨੇ ਅਖ਼ਬਾਰਾਂ ਵਿੱਚ ਇਸ਼ਤਿਹਾਰ ਅਤੇ ਸਥਾਨਕ ਮੈਚਮੇਕਰਾਂ ਰਾਹੀਂ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ। ਮੰਗਣੀ ਤੋਂ ਬਾਅਦ, ਹਰਪ੍ਰੀਤ ਪੜ੍ਹਾਈ, ਦਵਾਈਆਂ, ਕਿਰਾਏ ਅਤੇ ਕਾਲਜ ਫੀਸ ਦੇ ਨਾਮ ‘ਤੇ ਪੈਸੇ ਮੰਗਦੀ ਸੀ। ਪੈਸੇ ਮਿਲਣ ‘ਤੇ ਉਹ ਜਾਂ ਤਾਂ ਸੰਪਰਕ ਤੋੜ ਦਿੰਦੀ ਸੀ ਜਾਂ ਵਿਆਹ ਦੀ ਤਾਰੀਖ ਮੁਲਤਵੀ ਕਰਦੀ ਰਹਿੰਦੀ ਸੀ।

 ਰਾਜ਼ ਕਿਵੇਂ ਖੁੱਲ੍ਹਿਆ

ਇਸ ਧੋਖਾਧੜੀ ਦਾ ਪਰਦਾਫਾਸ਼ ਉਦੋਂ ਹੋਇਆ ਜਦੋਂ 27 ਸਾਲਾ ਜਸਦੀਪ ਸਿੰਘ (ਖੰਨਾ) ਦੀ 10 ਜੁਲਾਈ ਨੂੰ ਹਰਪ੍ਰੀਤ ਦੀ ਫੋਟੋ ਨਾਲ ਮੰਗਣੀ ਹੋਣੀ ਸੀ। ਇੱਕ ਪੀੜਤ ਨੂੰ ਗਲਤੀ ਨਾਲ ਮਿਲਿਆ ਵੌਇਸ ਨੋਟ, ਜਿਸ ਵਿੱਚ ਪੈਸੇ ਵਸੂਲੀ ਦੀ ਗੱਲ ਸੀ, ਨੇ ਇਸ ਗਿਰੋਹ ਨੂੰ ਬੇਨਕਾਬ ਕਰ ਦਿੱਤਾ।

ਲਗਭਗ 1.5 ਕਰੋੜ ਰੁਪਏ ਦੀ ਧੋਖਾਧੜੀ

ਪੁਲਿਸ ਨੇ ਹੋਟਲ ‘ਤੇ ਛਾਪਾ ਮਾਰ ਕੇ ਸਮਾਰੋਹ ਰੋਕਿਆ ਅਤੇ ਸੁਖਦਰਸ਼ਨ, ਮਨਪ੍ਰੀਤ ਅਤੇ ਅਸ਼ੋਕ ਨੂੰ ਗ੍ਰਿਫਤਾਰ ਕਰ ਲਿਆ। ਹਰਪ੍ਰੀਤ ਵਿਰੁੱਧ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਗਿਆ ਹੈ।ਪੁਲਿਸ ਜਾਂਚ ਮੁਤਾਬਕ, ਪਿਛਲੇ ਦੋ ਸਾਲਾਂ ਵਿੱਚ ਇਸ ਗਿਰੋਹ ਨੇ 1.5 ਕਰੋੜ ਰੁਪਏ ਦੀ ਧੋਖਾਧੜੀ ਕੀਤੀ। ਪੀੜਤਾਂ ਵਿੱਚ ਰਾਜਵਿੰਦਰ ਸਿੰਘ (ਬਠਿੰਡਾ), ਜਸਦੀਪ ਸਿੰਘ (ਖੰਨਾ), ਗਗਨਪ੍ਰੀਤ ਸਿੰਘ (ਰਾਏਕੋਟ), ਕਮਲਜੀਤ ਸਿੰਘ (ਮੋਗਾ), ਰੁਪਿੰਦਰ ਸਿੰਘ (ਸ਼ਾਹਕੋਟ), ਗੋਰਾ ਸਿੰਘ (ਮੋਗਾ), ਅਤੇ ਸ਼ੁੱਧ ਸਿੰਘ (ਮਾਛੀਵਾੜਾ) ਸ਼ਾਮਲ ਹਨ। ਇਹ ਮਾਮਲਾ ਪੰਜਾਬ ਵਿੱਚ ਵਿਦੇਸ਼ ਸੈਟਲ ਹੋਣ ਦੀ ਚਾਹਤ ਨੂੰ ਲੈ ਕੇ ਵਧਦੀਆਂ ਧੋਖਾਧੜੀਆਂ ਨੂੰ ਉਜਾਗਰ ਕਰਦਾ ਹੈ।