India

ਉਤਰਾਖੰਡ ਦੇ ਚਮੋਲੀ ਵਿੱਚ ਬੱਦਲ ਫਟਣ ਕਾਰਨ 7 ਲੋਕ ਲਾਪਤਾ; ਮਸੂਰੀ ਵਿੱਚ 2,500 ਸੈਲਾਨੀ ਫਸੇ

ਉੱਤਰਾਖੰਡ ਵਿੱਚ ਪਿਛਲੇ ਦੋ ਦਿਨਾਂ ਵਿੱਚ ਬੱਦਲ ਫਟਣ ਦੇ ਦੋ ਮਾਮਲੇ ਵਾਪਰ ਚੁੱਕੇ ਹਨ, ਜਿਸ ਨਾਲ ਵਿਆਪਕ ਨੁਕਸਾਨ ਹੋਇਆ ਹੈ। 17 ਸਤੰਬਰ ਨੂੰ ਚਮੋਲੀ ਜ਼ਿਲ੍ਹੇ ਦੇ ਨੰਦਾਨਗਰ ਘਾਟ ਵਿੱਚ ਬੱਦਲ ਫਟਣ ਨਾਲ ਕੁੰਤਰੀ ਲੰਗਾਫਲੀ ਵਾਰਡ ਵਿੱਚ ਛੇ ਘਰ ਮਲਬੇ ਹੇਠ ਦੱਬ ਗਏ। ਇਸ ਘਟਨਾ ਵਿੱਚ ਸੱਤ ਲੋਕ ਲਾਪਤਾ ਹਨ, ਜਦਕਿ ਦੋ ਨੂੰ ਬਚਾਇਆ ਗਿਆ ਹੈ।

ਬਚਾਅ ਕਾਰਜ ਜਾਰੀ ਹਨ ਅਤੇ ਇੱਕ ਵਿਅਕਤੀ ਦੀ ਮੌਤ ਵੀ ਹੋ ਚੁੱਕੀ ਹੈ। ਇਸ ਤੋਂ ਪਹਿਲਾਂ 16 ਸਤੰਬਰ ਨੂੰ ਦੇਹਰਾਦੂਨ ਵਿੱਚ ਬੱਦਲ ਫਟਣ ਨਾਲ ਤਾਮਸਾ ਨਦੀ ਉੱਫਾਨ ‘ਤੇ ਆ ਗਈ, ਜਿਸ ਨਾਲ ਸਹਿਸਤ੍ਰਧਾਰਾ ਖੇਤਰ ਵਿੱਚ ਘਰਾਂ ਅਤੇ ਦੁਕਾਨਾਂ ਨੂੰ ਨੁਕਸਾਨ ਪਹੁੰਚਿਆ। ਦੇਹਰਾਦੂਨ ਤੋਂ ਮਸੂਰੀ ਤੱਕ 35 ਕਿਲੋਮੀਟਰ ਸੜਕ ਕਈ ਥਾਵਾਂ ‘ਤੇ ਤਬਾਹ ਹੋ ਗਈ, ਜਿਸ ਕਾਰਨ 2,500 ਸੈਲਾਨੀ ਤੀਜੇ ਦਿਨ ਵੀ ਫਸੇ ਹੋਏ ਹਨ।

ਇਸ ਘਟਨਾ ਵਿੱਚ ਕਮੋਂਸ਼ 15 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 16 ਲਾਪਤਾ ਹਨ।ਇਸ ਸੀਜ਼ਨ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਮੀਂਹ, ਹੜ੍ਹ, ਜ਼ਮੀਨ ਖਿਸਕਣ ਅਤੇ ਬੱਦਲ ਫਟਣ ਕਾਰਨ 419 ਲੋਕਾਂ ਦੀ ਜਾਨ ਚਲੀ ਗਈ ਹੈ, ਜਦਕਿ ਨੁਕਸਾਨ ਰੁਪਏ 4,000 ਕਰੋੜ ਤੋਂ ਵੱਧ ਹੈ।

ਮੌਸਮ ਵਿਭਾਗ ਨੇ ਉੱਤਰਾਖੰਡ ਅਤੇ ਹਿਮਾਚਲ ਨੂੰ ਅਗਲੇ 48 ਘੰਟਿਆਂ ਲਈ ਹਾਈ ਅਲਰਟ ‘ਤੇ ਰੱਖਿਆ ਹੈ, ਜਿੱਥੇ ਭਾਰੀ ਬਾਰਿਸ਼ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਹੈ।ਭਾਰਤ ਵਿੱਚ 24 ਮਈ ਨੂੰ ਮਾਨਸੂਨ ਦੀ ਸ਼ੁਰੂਆਤ ਹੋਈ ਸੀ ਅਤੇ ਆਮ ਨਾਲੋਂ 8% ਵੱਧ ਮੀਂਹ ਪਿਆ ਹੈ।

ਹੁਣ ਇਹ ਰਾਜਸਥਾਨ (ਪੱਛਮੀ), ਪੰਜਾਬ ਅਤੇ ਹਰਿਆਣਾ ਤੋਂ ਵਿਦਾ ਲੈ ਰਿਹਾ ਹੈ, ਪਰ ਸੱਤ ਰਾਜਾਂ ਵਿੱਚ ਭਾਰੀ ਬਾਰਿਸ਼ ਜਾਰੀ ਰਹਿਣ ਦੀ ਉਮੀਦ ਹੈ। ਗਲੋਬਲ ਪੂਰਵ ਅਨੁਮਾਨ ਅਨੁਸਾਰ, ਸਤੰਬਰ ਅੰਤ ਅਤੇ ਅਕਤੂਬਰ ਸ਼ੁਰੂ ਵਿੱਚ ਘੱਟ ਦਬਾਅ ਵਾਲੇ ਖੇਤਰ ਨਾਲ ਭਾਰੀ ਮੀਂਹ ਹੋਵੇਗਾ।

ਖਾਸ ਤੌਰ ‘ਤੇ 25-26 ਸਤੰਬਰ ਨੂੰ ਬੰਗਾਲ ਦੀ ਖਾੜੀ ਵਿੱਚ ਵੱਡਾ ਮਾਨਸੂਨ ਸਿਸਟਮ ਬਣੇਗਾ, ਜਿਸ ਨਾਲ ਮੱਧ ਪ੍ਰਦੇਸ਼, ਪੱਛਮੀ ਬੰਗਾਲ, ਓਡੀਸ਼ਾ, ਝਾਰਖੰਡ, ਛੱਤੀਸਗੜ੍ਹ, ਬਿਹਾਰ ਅਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ 2-3 ਦਿਨਾਂ ਲਈ ਭਾਰੀ ਬਾਰਿਸ਼ ਹੋ ਸਕਦੀ ਹੈ। ਕੁਝ ਖੇਤਰਾਂ ਵਿੱਚ 3 ਇੰਚ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਨਾਲ ਹੋਰ ਵਿਨਾਸ਼ ਹੋਣ ਦਾ ਖ਼ਤਰਾ ਹੈ।