Punjab

ਪੰਜਾਬ ਤੋਂ ਆਈ ਵੱਡੀ ਖ਼ਬਰ,ਪ੍ਰਸ਼ਾਸਨ ਨੇ ਕੀਤੀ ਕਾਰਵਾਈ

‘ਦ ਖ਼ਾਲਸ ਬਿਊਰੋ : ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਹਦੇ ਕਈ ਸਮਰਥਕਾਂ ਖਿਲਾਫ਼ ਪੰਜਾਬ ਪੁਲਿਸ ਨੇ ਇੱਕ ਹੋਰ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਮਰਥਕਾਂ ਦੇ ਖਿਲਾਫ਼ ਆਰਮਜ਼ ਐਕਟ ਤਹਿਤ ਐੱਫਆਈਆਰ ਦਰਜ ਕਰ ਲਈ ਹੈ। ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਸਤੇਂਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਲੰਘੇ ਕੱਲ੍ਹ ਅੰਮ੍ਰਿਤਪਾਲ ਦੇ ਸੱਤ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਕੋਲੋਂ ਨਜਾਇਜ਼ ਅਸਲਾ ਬਰਾਮਦ ਹੋਇਆ ਹੈ।

ਐਸਐਸਪੀ ਸਤੇਂਦਰ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੀ ਪਛਾਣ ਅਜੇਪਾਲ ਸਿੰਘ, ਗੁਰਵੀਰ ਸਿੰਘ, ਬਲਜਿੰਦਰ ਸਿੰਘ, ਹਰਵਿੰਦਰ ਸਿੰਘ, ਗੁਰਲਾਲ ਸਿੰਘ, ਸਵਰੀਤ ਸਿੰਘ, ਅਮਨਦੀਪ ਸਿੰਘ ਵਜੋਂ ਹੋਈ ਹੈ, ਜਿਨ੍ਹਾਂ ਕੋਲੋਂ ਨਜਾਇਜ਼ ਅਸਲਾ ਬਰਾਮਦ ਹੋਇਆ ਹੈ। ਪੁਲਿਸ ਨੇ ਦੱਸਿਆ ਕਿ ਫੜੇ ਗਏ ਸਾਰੇ ਵਿਅਕਤੀ ਅੰਮ੍ਰਿਤਪਾਲ ਸਿੰਘ ਦੇ ਕਾਫ਼ਲੇ ਦੇ ਨਾਲ ਸੀ।

ਉਨ੍ਹਾਂ ਨੇ ਕਿਹਾ ਕਿ ਬਰਾਮਦ ਕੀਤੇ ਗਏ ਹਥਿਆਰਾਂ ਵਿੱਚ 32 ਬੋਰ ਦੀ ਰਾਈਫਲ ਦੇ 42 ਕਾਰਤੂਸ ਸ਼ਾਮਿਲ ਹਨ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ 7 ਹੋਰ ਸਾਥੀ ਗ੍ਰਿਫਤਾਰ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਜਲੰਧਰ ਦੇ ਮਹਿਤਪੁਰ ਤੋਂ ਅੰਮ੍ਰਿਤਪਾਲ ਦੇ ਸੱਤ ਸਾਥੀ ਗ੍ਰਿਫਤਾਰ ਕੀਤੇ ਗਏ ਹਨ। ਕਾਬੂ ਕੀਤੇ ਗਏ ਨੌਜਵਾਨ ਅਜਨਾਲਾ ਕਾਂਡ ਦੀ FIR ਵਿੱਚ ਨਾਮਜ਼ਦ ਹਨ।

ਜਲੰਧਰ ਰੇਂਜ ਦੇ ਡੀਆਈਜੀ ਸਵਪਨ ਸ਼ਰਮਾ ਨੇ ਕਿਹਾ ਹੈ ਕਿ ਸੱਤ ਗੈਰ ਕਾਨੂੰਨੀ ਹਥਿਆਰ ਬਰਾਮਦ ਹੋਏ ਹਨ। ਅੰਮ੍ਰਿਤਪਾਲ ਸਿੰਘ ਦੇ ਨਾਲ ਗੱਡੀ ਵਿੱਚ ਚਾਰ ਬੰਦੇ ਬੈਠੇ ਸਨ, ਕੁੱਲ ਚਾਰ ਬੰਦੇ ਹਾਲੇ ਤੱਕ ਫਰਾਰ ਹਨ। ਅੰਮ੍ਰਿਤਪਾਲ ਸਿੰਘ ਮਰਸਡੀਜ਼ ਗੱਡੀ ਵਿੱਚ ਫਰਾਰ ਹੋਇਆ ਸੀ ਤੇ ਹਾਲੇ ਤੱਕ ਉਹ ਗੱਡੀ ਬਰਾਮਦ ਨਹੀਂ ਹੋਈ ਹੈ। ਮਰਸਡੀਜ਼ ਗੱਡੀ ਬਾਰੇ ਵੀ ਅਸੀਂ ਪੂਰੀ ਜਾਂਚ ਕਰ ਰਹੇ ਹਾਂ ਕਿ ਇਨ੍ਹਾਂ ਨੂੰ Finance ਕਿੱਥੋਂ ਹੋਈ ਹੈ। ਮੌਕੇ ਤੋਂ ਸਾਨੂੰ ਇੱਕ ਕਿਰਪਾਨ ਵੀ ਮਿਲੀ ਹੈ ਜੋ ਜਾਂਚ ਦਾ ਵਿਸ਼ਾ ਹੈ ਕਿ ਇਹ ਕਿਰਪਾਨ ਕਿਸਦੀ ਹੈ।