India Punjab

ਦੁਪਹਿਰ ਤਿੰਨ ਵਜੇ ਤੱਕ ਦੀਆਂ 7 ਵੱਡੀਆਂ ਖ਼ਬਰਾਂ

7 big news till three in the afternoon

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਪੂਰੇ ਪੰਜਾਬ ‘ਚ ਅੱਜ ਤੋਂ ਦਸਤਖ਼ਤ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ। ਇਸੇ ਲੜੀ ਤਹਿਤ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਇਹ ਮੁਹਿੰਮ ਸ਼ੁਰੂ ਹੋਈ ਹੈ। ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਅਰਦਾਸ ਕੀਤੀ ਗਈ। ਇਸ ਮੌਕੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਧਾਮੀ ਸਮੇਤ ਵੱਡੀ ਗਿਣਤੀ ਵਿਚ ਇੱਕਠੇ ਹੋਏ ਲੋਕਾਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਫਾਰਮ ਭਰੇ ਗਏ।

SGPC ਪ੍ਰਧਾਨ ਧਾਮੀ ਨੇ ਕਿਹਾ ਕਿ ਜੇਕਰ ਇਸ ਮਸਲੇ ਸਬੰਧੀ ਲੋੜ ਪਈ ਤਾਂ ਉਹ ਇਸ ਮੁੱਦੇ ਨੂੰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਵਿੱਚ ਵੀ ਲੈ ਕੇ ਜਾਣਗੇ।

ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਉੱਤੇ ਬਣੀ ਐਨੀਮੇਟਿਡ ਫਿਲਮ ਦਾਸਤਾਨ-ਏ-ਸਰਹਿੰਦ ਕੱਲ੍ਹ ਨੂੰ ਰਿਲੀਜ਼ ਨਹੀਂ ਹੋਵੇਗੀ। ਇਸ ਫਿਲਮ ਦੇ ਨਿਰਦੇਸ਼ਕਾਂ ਨੇ ਇਸ ਫਿਲਮ ਨੂੰ ਹਾਲ ਦੀ ਘੜੀ ਰਿਲੀਜ਼ ਨੂੰ ਟਾਲ ਦਿੱਤਾ ਹੈ। ਇਹ ਸਿੱਖ ਸੰਗਤ ਦੀ ਵੱਡੀ ਜਿੱਤ ਹੋਈ ਹੈ। ਇੱਕ ਦਿਨ ਪਹਿਲਾਂ ਹੀ ਸਿੱਖ ਸੰਗਤ ਦੇ ਤਿੱਖੇ ਵਿਰੋਧ ਤੋਂ ਬਾਅਦ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਪੰਜਾਬ ਸਰਕਾਰ ਨੂੰ ਇਸ ਫਿਲਮ ਉੱਤੇ ਰੋਕ ਲਗਾਉਣ ਦੀ ਅਪੀਲ ਕੀਤੀ ਸੀ। ਕੱਲ ਹੀ ਸਿੱਖ ਜਥੇਬੰਦੀਆਂ ਵੱਲੋਂ ਧਾਮੀ ਨੂੰ ਸੰਗਤ ਦਾ ਹੁਕਮ ਸੌਂਪਿਆ ਗਿਆ ਸੀ। ਇਸ ਫਿਲਮ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਜੀਵਤ ਰੂਪ ਵਿੱਚ ਦਿਖਾਇਆ ਗਿਆ ਹੈ, ਜੋ ਕਿ ਸਿੱਖ ਮਰਿਆਦਾ ਦੇ ਉਲਟ ਹੈ।

ਤੇ ਉੱਧਰ ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਛੇ ਮਹੀਨੇ ਪੂਰੇ ਹੋ ਚੁੱਕੇ ਹਨ ਪਰ ਹਾਲੇ ਤੱਕ ਮਾਪਿਆਂ ਨੂੰ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟੀ ਨਹੀਂ ਹੈ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਲਗਾਤਾਰ ਆਪਣੇ ਪੁੱਤਰ ਲਈ ਇਨਸਾਫ ਦੀ ਮੰਗ ਕਰ ਰਹੇ ਹਨ। ਉਨ੍ਹਾਂ ਨੇ ਅੱਜ ਸਰਕਾਰ ਕੋਲੋਂ ਕਈ ਸਵਾਲ ਪੁੱਛਦਿਆਂ ਇੱਕ ਮੰਗ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲੋਂ ਜਿਹੜਾ ਟੈਕਸ ਲਿਆ ਜਾਂਦਾ ਹੈ, ਉਹੀ ਗੈਂਗਸਟਰਾਂ ਉੱਤੇ ਇਨਾਮ ਰੱਖ ਕੇ ਉਨ੍ਹਾਂ ਨੂੰ ਫੜਿਆ ਜਾਵੇ।

ਬਲਕੌਰ ਸਿੰਘ ਨੇ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੂੰ ਫੜਨ ਦੇ ਲਈ ਸਰਕਾਰ ਨੂੰ ਦੋ ਕਰੋੜ ਦਾ ਇਨਾਮ ਰੱਖਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਦੋ ਕਰੋੜ ਦੀ ਰਕਮ ਮੈਂ ਆਪਣੀ ਜੇਬ ਵਿੱਚੋਂ ਦੇਵਾਂਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਕੋਲ ਪੈਸਾ ਨਹੀਂ ਹੈ ਤਾਂ ਮੈਂ ਆਪਣੀ ਜ਼ਮੀਨ ਵੇਚ ਕੇ 2 ਕਰੋੜ ਰੁਪਏ ਆਪਣੀ ਜੇਬ੍ਹ ਵਿਚੋਂ ਦਿਆਂਗਾ।

ਪੰਜਾਬ ਵਿੱਚ ਹਥਿਆਰਾਂ ਨੂੰ ਲੈ ਕੇ ਪੰਜਾਬ ਪੁਲਿਸ ਨੇ ਸਖਤਾਈ ਵਰਤੀ ਹੋਈ ਹੈ ਅਤੇ ਲੋਕਾਂ ਉੱਤੇ ਕਾਰਵਾਈ ਵੀ ਲਗਾਤਾਰ ਜਾਰੀ ਹੈ। ਇਸੇ ਤਹਿਤ ਮੋਗਾ ਜ਼ਿਲ੍ਹੇ ਦੇ ਬਾਘਾਪੁਰਾਣਾ ਥਾਣੇ ਵਿੱਚ ਪੰਜਾਬੀ ਗਾਇਕ ਕੁਲਜੀਤ ਰਾਜਿਆਣਾ ਵਿਰੁੱਧ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਨੇ ਦਾਅਵਾ ਕੀਤਾ ਕਿ ਕੁਲਜੀਤ ਦੇ ਪ੍ਰਮੋਟਰਾਂ ਨੇ ਬੁੱਧਵਾਰ ਨੂੰ ਯੂਟਿਊਬ ‘ਤੇ ‘ਮਹਾਕਾਲ’ ਨਾਮ ਦਾ ਗੀਤ ਅਪਲੋਡ ਕੀਤਾ ਸੀ, ਜਿਸ ਦੇ ਬੋਲ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਤ ਕਰਦੇ ਹਨ।

ਇਸ ਦੌਰਾਨ ਗੀਤ ਨੂੰ ਯੂਟਿਊਬ ‘ਤੇ ਅੱਪਲੋਡ ਕਰਨ ਦੇ 19 ਘੰਟਿਆਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਹਟਾ ਦਿੱਤਾ ਗਿਆ ਹੈ। ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਮਨਾਹੀ ਦੇ ਹੁਕਮਾਂ ਦੀ ਉਲੰਘਣਾ ਕਰਨ ਲਈ ਆਈਪੀਸੀ ਦੀ ਧਾਰਾ 188 ਤਹਿਤ ਕੇਸ ਦਰਜ ਕੀਤਾ ਗਿਆ ਹੈ। ਗਾਇਕ ਕੁਲਜੀਤ ਰਾਜਿਆਣਾ ਪੰਜਾਬ ਪੁਲੀਸ ਵਿੱਚ ਹੈੱਡ ਕਾਂਸਟੇਬਲ ਹੈ। ਗਾਇਕ ਨੇ ਦਾਅਵਾ ਕੀਤਾ ਕਿ ਉਸ ਦੇ ਪ੍ਰਮੋਟਰਾਂ ਨੂੰ ਮਨਾਹੀ ਦੇ ਹੁਕਮਾਂ ਬਾਰੇ ਪਤਾ ਨਹੀਂ ਸੀ ਅਤੇ ਹੁਣ ਉਨ੍ਹਾਂ ਨੇ ਯੂਟਿਊਬ ਤੋਂ ਗੀਤ ਨੂੰ ਹਟਾ ਦਿੱਤਾ ਹੈ।

ਹੁਣ ਅਸੀਂ ਗੱਲ ਕਰਦੇ ਹਾਂ ਗੁਜਰਾਤ ਚੋਣਾਂ ਦੀ ਜਿੱਥੇ ਪਹਿਲੇ ਪੜਾਅ ਲਈ ਅੱਜ ਪਹਿਲੇ ਘੰਟੇ ਵਿੱਚ ਔਸਤਨ 4.92 ਫੀਸਦੀ ਵੋਟਿੰਗ ਦਰਜ ਕੀਤੀ ਗਈ। ਰਾਜ ਵਿਧਾਨ ਸਭਾ ਦੀਆਂ ਕੁੱਲ 182 ਸੀਟਾਂ ‘ਚੋਂ 89 ਸੀਟਾਂ ‘ਤੇ ਪਹਿਲੇ ਪੜਾਅ ਤਹਿਤ ਵੋਟਿੰਗ ਹੋ ਰਹੀ ਹੈ। ਇਸ ਵਿੱਚ ਸੌਰਾਸ਼ਟਰ-ਕੱਛ ਅਤੇ ਦੱਖਣੀ ਹਿੱਸੇ ਦੇ 19 ਜ਼ਿਲ੍ਹੇ ਸ਼ਾਮਲ ਹਨ। ਪਹਿਲੇ ਪੜਾਅ ਵਿੱਚ 788 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ।

ਇਸਦੇ ਨਾਲ ਹੀ ਗੱਲ ਕਰ ਲੈਂਦੇ ਹਾਂ ਹਾਦਸਿਆਂ ਦੀ ਜਿੱਥੇ ਯੂਪੀ ਦੀ ਇੱਕ ਜ਼ਿਲ੍ਹਾ ਜੇਲ੍ਹ ਵਿੱਚ ਪਤੀ ਪਤਨੀ ਵੱਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਦਰਅਸਲ, ਜੇਲ੍ਹ ਵਿੱਚ ਕੈਦੀ ਅਤੇ ਉਸ ਨੂੰ ਮਿਲਣ ਆਈ ਪਤਨੀ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ, ਜਿਸ ਕਾਰਨ ਔਰਤ ਦੀ ਮੌਤ ਹੋ ਗਈ। ਕੈਦੀ ਦੀ ਸਿਹਤ ਵਿਗੜ ਗਈ ਹੈ, ਜਿਸਦੀ ਹਾਲਤ ਗੰਭੀਰ ਬਣੀ ਹੋਈ ਹੈ।

ਤੇ ਉੱਧਰ ਅਮਰੀਕਾ ਤੋਂ ਵੀ ਇੱਕ ਦੁੱਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਅਮਰੀਕਾ ਦੇ ਮਿਲਵਾਕੀ ਵਿੱਚ 10 ਸਾਲਾ ਲੜਕੇ ਨੇ ਆਪਣੀ ਮਾਂ ਦੀ ਗੋਲੀ ਮਾਰ ਕੇ ਹੱਤਿਆ ਇਸ ਕਰਕੇ ਕਰ ਦਿੱਤੀ ਕਿਉਂਕਿ ਉਸ ਨੇ ਉਸ ਨੂੰ ਵਰਚੂਅਲ ਰਿਐਲਿਟੀ ਹੈੱਡਸੈੱਟ ਖਰੀਦ ਕੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਬੱਚੇ ਨੇ ਪਹਿਲਾਂ ਪੁਲੀਸ ਨੂੰ ਦੱਸਿਆ ਕਿ 21 ਨਵੰਬਰ ਨੂੰ ਗੋਲੀ ਅਚਾਨਕ ਲੱਗੀ ਸੀ ਪਰ ਬਾਅਦ ਵਿੱਚ ਦੱਸਿਆ ਕਿ ਉਸ ਨੇ ਜਾਣਬੁੱਝ ਕੇ ਆਪਣੀ ਮਾਂ ‘ਤੇ ਗੋਲੀ ਚਲਾਈ ਸੀ। ਬੱਚੇ ‘ਤੇ ਪਿਛਲੇ ਹਫ਼ਤੇ ਬਾਲਗ ਵਜੋਂ ਪਹਿਲੀ-ਡਿਗਰੀ ਜਾਣਬੁੱਝ ਕੇ ਹੱਤਿਆ ਦਾ ਦੋਸ਼ ਲਗਾਇਆ ਗਿਆ ਸੀ।