ਬਿਉਰੋ ਰਿਪੋਰਟ – ਦਿੱਲੀ ਤੇ ਪੰਜਾਬ ਵਿੱਚ ਲੋਕਸਭਾ ਚੋਣਾਂ 6ਵੇਂ ਅਤੇ 7ਵੇ ਗੇੜ੍ਹ ਵਿੱਚ ਹਨ, ਦੋਵਾਂ ਥਾਵਾਂ ‘ਤੇ ਸਿੱਖ ਭਾਈਚਾਰੇ ਦੀ ਗਿਣਤੀ ਬਹੁਤਾਤ ਵਿੱਚ ਹੈ। ਬੀਜੇਪੀ ਦੀ ਨਜ਼ਰ ਸਿੱਖ ਭਾਈਚਾਰੇ ਦੇ ਵੋਟਾਂ ’ਤੇ ਹੈ। ਇਸੇ ਲਈ ਸ਼ਨੀਵਾਰ (27 ਅਪ੍ਰੈਲ) ਨੂੰ ਬੀਜੇਪੀ ਦੇ ਕੌਮੀ ਪ੍ਰਧਾਨ ਜੇ ਪੀ ਨੱਡਾ ਨੇ ਦਿੱਲੀ ਵਿੱਚ ਇੱਕ ਵੱਡੇ ਸਮਾਗਮ ਦੌਰਾਨ ਦਿੱਖੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 7 ਮੈਂਬਰਾਂ ਨੂੰ ਬੀਜੇਪੀ ਵਿੱਚ ਸ਼ਾਮਲ ਕਰਵਾ ਲਿਆ ਹੈ।
ਅੱਜ ਬੀਜੇਪੀ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਵਿੱਚ ਜੰਗਪੁਰਾ ਤੋਂ ਕਾਂਗਰਸ ਦੇ 2 ਵਾਰ ਦੇ ਸਾਬਕਾ ਵਿਧਾਇਕ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤਲਵਿੰਦਰ ਸਿੰਘ ਮਾਰਵਾ ਵੀ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਬੀਜੇਪੀ ਵਿੱਚ ਸ਼ਾਮਲ ਹੋਣ ਵਾਲੇ ਜ਼ਿਆਦਾਤਰ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਸਨ।
ਇਨ੍ਹਾਂ ਸਿੱਖ ਆਗੂਆਂ ਨੂੰ ਪਾਰਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਬੀਜੇਪੀ ਵਿੱਚ ਸ਼ਾਮਲ ਕਰਵਾਇਆ। ਬੀਜੇਪੀ ਦੇ ਕੌਮੀ ਪ੍ਰਧਾਨ ਜੇ ਪੀ ਨੱਡਾ ਨੇ ਸਿੱਖ ਆਗੂਆਂ ਦਾ ਪਾਰਟੀ ਵਿੱਚ ਸੁਆਗਤ ਕਰਦੇ ਹੋਏ ਕਿਹਾ ਸਿੱਖਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਖ਼ਾਸ ਪਿਆਰ ਹੈ।
ਇਸ ਦੌਰਾਨ ਨੱਡਾ ਨੇ ਕਿਹਾ ਲੰਗਰ ਤੋਂ GST ਹਟਾਉਣ ਦਾ ਮੁੱਦਾ ਹੋਵੇ ਜਾਂ ਫਿਰ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਮੰਗ ਹੋਵੇ, ਮੋਦੀ ਸਰਕਾਰ ਨੇ ਸਿੱਖਾਂ ਦੀ ਮੰਗ ਨੂੰ ਹਮੇਸ਼ਾ ਤਰਜ਼ੀਹ ਦਿੱਤੀ ਹੈ। ਬੀਜੇਪੀ ਦੇ ਕੌਮੀ ਪ੍ਰਧਾਨ ਨੇ 1984 ਨਸਲਕੁਸੀ ਦੇ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ‘ਤੇ ਵੀ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਦਾ ਇਤਿਹਾਸ ਕੁਰਬਾਨੀਆਂ ਵਾਲਾ ਰਿਹਾ ਹੈ। ਅੱਜ ਵੀ ਸਰਹੱਦਾਂ ’ਤੇ ਦੁਸ਼ਮਣ ਦੇ ਸਾਹਮਣੇ ਵੱਡੀ ਗਿਣਤੀ ਵਿੱਚ ਸਿੱਖ ਜਵਾਨ ਖੜੇ ਹੁੰਦੇ ਹਨ।
ਉੱਧਰ ਬੀਜੇਪੀ ਦੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਪ੍ਰਧਾਨ ਮੰਤਰੀ ਦੀ ਤਰੀਫ਼ ਦਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਦਿਹਾੜਾ ਲਾਲ ਕਿਲ੍ਹੇ ‘ਤੇ ਮਨਾਇਆ ਜਿਸ ਔਰੰਗਜ਼ੇਬ ਨੇ ਉਨ੍ਹਾਂ ਨੂੰ ਸ਼ਹੀਦ ਕੀਤਾ। ਸਿਰਸਾ ਨੇ ਕਾਂਗਰਸ ਦੇ ਨਿਸ਼ਾਨ ਨੂੰ ਖੂਨੀ ਪੰਜਾ ਦੱਸਿਆ ਕਿਹਾ ਸਿੱਖ ਕਦੇ ਵੀ ਕਾਂਗਰਸ ਨੂੰ ਵੋਟ ਨਹੀਂ ਪਾ ਸਕਦੇ ਹਨ।