International

ਰੂਸ ਦੇ ਕਾਮਚਟਕਾ ਵਿੱਚ ਫੇਰ ਆਇਆ ਵੱਡਾ ਭੂਚਾਲ, ਸੁਨਾਮੀ ਦੀ ਚੇਤਾਵਨੀ ਜਾਰੀ

ਬਿਊਰੋ ਰਿਪੋਰਟ (19 ਸਤੰਬਰ, 2025): ਰੂਸ ਦੇ ਕਾਮਚਟਕਾ ਖੇਤਰ ਦੇ ਪੂਰਬੀ ਤੱਟ ’ਤੇ ਸ਼ੁੱਕਰਵਾਰ ਸਵੇਰੇ 7.8 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ। ਇਸ ਤੋਂ ਬਾਅਦ 5 ਹੋਰ ਝਟਕੇ (aftershockes) ਆਏ, ਜਿਨ੍ਹਾਂ ਦੀ ਤੀਬਰਤਾ 5.8 ਮਾਪੀ ਗਈ। ਭੂਚਾਲ ਦੇ ਤੁਰੰਤ ਬਾਅਦ ਤੱਟੀ ਇਲਾਕਿਆਂ ਵਿੱਚ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ, ਜਿੱਥੇ 30 ਤੋਂ 62 ਸੈਂਟੀਮੀਟਰ ਉੱਚੀਆਂ ਲਹਿਰਾਂ ਵੇਖੀਆਂ ਗਈਆਂ।

ਕਾਮਚਟਕਾ ਦੇ ਗਵਰਨਰ ਵਲਾਦਿਮੀਰ ਸੋਲੋਦੋਵ ਨੇ ਦੱਸਿਆ ਕਿ ਸਾਰੀਆਂ ਐਮਰਜੈਂਸੀ ਸੇਵਾਵਾਂ ਹਾਈ ਅਲਰਟ ’ਤੇ ਹਨ। ਹਾਲਾਂਕਿ, ਅਜੇ ਤੱਕ ਕਿਸੇ ਵੱਡੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਅਮਰੀਕੀ ਭੂਗਰਭੀ ਸਰਵੇਖਣ (USGS) ਮੁਤਾਬਕ, ਭੂਚਾਲ ਸ਼ਹਿਰ ਪੈਟ੍ਰੋਪਾਵਲੋਵਸਕ-ਕਾਮਚਟਸਕੀ ਤੋਂ 128 ਕਿਲੋਮੀਟਰ ਦੂਰ 10 ਕਿਲੋਮੀਟਰ ਦੀ ਗਹਿਰਾਈ ’ਤੇ ਆਇਆ।

ਰੂਸ ਦੀ ਸਟੇਟ ਜੀਓਫਿਜ਼ਿਕਲ ਸਰਵਿਸ ਅਨੁਸਾਰ, ਬਾਅਦ ਵਿੱਚ ਇਸ ਦੀ ਤੀਵ੍ਰਤਾ ਘਟਕੇ 7.4 ਹੋ ਗਈ। ਪਿਛਲੇ 3 ਮਹੀਨਿਆਂ ਵਿੱਚ ਇਸ ਖੇਤਰ ਵਿੱਚ 7.0 ਜਾਂ ਇਸ ਤੋਂ ਵੱਧ ਤੀਬਰਤਾ ਦੇ 4 ਭੂਚਾਲ ਦਰਜ ਹੋ ਚੁੱਕੇ ਹਨ।

ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਵੀਡੀਓਜ਼ ਵਿੱਚ ਘਰਾਂ ਦੇ ਫਰਨੀਚਰ, ਲਾਈਟਾਂ ਅਤੇ ਸੜਕਾਂ ’ਤੇ ਖੜੀਆਂ ਗੱਡੀਆਂ ਵੀ ਜ਼ੋਰਦਾਰ ਝਟਕਿਆਂ ਨਾਲ ਹਿਲਦੀਆਂ ਦਿਖਾਈ ਦਿੱਤੀਆਂ।