ਬਿਉਰੋ ਰਿਪੋਰਟ: ਜਾਪਾਨ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 7.1 ਮਾਪੀ ਗਈ ਹੈ। ਭੂਚਾਲ ਦੇ ਨਾਲ ਹੀ ਸੁਨਾਮੀ ਦੀ ਵੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਮੁਤਾਬਕ ਜਾਪਾਨ ਦੇ ਦੱਖਣੀ ਟਾਪੂ ਕਿਊਸ਼ੂ ’ਚ ਵੀਰਵਾਰ ਨੂੰ ਇੱਕ ਤੋਂ ਬਾਅਦ ਇੱਕ ਦੋ ਵੱਡੇ ਭੂਚਾਲ ਆਏ। ਪਹਿਲਾ ਭੂਚਾਲ 6.9 ਤੀਬਰਤਾ ਦਾ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ, ਦੂਜਾ ਭੂਚਾਲ ਆਇਆ, ਜਿਸ ਦੀ ਤੀਬਰਤਾ 7.1 ਸੀ।
ਭੂਚਾਲ ਦੇ ਇਹ ਝਟਕੇ ਜਾਪਾਨ ਦੇ ਕਿਊਸ਼ੂ ਅਤੇ ਸ਼ਿਕੋਕੂ ਟਾਪੂਆਂ ’ਤੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦੇ ਨਾਲ ਹੀ ਮਿਆਜ਼ਾਕੀ, ਕੋਚੀ, ਇਹੀਮੇ, ਕਾਗੋਸ਼ੀਮਾ ਅਤੇ ਆਇਤਾ ਸਮੇਤ ਜਾਪਾਨ ਦੇ ਕਈ ਤੱਟਵਰਤੀ ਇਲਾਕਿਆਂ ’ਚ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ ਅਤੇ ਸਥਿਤੀ ’ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਮਿਆਜ਼ਾਕੀ, ਕਿਊਸ਼ੂ ਵਿੱਚ 20 ਸੈਂਟੀਮੀਟਰ ਉੱਚੀਆਂ ਸਮੁੰਦਰੀ ਲਹਿਰਾਂ ਉੱਠਦੀਆਂ ਵੇਖੀਆਂ ਗਈਆਂ।