Punjab

7 ਮੈਂਬਰੀ ਕਮੇਟੀ ਨੇ ਬਲਵਿੰਦਰ ਸਿੰਘ ਭੂੰਦੜ ‘ਤੇ ਲਿਆ ਫੈਸਲਾ, 11 ਫਰਵਰੀ ਨੂੰ ਅਗਲੀ ਮੀਟਿੰਗ

2 ਦਸੰਬਰ 2024 ਨੂੰ ਅਕਾਲ ਤਖਤ ਸਾਹਿਬ ਵੱਲੋਂ ਅਕਾਲੀ ਦਲ ਦੀ ਭਰਤੀ ਲਈ ਬਣਾਈ 7 ਮੈਂਬਰੀ ਕਮੇਟੀ ਦੀ ਅੱਜ ਪਟਿਆਲਾ ਚ ਮੀਟਿੰਗ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕੀਤੀ। ਮੀਟਿੰਗ ਤੋਂ ਬਾਅਦ ਧਾਮੀ ਨੇ ਮੀਡੀਆ ਨਾਲ ਜਿਆਦਾ ਗੱਲਬਾਤ ਤਾਂ ਨਹੀ ਕੀਤੀ ਪਰ ਇੰਨਾ ਕਿਹਾ ਕਿ ਅਕਾਲੀ ਦਲ ਦੀ ਭਰਤੀ 7 ਮੈਂਬਰੀ ਕਮੇਟੀ ਰਾਂਹੀ ਹੀ ਹੋਵੇਗੀ।

ਇਸ ਤੋਂ ਬਾਅਦ ਹੁਣ 11 ਫਰਵਰੀ ਨੂੰ ਇਹ ਕੋਰ ਮੀਟਿੰਗ ਬਹਾਦਰਗੜ ਚ ਕੀਤੀ ਜਾਵੇਗੀ, ਜਿਸ ਚ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਵੀ ਸੱਦਾ ਦਿਤਾ ਗਿਆ ਹੈ। ਜਿਸ ’ਚ ਉਨ੍ਹਾਂ ਤੋਂ ਸਾਫ ਪੁੱਛਿਆ ਜਾਵੇਗਾ ਕਿ ਕੀ ਅਕਾਲੀ ਦਲ 7 ਮੈਂਬਰੀ ਕਮੇਟੀ ਰਾਂਹੀ ਭਰਤੀ ਕਰਵਾਉਣੀ ਚਾਹੁੰਦਾ ਹੈ ਕਿ ਨਹੀਂ।

ਪੱਤਰਕਾਰਾ ਵੱਲੋਂ ਧਾਮੀ ਨੂੰ ਸਵਾਲ ਪੁੱਛਿਆ ਕਿ ਅਕਾਲੀ ਦਲ ਦੀ ਚਲ ਰਹੀ ਭਰਤੀ ਚਲਦੀ ਰਹੇਗੀ ਜਾਂ ਰੁਕੇਗੀ ਉਸ ’ਤੇ ਧਾਮੀ ਨੇ ਕੋਈ ਜਵਾਬ ਨਹੀਂ ਦਿੱਤਾ। ਇਸ ਮੌਕੇ ਧਾਮੀ ਨੇ ਸਾਰਿਆ ਨੂੰ ਇਕ ਵਾਰ ਇਕਜੁੱਟ ਹੋਣ ਦਾ ਸੱਦਾ ਦਿਤਾ ਹੈ ਤੇ ਮੀਟਿੰਗ ਚ ਸਾਰੇ ਮੈਂਬਰਾ ਦਾ ਪਹੁੰਚਣ ਤੇ ਧੰਨਵਾਦ ਵੀ ਕੀਤਾ ਹੈ।

ਅਕਾਲੀ ਦਲ ਵੱਲੋਂ 7 ਮੈਂਬਰੀ ਕਮੇਟੀ ਦੇ ਖਿਲਾਫ ਜਾ ਕੇ ਆਪਣੇ ਤੌਰ ਤੇ ਹੀ ਭਰਤੀ ਕੀਤੀ ਜਾ ਰਹੀ ਹੈ। ਇਸ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਈ ਵਾਰ ਇਤਰਾਜ ਵੀ ਜਤਾ ਚੁੱਕੇ ਹਨ। ਮੀਟਿੰਗ ਤੋਂ ਬਾਅਦ ਕਮੇਟੀ ਮੈਂਬਰ ਤੇ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਇਕ ਨਿੱਜੀ ਚੈਨਲ ਨਾਲ ਗੱਲ ਕਰਦਿਆਂ ਕਿਹਾ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਮੁਤਾਬਕ ਕੰਮ ਕਰਨ ਲਈ ਤਿਆਰ ਹਾਂ ਤੇ ਹੁਣ ਅਕਾਲੀ ਦਲ ਦੱਸੇ ਕਿ ਕੀ ਉਹ ਅਕਾਲ ਤਖਤ ਦੇ ਹੁਕਮ ਮੁਤਾਬਕ ਭਰਤੀ ਕਰਵਾਉਣਾ ਚਾਹੁੰਦੇ ਹਨ ਕਿ ਨਹੀਂ।