‘ਦ ਖ਼ਾਲਸ ਬਿਊਰੋ:- ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ UAPA ਦੇ ਕਾਲੇ ਕਾਨੂੰਨ ਤਹਿਤ ਬੇਕਸੂਰ ਸਿੱਖ ਨੌਜਵਾਨਾਂ ਦੀ ਕੀਤੀ ਜਾ ਰਹੀ ਫੜੋ-ਫੜਾਈ ਨੂੰ ਤੁਰੰਤ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਦਰਅਸਲ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਿੱਚ UAPA ਤਹਿਤ ਗ੍ਰਿਫਤਾਰ ਕੀਤੇ ਗਏ ਸਿੱਖ ਨੌਜਵਾਨਾਂ ਦੇ ਪਰਿਵਾਰ ਅੱਜ ਸ੍ਰੀ ਅਕਾਲ ਤਖਤ ਸਾਹਿਬ ਆਪਣਾ ਦੁੱਖੜਾ ਲੈ ਕੇ ਪਹੁੰਚੇ ਅਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ।
ਜਥੇਦਾਰ ਸਾਹਿਬ ਨੇ ਕਿਹਾ ਕਿ ਸਰਕਾਰ ਵੱਲੋਂ ਬਿਨਾਂ ਕਿਸੇ ਵਜ੍ਹਾ ਜਾਂ ਫਿਰ ਕਿਸੇ ਛੋਟੀ ਵਜ੍ਹਾ ਕਰਕੇ ਸਿੱਖ ਨੌਜਵਾਨਾਂ ਨੂੰ ਜੇਲ੍ਹਾਂ ਨੂੰ ਸੁੱਟਿਆ ਜਾ ਰਿਹਾ ਹੈ। ਸਰਕਾਰਾਂ ਵੱਲੋਂ ਅਜਿਹੀਆਂ ਕਾਰਵਾਈਆਂ ਕਰਕੇ ਜਾਣਬੁੱਝ ਕੇ ਪੰਜਾਬ ਅੰਦਰ ਖੌਫ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਜਥੇਦਾਰ ਸਾਹਿਬ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੁਰੰਤ ਅਜਿਹੀਆਂ ਕਾਰਵਾਈਆਂ ਬੰਦ ਕਰਨ ਦੇ ਆਦੇਸ਼ ਦਿੱਤੇ ਹਨ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ SGPC ਨੂੰ ਵੀ ਆਦੇਸ਼ ਕੀਤਾ ਕਿ ਉਹ UAPA ਤਹਿਤ ਗ੍ਰਿਫਤਾਰ ਕੀਤੇ ਗਏ ਸਿੱਖ ਨੌਜਵਾਨਾਂ ਦੀ ਕੋਰਟਾਂ ਵਿੱਚ ਪੈਰਵਾਈ ਕਰਨ, ਤਾਂ ਜੋ ਇਹਨਾਂ ਨੌਜਵਾਨਾਂ ਨੂੰ ਸਹੀ-ਸਲਾਮਤ ਘਰ ਵਾਪਸ ਲਿਆਂਦਾ ਜਾ ਸਕੇ। ਪਿਛਲੇ ਦਿਨੀਂ ਇੱਕ ਸਿੱਖ ਨੌਜਵਾਨ ਲਵਪ੍ਰੀਤ ਸਿੰਘ ਵੱਲੋਂ ਕੀਤੀ ਖੁਦਕੁਸ਼ੀ ਬਾਰੇ ਬੋਲਦਿਆਂ ਜਥੇਦਾਰ ਸਾਹਿਬ ਨੇ ਕਿਹਾ ਕਿ ਇਸਦੀ ਨਿਰਪੱਖ ਜੁਡੀਸ਼ੀਅਲ ਜਾਂਚ ਕੀਤੀ ਜਾਵੇ।
ਵਿਧਾਇਕ ਸੁਖਪਾਲ ਸਿੰਘ ਖਹਿਰਾ UAPA ਤਹਿਤ ਗ੍ਰਿਫਤਾਰ ਕੀਤੇ ਗਏ ਬੇਦੋਸ਼ੇ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਤੱਕ ਪਹੁੰਚ ਕਰਕੇ ਉਹਨਾਂ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਹਨ। ਖਹਿਰਾ ਨੇ ਜਾਣਕਾਰੀ ਦਿੱਤੀ ਕਿ ਪਿਛਲੇ ਕਰੀਬ ਇੱਕ ਮਹੀਨੇ ਦੌਰਾਨ ਸਰਕਾਰ ਵੱਲੋਂ 16 ਨੌਜਵਾਨਾਂ ‘ਤੇ UAPA ਦਾ ਕਾਲਾ ਕਾਨੂੰਨ ਲਗਾ ਕੇ ਜੇਲ੍ਹਾਂ ਵਿੱਚ ਸੁੱਟਿਆ ਜਾ ਚੁੱਕਿਆ ਹੈ। ਖਹਿਰਾ ਨੇ ਇਸ ਮਾਮਲੇ ਦੀ ਤੁਰੰਤ ਨਿਰਪੱਖ ਜਾਂਚ ਕਰਨ ਦੀ ਮੰਗ ਕੀਤੀ ਹੈ।