‘ਦ ਖ਼ਾਲਸ ਬਿਊਰੋ:- ਲੌਕਡਾਊਨ ਦੌਰਾਨ ਘਰਦੇ ਕੰਮਾਂ ਵਿੱਚ ਮਰਦਾਂ ਵੱਲੋਂ ਬਰਾਬਰ ਹੱਥ ਵਟਾਉਣ ਲਈ ਇੱਕ ਚੈਰਿਟੀ ਚਲਾਉਣ ਵਾਲੀ ਸੁਬਰਨਾ ਘੋਸ਼ ਨਾਂ ਦੀ ਇੱਕ ਔਰਤ ਨੇ ਪੁਟੀਸ਼ਨ ਪਾ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਹੈ। ਸੁਬਰਨਾ ਨੇ ਲਿਖਿਆ ਕਿਹਾ ਹੈ ਕਿ ਇਹ ਇੱਕ ਬੁਨਿਆਦੀ ਸਵਾਲ ਹੈ, ਬਹੁਤੇ ਲੋਕ ਇਸ ਬਾਰੇ ਗੱਲ਼ ਕਿਉਂ ਨਹੀਂ ਕਰਦੇ?’
ਇਸ ਪੁਟੀਸ਼ਨ ਵਿੱਚ ਲਿਖਿਆ ਗਿਆ ਹੈ ਕਿ ”ਕੀ ਝਾੜੂ ਦੇ ਦਸਤੇ ਉੱਤੇ ਇਹ ਲਿਖਿਆ ਹੋਇਆ ਆਉਂਦਾ ਹੈ ਕਿ ‘ਸਿਰਫ਼ ਔਰਤ ਹੀ ਚਲਾਏਗੀ’? ”ਵਾਸ਼ਿੰਗ ਮਸ਼ੀਨ ਜਾਂ ਗੈਸ ਚੁੱਲ੍ਹੇ ਉੱਤੇ ਕੰਮ ਕਰਨ ਦੇ ਨਿਯਮ ਦਾ ਕੀ? ਤਾਂ ਫ਼ਿਰ ਅਜਿਹਾ ਕਿਉਂ ਹੈ ਕਿ ਬਹੁਤੇ ਮਰਦ ਆਪਣੇ ਹਿੱਸੇ ਦਾ ਘਰ ਦਾ ਕੰਮ ਨਹੀਂ ਕਰਦੇ!”
ਸੁਬਰਨਾ ਘੋਸ਼ ਦਾ ਕਹਿਣਾ ਹੈ ਕਿ ਉਹ ਘਰੋਂ ਦਫ਼ਤਰ ਦਾ ਕੰਮ ਕਰਨ ਦੇ ਨਾਲ-ਨਾਲ ਖਾਣਾ ਬਣਾਉਣ, ਸਾਫ਼-ਸਫ਼ਾਈ, ਕੱਪੜੇ ਧੌਣ ਆਦਿ ਕੰਮ ਵੀ ਕਰਦੇ ਹਨ। ਉਹ ਚਾਹੁੰਦੇ ਹਨ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਸ ਮਸਲੇ ਨੂੰ ਆਪਣੇ ”ਦੇਸ਼ ਦੇ ਨਾਮ ਅਗਲੇ ਸੰਬੋਧਨ ਵਿੱਚ” ਚੁੱਕਣ ਅਤੇ ”ਭਾਰਤ ਦੇ ਮਰਦਾਂ ਨੂੰ ਘਰ ਦੇ ਕੰਮ ਵਿੱਚ ਬਰਾਬਰ ਸਾਥ ਦੇਣ ਲਈ ਹੌਸਲਾ ਦੇਣ।” ਉਹਨਾਂ ਦਾ ਕਹਿਣਾ ਕਿ ”ਮੈਨੂੰ ਆਸ ਹੈ ਕਿ ਪ੍ਰਧਾਨ ਮੰਤਰੀ ਮੋਦੀ ਘਰ ਦੇ ਕੰਮ-ਕਾਜ ਉੱਤੇ ਗੱਲ ਕਰਨਗੇ। ਜਦੋਂ ਬਰਸਾਤੀ ਮੌਸਮ ਸ਼ੁਰੂ ਹੋਇਆ ਤਾਂ ਉਨ੍ਹਾਂ ਖੰਘ੍ਹ ਅਤੇ ਜ਼ੁਕਾਮ ਦੀ ਗੱਲ ਕੀਤੀ ਸੀ ਤਾਂ ਉਹ ਬਰਾਬਰੀ ਦੀ ਗੱਲ ਵੀ ਜ਼ਰੂਰ ਕਰਨਗੇ।” ਸੁਬਰਨਾ ਘੋਸ਼ ਵੱਲੋਂ ਪਾਈ ਗਈ ਇਸ ਆਨਲਾਈਨ ਪੁਟੀਸ਼ਨ ਨੂੰ ਹੁਣ ਤੱਕ 70 ਹਜ਼ਾਰ ਤੋਂ ਵੱਧ ਲੋਕਾਂ ਵੱਲੋਂ ਦਸਤਖ਼ਤ ਕੀਤਾ ਜਾ ਚੁੱਕਿਆ ਹੈ।
ਸੁਬਰਨਾ ਘੋਸ਼ ਦਾ ਕਹਿਣਾ ਹੈ ਕਿ ”ਮੇਰੀ ਜ਼ਿੰਦਗੀ ਦੇ ਆਪਣੇ ਤਜਰਬਿਆਂ ਅਤੇ ਆਲੇ-ਦੁਆਲੇ ਕੰਮ ਕਰ ਰਹੀਆਂ ਔਰਤਾਂ ਤੋਂ ਹੀ ਇਹ ਗੱਲ ਨਿਕਲੀ ਹੈ, ਘਰ ਦੇ ਕੰਮ-ਕਾਜ ਦਾ ਬੋਝ ਹਮੇਸ਼ਾ ਮੇਰਾ ਹੀ ਰਿਹਾ ਹੈ। ਖਾਣਾ ਬਣਾਉਣਾ, ਸਾਫ਼-ਸਫ਼ਾਈ, ਰੋਟੀ ਪਕਾਉਣਾ, ਕੱਪੜੇ ਧੌਣਾ ਤੇ ਸਾਂਭਣਾ ਆਦਿ ਹੋਰ ਵੀ ਬਹੁਤ ਕੁਝ ਮੈਂ ਹੀ ਕਰਦੀ ਹਾਂ।”
ਘੋਸ਼ ਦਾ ਕਿਹਾ ਕਿ ”ਸਾਡੇ ਸਮਾਜ ਵਿੱਚ ਮਰਦਾਂ ਨੂੰ ਘਰ ਦੇ ਕੰਮ ਕਰਨਾ ਨਹੀਂ ਸਿਖਾਇਆ ਜਾਂਦਾ, ਜਦਕਿ ਉਨ੍ਹਾਂ ਨੂੰ ਥੋੜ੍ਹਾ-ਬਹੁਤਾ ਕੰਮ ਆਉਣਾ ਚਾਹੀਦਾ ਹੈ।” ਇਹ ਸਭ ਇਸ ਲਈ ਹੈ ਕਿਉਂਕਿ ਬਹੁਤੇ ਪਿੱਤਰਸੱਤਾ ਸਮਾਜ ਵਿੱਚ ਕੁੜੀਆਂ ਦਾ ਵਿਕਾਸ ਸ਼ੁਰੂ ਤੋਂ ਇਸੇ ਗੱਲ ਨੂੰ ਧਿਆਨ ਵਿੱਚ ਰੱਖ ਕੇ ਹੁੰਦਾ ਹੈ ਕਿ ਇਹ ਵਧੀਆ ਸੁਆਣੀਆਂ ਬਣਨਗੀਆਂ। ਇਸ ਗੱਲ ਨੂੰ ਹਲਕੇ ਵਿੱਚ ਲਿਆ ਜਾਂਦਾ ਹੈ ਕਿ ਘਰ ਦਾ ਕੰਮ-ਕਾਜ ਇਨ੍ਹਾਂ ਦੀ ਹੀ ਜ਼ਿੰਮੇਵਾਰੀ ਹੈ ਅਤੇ ਜੇ ਇਹ ਬਾਹਰ ਗਈਆਂ ਤਾਂ ਨੌਕਰੀ ਕਰਨੀ ਪਵੇਗੀ ਅਤੇ ਫ਼ਿਰ ”ਘਰ ਤੇ ਨੌਕਰੀ” ਦੋਵੇਂ ਕੰਮ ਕਰਨੇ ਪੈਣਗੇ।