ਬਿਉਰੋ ਰਿਪੋਰਟ – ਭਾਰਤੀਆਂ ਦਾ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਹੁਣ ਜਾਨਲੇਵਾ ਬਣਦਾ ਜਾ ਰਿਹਾ ਹੈ। ਪਾਰਲੀਮੈਂਟ ਵਿੱਚ ਪੇਸ਼ ਹੋਈ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪਿਛਲੇ 5 ਸਾਲਾਂ ਵਿੱਚ ਵਿਦੇਸ਼ ਵਿੱਚ 633 ਭਾਰਤੀ ਨੌਜਵਾਨਾਂ ਦੀ ਮੌਤ ਹੋਈ ਹੈ, ਇਸ ਵਿੱਚ ਕੈਨੇਡਾ ਪਹਿਲੇ ਨੰਬਰ ’ਤੇ ਹੈ।
ਰਿਪੋਰਟ ਵਿੱਚ ਜਿਹੜਾ ਡੇਟਾ ਪੇਸ਼ ਕੀਤਾ ਗਿਆ ਹੈ ਉਸ ਵਿੱਚ 41 ਦੇਸ਼ ਸ਼ਾਮਲ ਹਨ। ਵਿਦੇਸ਼ ਮੰਤਰਾਲੇ ਨੇ ਲੋਕਸਭਾ ਵਿੱਚ ਦੱਸਿਆ ਕਿ ਕੈਨੇਡਾ ਵਿੱਚ ਸਭ ਤੋਂ ਵੱਧ 172 ਭਾਰਤੀ ਵਿਦਿਆਰਥੀਆਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਦੂਜੇ ਨੰਬਰ ’ਤੇ ਅਮਰੀਕਾ ਹੈ ਜਿੱਥੇ 108 ਭਾਰਤੀ ਵਿਦਿਆਰਥੀਆਂ ਨੇ ਆਪਣੀ ਜਾਨ ਗਵਾਈ ਹੈ। 58 ਮੌਤਾਂ ਨਾਲ ਬ੍ਰਿਟੇਨ ਤੀਜੇ ਨੰਬਰ ’ਤੇ ਹੈ। ਜਦਕਿ ਆਸਟ੍ਰੇਲੀਆ ਵਿੱਚ 57, ਰੂਸ 37, ਜਰਮਨੀ 24, ਯੂਕਰੇਨ 18, ਜਾਰਜੀਆ ਅਤੇ ਕਿਰਗਿਸਤਾਨ ਵਿੱਚ 12-12 ਅਤੇ ਚੀਨ ਵਿੱਚ 8 ਮੌਤਾਂ ਦੇ ਮਾਮਲੇ ਸਾਹਮਣੇ ਆਏ ਹਨ।
ਵਿਦੇਸ਼ ਮੰਤਰਾਲੇ ਵੱਲੋਂ ਜਿਹੜਾ ਅੰਕੜਾ ਪੇਸ਼ ਕੀਤਾ ਹੈ ਇਸ ਦੇ ਪਿੱਛੇ ਵੱਖ-ਵੱਖ ਕਾਰਨ ਹਨ ਕੁਝ ਦੀ ਦੁਰਘਟਨਾ ਦੇ ਕਾਰਨ ਮੌਤ ਹੋਈ ਤਾਂ ਕਈਆਂ ਦੀ ਮੌਤ ਦੇ ਪਿੱਛੇ ਕੁਦਰਤੀ ਕਾਰਨ ਵੀ ਹਨ। ਵਿਦੇਸ਼ ਵਿੱਚ ਰਹਿੰਦੇ ਵਿਦਿਆਰਥੀਆਂ ਵਿੱਚ ਸਭ ਤੋਂ ਜ਼ਿਆਦਾ ਮੌਤਾਂ ਦਿਲ ਦਾ ਦੌਰਾ ਪੈਣ ਦੀ ਵਜ੍ਹਾ ਕਰਕੇ ਹੋਈਆਂ ਹਨ। ਕੈਨੇਡਾ ਵਰਗੇ ਠੰਡੇ ਮੁਲਕ ਵਿੱਚ ਇਸ ਦੇ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।
ਮਾਹਿਰਾਂ ਦਾ ਕਹਿਣਾ ਹੈ ਕਿ ਵਿਦਿਆਰਥੀਆਂ ’ਤੇ ਆਪਣੇ ਆਪ ਨੂੰ ਉੱਥੋਂ ਦੇ ਵਾਤਾਵਰਣ ਵਿੱਚ ਢਾਲਣ ਦੀ ਚੁਣੌਤੀ ਦੇ ਨਾਲ ਪੜ੍ਹਾਈ ਅਤੇ ਨੌਕਰੀ ਦੀ ਵੀ ਚਿੰਤਾ ਹੁੰਦੀ ਹੈ। ਜਿਸ ਦੀ ਵਜ੍ਹਾ ਕਰਕੇ ਵਿਦਿਆਰਥੀਆਂ ਵਿੱਚ ਤਣਾਅ ਕਾਫੀ ਵੱਧ ਰਿਹਾ ਹੈ।