ਬਿਉਰੋ ਰਿਪੋਰਟ – ਭਾਰਤ ਵਿੱਚ ਪੰਚਾਇਤੀ ਢਾਂਚੇ ਨੂੰ ਲੋਕ ਰਾਜ ਦੀ ਨੀਂਹ ਵਜੋਂ ਜਾਣਿਆ ਜਾਂਦਾ ਹੈ। ਇਸ ਦੀ ਮਜ਼ਬੂਤੀ ’ਤੇ ਹੀ ਦੇਸ਼ ਦੇ ਲੋਕਤੰਤਰ ਦੀ ਬੁਨਿਆਦ ਟਿੱਕੀ ਹੋਈ ਹੈ। ਕਹਿੰਦੇ ਹਨ ਕਿ ਦੇਸ਼ ਦੇ ਵਿਕਾਸ ਦੇ ਅਸਲੀ ਪੈਮਾਨੇ ਦੀ ਘੋਖ ਕਰਨੀ ਹੈ ਤਾਂ ਇਹ ਵੇਖਣਾ ਹੋਵੇਗਾ ਕਿ ਪਿੰਡ ਦੇ ਅਖੀਰਲੇ ਸ਼ਖਸ ਤੱਕ ਪੰਚਾਇਤਾਂ ਰਾਹੀ ਕੇਂਦਰ ਦੀਆਂ ਕਿੰਨੀਆਂ ਯੋਜਨਾਵਾਂ ਪਹੁੰਚੀਆਂ ਹਨ। ਇਨ੍ਹਾਂ ਯੋਜਨਾਵਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਵਾਉਣ ਦਾ ਕੰਮ ਪੰਚਾਇਤੀ ਰਾਜ ਦੇ ਜ਼ਰੀਏ ਹੁੰਦਾ ਹੈ।
ਭਾਰਤ ਵਿੱਚ ਪੰਚਾਇਤੀ ਸਿਸਟਮ ਦਹਾਕਿਆਂ ਪੁਰਾਣਾ ਹੈ ਪਰ 1992 ਵਿੱਚ ਸੰਵਿਧਾਨ ਦੀ 73ਵੀਂ ਸੋਧ ਦੇ ਰੂਪ ਵਿੱਚ ਇਸ ਨੂੰ ਮਾਨਤਾ ਮਿਲੀ ਹੈ। ਦੇਸ਼ ਦੇ ਇਸ ਸਿਆਸੀ ਧੁਰੇ ਨੇ ਪੰਜਾਬ ਅਤੇ ਦੇਸ਼ ਨੂੰ ਅਜਿਹੇ ਕਈ ਆਗੂ ਦਿੱਤੇ ਜਿਨ੍ਹਾਂ ਨੇ ਇਸੇ ਪੰਚਾਇਤੀ ਸਿਸਟਮ ਦਾ ਹਿੱਸਾ ਬਣਕੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ ਅਤੇ ਸੂਬੇ ਦੀ ਸਭ ਤੋਂ ਵੱਡੀ ਮੁੱਖ ਮੰਤਰੀ ਦੀ ਕੁਰਸੀ ’ਤੇ ਬੈਠੇ।
ਪੰਜਾਬ ਵਿੱਚ ਪੰਚਾਇਤੀ ਚੋਣਾਂ ਦੇ ਐਲਾਨ ਨਾਲ ਹੀ ਸਿਆਸੀ ਸ਼ੋਰ ਅੱਜ ਹਰ ਇੱਕ ਪਿੰਡ ਵਿੱਚ ਸੁਣਾਈ ਦੇ ਰਿਹਾ ਹੈ। ਪੰਚ ਅਤੇ ਸਰਪੰਚ ਲਈ ਲੱਖਾਂ-ਕਰੋੜਾਂ ਦੀਆਂ ਬੋਲੀਆਂ ਲੱਗ ਰਹੀਆਂ ਹਨ। ਪਰ ਅੱਜ ਇਸ ਤੋਂ ਹਟਕੇ ਕੁਝ ਅਜਿਹੇ ਸਿਆਸਤਦਾਨਾਂ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੇ ਸਰਪੰਚ ਤੋਂ ਵਿਧਾਇਕ, ਮੰਤਰੀ ਅਤੇ ਫਿਰ ਮੁੱਖ ਮੰਤਰੀ ਤੱਕ ਦਾ ਅਹੁਦਾ ਹਾਸਲ ਕੀਤਾ। ਪੰਜਾਬ ਵਿੱਚ ਇਸ ਲਿਸਟ ਵਿੱਚ ਸਭ ਤੋਂ ਪਹਿਲਾਂ ਨਾਂ ਸਿਆਸਤ ਦੇ ਬਾਬਾ ਬੋਹੜ ਮੰਨੇ ਜਾਣ ਵਾਲੇ ਪ੍ਰਕਾਸ਼ ਸਿੰਘ ਬਾਦਲ ਦਾ ਹੈ।
ਮਰਹੂਮ ਪ੍ਰਕਾਸ਼ ਸਿੰਘ ਬਾਦਲ
ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸਤ ਦੀ ਸ਼ੁਰੂਆਤ 1947 ਤੋਂ ਹੋਈ। ਉਹ ਆਪਣੇ ਪਿਤਾ ਰਘੂਰਾਜ ਸਿੰਘ ਵਾਂਗ ਬਾਦਲ ਪਿੰਡ ਦੇ ਸਰਪੰਚ ਬਣੇ। ਪ੍ਰਕਾਸ਼ ਸਿੰਘ ਬਾਦਲ ਸਰਬਸੰਮਤੀ ਨਾਲ ਸਰਪੰਚ ਬਣੇ ਸਨ ਅਤੇ ਮੁੜ ਕਦੇ ਪਿਛਾਂਹ ਨਹੀਂ ਦੇਖਿਆ। ਉਨ੍ਹਾਂ ਦੇ 5 ਵਾਰ ਸੂਬੇ ਦੇ ਮੁੱਖ ਮੰਤਰੀ ਬਣਨ ਪਿੱਛੇ ਕਿਤੇ ਨਾ ਕਿਤੇ ਸਰਪੰਚੀ ਦਾ ਯੋਗਦਾਨ ਵੀ ਰਿਹਾ। ਸਰਪੰਚੀ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਲੰਬੀ ਬਲਾਕ ਸਮਿਤੀ ਦੇ ਚੇਅਰਮੈਨ ਨਿਯੁਕਤ ਹੋਏ।
1956 ਵਿੱਚ ਜਦੋਂ ਪੈਪਸੂ ਸਟੇਟ ਪੰਜਾਬ ਵਿੱਚ ਸ਼ਾਮਲ ਹੋਈ ਤਾਂ ਕਾਂਗਰਸ ਅਤੇ ਅਕਾਲੀ ਦਲ ਨੇ ਮਿਲ ਕੇ ਚੋਣਾਂ ਲੜੀਆਂ। ਪ੍ਰਕਾਸ਼ ਸਿੰਘ ਬਾਦਲ ਵੀ ਦੂਜੇ ਅਕਾਲੀਆਂ ਵਾਂਗ 1957 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੀ ਟਿਕਟ ਉੱਤੇ ਚੋਣ ਲੜ ਕੇ ਪਹਿਲੀ ਵਾਰ ਵਿਧਾਇਕ ਬਣੇ। ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਆਗੂਆਂ ਦੀ ਕੈਟੇਗਰੀ ਵਿੱਚ ਆਉਂਦੇ ਹਨ, ਜਿਹੜੇ ਅਕਾਲੀ ਦਲ ਨੂੰ ਵੱਖਰੀ ਹੋਂਦ ਦੀ ਕਾਇਮੀ ਅਤੇ ਮੁਲਕ ਵਿੱਚ ਖੇਤਰੀ ਪਾਰਟੀਆਂ ਨੂੰ ਸ਼ਕਤੀਸ਼ਾਲੀ ਕਰਨ ਦੀ ਵਕਾਲਤ ਕਰਦੇ ਸਨ।
ਪਹਿਲੀ ਵਾਰ ਮੁੱਖ ਮੰਤਰੀ ਬਣਨ ਸਮੇਂ ਪ੍ਰਕਾਸ਼ ਸਿੰਘ ਬਾਦਲ ਸਿਰਫ਼ 43 ਸਾਲ ਦੇ ਸਨ। ਉਹ 1967 ਵਿੱਚ ਪਹਿਲੀ ਵਾਰ ਅਤੇ 2022 ਵਿੱਚ ਦੂਜੀ ਵਾਰ ਚੋਣ ਹਾਰੇ ਸਨ। 1977 ਦੀਆਂ ਚੋਣਾਂ ਵਿੱਚ ਅਕਾਲੀ ਦਲ, ਜਨਤਾ ਪਾਰਟੀ ਨੇ ਮਿਲ ਕੇ ਸਰਕਾਰ ਬਣਾਈ ਅਤੇ ਪ੍ਰਕਾਸ਼ ਸਿੰਘ ਬਾਦਲ ਦੂਜੀ ਵਾਰ ਮੁੱਖ ਮੰਤਰੀ ਬਣੇ। ਇਸ ਵਾਰ ਉਹ 1977 ਤੋਂ 1980 ਤੱਕ ਸੱਤਾ ਵਿੱਚ ਰਹੇ। ਇਸ ਤੋਂ ਬਾਅਦ ਉਹ 1997 ਤੋਂ 2002 ਤੱਕ ਤੀਜੀ ਵਾਰ ਮੁੱਖ ਮੰਤਰੀ ਬਣੇ ਅਤੇ ਪਹਿਲੀ ਵਾਰ 5 ਸਾਲ ਰਾਜ ਕੀਤਾ। ਫੇਰ ਬਾਦਲ ਨੇ 2007-2012 ਅਤੇ 2012 ਤੋਂ 2017 ਵਿੱਚ ਲਗਾਤਾਰ ਦੋ ਵਾਰ ਮੁੱਖ ਮੰਤਰੀ ਬਣ ਕੇ ਪੰਜਾਬ ਦਾ ਨਵਾਂ ਸਿਆਸੀ ਰਿਕਾਰਡ ਬਣਾਇਆ।
ਪੰਜਾਬ ਦੇ ਮਰਹੂਮ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ
ਪ੍ਰਕਾਸ਼ ਸਿੰਘ ਬਾਦਲ ਵਾਂਗ ਪੰਜਾਬ ਦੇ ਮਰਹੂਮ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੇ ਵੀ ਪਿੰਡ ਦੀ ਸਰਪੰਚੀ ਚੋਂ ਸਿਆਸਤ ਵਿੱਚ ਪੈਰ ਰੱਖਿਆ ਸੀ। 1959 ਵਿੱਚ ਬੇਅੰਤ ਸਿੰਘ ਬਿਲਾਸਪੁਰ ਦੇ ਸਰਪੰਚ ਬਣੇ। 10 ਸਾਲ ਬਾਅਦ ਬੇਅੰਤ ਸਿੰਘ ਪਾਇਲ ਵਿਧਾਨ ਸਭਾ ਹਲਕੇ ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੇ ਅਤੇ ਪਹਿਲੀ ਵਾਰ ਵਿਧਾਇਕ ਬਣੇ। ਇਸ ਤੋਂ ਬਾਅਦ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ ਅਤੇ 1992 ਵਿੱਚ ਬੇਅੰਤ ਸਿੰਘ ਪੰਜਾਬ ਦੇ 12ਵੇਂ ਮੁੱਖ ਮੰਤਰੀ ਬਣੇ ਅਤੇ 1995 ਵਿੱਚ ਜਦੋਂ ਬੇਅੰਤ ਸਿੰਘ ਦਾ ਕਤਲ ਹੋਇਆ ਉਹ ਮੁੱਖ ਮੰਤਰੀ ਅਹੁਦੇ ’ਤੇ ਸਨ। ਬੇਅੰਤ ਸਿੰਘ ਦਾ ਪਰਿਵਾਰ ਫੌਜ ਵਿੱਚ ਸੀ ਉਹ ਸਿਆਸਤ ਵਿੱਚ ਦਾਖ਼ਲ ਹੋਣ ਵਾਲੇ ਘਰ ਦੇ ਪਹਿਲੇ ਵਿਅਕਤੀ ਸਨ। ਪਿਤਾ ਹਜੂਰਾ ਸਿੰਘ ਬ੍ਰਿਟਿਸ਼ ਫੌਜ ਵਿੱਚ ਕਪਤਾਨ ਵਜੋਂ ਸੇਵਾਮੁਕਤ ਹੋਏ ਸਨ।
ਹਰਿਆਣਾ ਦੇ ਤਿੰਨ ਵਾਰੇ ਦੇ ਮੁੱਖ ਮੰਤਰੀ ਭਜਨ ਲਾਲ
ਪ੍ਰਕਾਸ਼ ਸਿੰਘ ਬਾਦਲ ਅਤੇ ਬੇਅੰਤ ਸਿੰਘ ਵਾਂਗ ਹਰਿਆਣਾ ਦੇ ਤਿੰਨ ਵਾਰੇ ਦੇ ਮੁੱਖ ਮੰਤਰੀ ਭਜਨ ਲਾਲ ਨੇ ਵੀ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਸਰਪੰਚੀ ਤੋਂ ਕੀਤੀ ਸੀ। ਉਹ ਹਿਸਾਰ ਤੋਂ ਸਰਪੰਚ ਬਣੇ ਅਤੇ ਫਿਰ ਪੰਚਾਇਤ ਸਮਿਤੀ ਦੇ ਚੇਅਰਮੈਨ ਬਣੇ। 1968 ਵਿੱਚ ਭਜਨ ਲਾਲ ਹਰਿਆਣਾ ਵਿਧਾਨਸਭਾ ਦੇ ਲਈ ਪਹਿਲੀ ਵਾਰ ਆਦਮਪੁਰ ਵਿਧਾਨਸਭਾ ਹਲਕੇ ਤੋਂ ਚੁਣੇ ਗਏ ਜੋ ਅੱਜ ਵੀ ਉਨ੍ਹਾਂ ਦੀ ਤੀਜੀ ਪੀੜੀ ਦਾ ਗੜ੍ਹ ਮੰਨਿਆ ਜਾਂਦਾ ਹੈ। 1972 ਵਿੱਚ ਭਜਨ ਲਾਲ ਮੁੜ ਤੋਂ ਵਿਧਾਇਕ ਬਣੇ,1977 ਵਿੱਚ ਭਜਨ ਲਾਲ ਜਨਤਾ ਪਾਰਟੀ ਵਿੱਚ ਚਲੇ ਗਏ ਅਤੇ 1977 ਵਿੱਚ ਉਹ ਹਿਸਾਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਬਣੇ।
ਭਜਨ ਲਾਲ ਸਿਆਸੀ ਮੌਸਮ ਨੂੰ ਭਾਂਪ ਲੈਂਦੇ ਸਨ ਇਸੇ ਲਈ ਉਨ੍ਹਾਂ ਨੂੰ ਸਿਆਸਤ ਦਾ ਮਾਸਟਰ ਮਾਈਂਡ ਕਿਹਾ ਜਾਂਦਾ ਸੀ। ਹਰਿਆਣਾ ਦੇ ਤਾਕਤਵਰ ਜਾਟ ਸਮਾਜ ਦੇ ਬਾਵਜੂਦ ਉਨ੍ਹਾਂ ਨੇ ਬਿਸ਼ਨੋਈ ਹੁੰਦੇ ਹੋਏ ਸੱਤਾ ’ਤੇ ਕਾਬਿਜ਼ ਹੋਏ। 1979 ਵਿੱਚ ਜਦੋਂ ਜਨਤਾ ਦਲ ਦੀ ਸਰਕਾਰ ਡਿੱਗ ਗਈ ਤਾਂ ਭਜਨ ਲਾਲ ਨੇ ਰਾਤੋ ਰਾਤ ਕਾਂਗਰਸ ਦਾ ਪੱਲਾ ਫੜਿਆ ਅਤੇ ਫਿਰ ਇੰਦਰਾ ਗਾਂਧੀ ਦੇ ਕਹਿਣ ’ਤੇ ਸਾਰੇ ਵਿਧਾਇਕ ਕਾਂਗਰਸ ਵਿੱਚ ਸ਼ਾਮਲ ਕਰਵਾ ਕੇ 1979 ਵਿੱਚ ਪਹਿਲੀ ਵਾਰ ਮੁੱਖ ਮੰਤਰੀ ਦੀ ਕੁਰਸੀ ਹਾਸਲ ਕੀਤੀ। ਫਿਰ 1982 ਵਿੱਚ ਦੂਜੀ ਵਾਰ ਅਤੇ 1991 ਵਿੱਚ ਤੀਜੀ ਵਾਰ ਮੁੱਖ ਮੰਤਰੀ ਬਣੇ। ਉਨ੍ਹਾਂ ਨੇ 15 ਸਾਲ ਸੂਬੇ ਤੇ ਰਾਜ ਕੀਤਾ।
ਰਾਜਸਥਾਨ ਦੇ ਮੌਜੂਦਾ ਮੁੱਖ ਮੰਤਰੀ ਭਜਨ ਲਾਲ ਸ਼ਰਮਾ
ਸਰਪੰਚੀ ਤੋਂ CM ਦੀ ਕੁਰਸੀ ਤੱਕ ਪਹੁੰਚਣ ਦੇ 2 ਤਾਜ਼ਾ ਉਦਾਹਰਣ ਰਾਜਸਥਾਨ ਅਤੇ ਉੜੀਸਾ ਦੇ ਮੁੱਖ ਮੰਤਰੀ ਦਾ ਵੀ ਹੈ। 56 ਸਾਲ ਦੇ ਰਾਜਸਥਾਨ ਦੇ ਮੌਜੂਦਾ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ 27 ਸਾਲ ਦੀ ਉਮਰ ਵਿੱਚ ਭਰਤਪੁਰ ਜ਼ਿਲ੍ਹੇ ਦੇ ਇੱਕ ਪਿੰਡ ਦੀ ਸਰਪੰਚੀ ਤੋਂ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ, ਉਹ 2 ਵਾਰ ਸਰਪੰਚ ਰਹੇ। ਇਸ ਤੋਂ ਬਾਅਦ ਉਨ੍ਹਾਂ ਨੇ ਬੀਜੇਪੀ ਦੇ ਯੁਵਾ ਮੋਰਚੇ ਅਤੇ ਪਾਰਟੀ ਦੀ ਵਿਦਿਆਰਥੀ ਵਿੰਗ ABVP ਨਾਲ ਜੁੜੇ ਅਤੇ 1990 ਵਿੱਚ ਰਾਮ ਮੰਦਰ ਅੰਦੋਲਨ ਨਾਲ ਜੁੜ ਦੇ ਹੋਏ ਜੇਲ੍ਹ ਵੀ ਗਏ।
ਭਜਨ ਲਾਲ ਸ਼ਰਮਾ RSS ਦੇ ਕਾਫੀ ਨਜ਼ਦੀਕੀ ਸਨ। 2021 ਵਿੱਚ ਭਜਨ ਲਾਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਪੱਛਮੀ ਬੰਗਾਲ ਵਿਧਾਨਸਭਾ ਚੋਣਾਂ ਵਿੱਚ ਅਹਿਮ ਜ਼ਿੰਮੇਵਾਰੀ ਸੰਭਾਲੀ ਜਿਸ ਤੋਂ ਬਾਅਦ ਉਹ ਹਾਈਕਮਾਨ ਦੀ ਨਜ਼ਰ ਵਿੱਚ ਆ ਗਏ। ਪਾਰਟੀ ਨੇ ਪਹਿਲੀ ਵਾਰ ਭਜਨ ਲਾਲ ਸ਼ਰਮਾ ਨੂੰ 2023 ਦੀਆਂ ਰਾਜਸਥਾਨ ਵਿਧਾਨਸਭਾ ਚੋਣਾਂ ਵਿੱਚ ਸੰਗਨਰ ਵਿਧਾਨਸਭਾ ਹਲਕੇ ਤੋਂ ਟਿਕਟ ਦਿੱਤੀ ਅਤੇ ਉਹ ਤਕਰੀਬਨ 48 ਹਜ਼ਾਰ ਵੋਟਾਂ ਨਾਲ ਜਿੱਤੇ।
ਜਦੋਂ ਮੁੱਖ ਮੰਤਰੀ ਦੀ ਚੋਣ ਲਈ ਵਿਧਾਇਕਾਂ ਦੀ ਇਕਜੁਟਤਾ ਲਈ ਫੋਟੋ ਸ਼ੂਟ ਹੋ ਰਹੀ ਸੀ ਤਾਂ ਭਜਨ ਲਾਲ ਸਭ ਤੋਂ ਅਖੀਰਲੀ ਲਾਈਨ ਵਿੱਚ ਸਨ। ਪਰ ਜਦੋਂ ਬੀਜੇਪੀ ਨੇ ਆਬਜ਼ਰਵਰ ਨੇ ਭਜਨ ਲਾਲ ਦਾ ਨਾਂ ਮੁੱਖ ਮੰਤਰੀ ਵਜੋਂ ਐਲਾਨ ਕੀਤਾ ਤਾਂ ਹਰ ਕੋਈ ਹੈਰਾਨ ਸੀ। ਇਸ ਤਰ੍ਹਾਂ ਰਾਜਸਥਾਨ ਵਿੱਚ ਪਹਿਲੀ ਵਾਰ ਦੇ ਵਿਧਾਇਕ ਨੂੰ ਮੁੱਖ ਮੰਤਰੀ ਦੀ ਕੁਰਸੀ ਮਿਲੀ।
ਉੜੀਸਾ ਵਿਧਾਨਸਭਾ ਵਿੱਚ ਪਹਿਲੀ ਵਾਰ ਬਹੁਤਮ ਹਾਸਲ ਕਰਕੇ ਸਰਕਾਰ ਬਣਾਉਣ ਵਾਲੇ ਮੋਹਨ ਮਾਂਝੀ
ਹਰਿਆਣਾ ਦੇ ਮੁੱਖ ਮੰਤਰੀ ਭਜਨ ਲਾਲ ਵਾਂਗ ਬੀਜੇਪੀ ਨੇ ਜਦੋਂ ਇਸੇ ਸਾਲ ਉੜੀਸਾ ਵਿਧਾਨਸਭਾ ਵਿੱਚ ਪਹਿਲੀ ਵਾਰ ਬਹੁਤਮ ਹਾਸਲ ਕਰਕੇ ਸਰਕਾਰ ਬਣਾਈ ਤਾਂ ਸਰਪੰਚੀ ਤੋਂ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕਰਨ ਵਾਲੇ ਮੋਹਨ ਮਾਂਝੀ ਨੂੰ ਮੁੱਖ ਮੰਤਰੀ ਬਣਾਇਆ। ਉਹ ਰਾਏਕਲਾ ਪਿੰਡ ਦੇ ਸਰਪੰਚ ਬਣੇ। 52 ਸਾਲ ਦੇ ਮਾਝੀ ਦੇ ਪਿਤਾ ਚੌਕੀਦਾਰ ਸਨ ਅਤੇ ਉਨ੍ਹਾਂ ਨੇ 2000, 2004, 2019 ਅਤੇ 2024 ਵਿੱਚ ਚਾਰ ਵਾਰ ਵਿਧਾਨਸਭਾ ਲਈ ਚੁਣੇ ਗਏ ਸਨ।
ਵਿਧਾਇਕ ਚੁਣੇ ਜਾਣ ਤੋਂ ਪਹਿਲਾਂ ਉਹ ਬੀਜੇਪੀ ਦੇ ਆਦੀਵਾਸੀ ਮੋਰਚੇ ਦੇ ਪ੍ਰਧਾਨ ਵੀ ਸਨ। ਮਾਝੀ ਦੇ ਮੁੱਖ ਮੰਤਰੀ ਅਹੁਦੇ ਤੱਕ ਪਹੁੰਚਣ ਦੇ ਪਿੱਛੇ RSS ਨਾਲ ਚੰਗੇ ਰਿਸ਼ਤੇ ਵੀ ਵੱਡਾ ਕਾਰਨ ਸੀ, ਉਨ੍ਹਾਂ ਨੇ RSS ਵੱਲੋਂ ਚਲਾਏ ਜਾਂਦੇ ਸਕੂਲ ਸਰਸਵਤੀ ਸ਼ਿਸ਼ੂਵਿਦਿਆ ਮੰਦਰ ਤੋਂ ਪੜਾਈ ਵੀ ਕੀਤੀ ਸੀ। ਉੜੀਸਾ ਵਿੱਚ ਉਨ੍ਹਾਂ ਨੂੰ ਤੇਜ਼ ਤਰਾਰ ਆਗੂ ਵਜੋਂ ਜਾਣਿਆ ਜਾਂਦਾ ਸੀ। 2023 ਵਿੱਚ ਮਾਝੀ ਨੇ ਆਪਣਾ ਵਿਰੋਧ ਜਤਾਉਣ ਦੇ ਲਈ ਕਚੀ ਤਾਲ ਸਪੀਕਰ ਤੇ ਸੁੱਟ ਦਿੱਤੀ ਸੀ ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਸਸਪੈਂਡ ਵੀ ਕਰ ਦਿੱਤਾ ਸੀ।
ਮੁੱਖ ਮੰਤਰੀਆਂ ਤੋਂ ਇਲਾਵਾ ਪੰਜਾਬ ਦੇ ਕੁਝ ਹੋਰ ਦਿੱਗਜ ਸਿਆਸਤਦਾਨਾਂ ਬਾਰੇ ਤੁਹਾਨੂੰ ਦੱਸ ਦੇ ਹਾਂ ਜਿਨ੍ਹਾਂ ਨੇ ਸਰਪੰਚੀ ਤੋਂ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ।
ਇਨ੍ਹਾਂ ਵਿੱਚ ਕੇਂਦਰੀ ਵਜ਼ਾਰਤ ਤੱਕ ਪਹੁੰਚੇ ਸੁਖਦੇਵ ਸਿੰਘ ਢੀਂਡਸਾ ਦਾ ਨਾਂ ਹੈ, ਜਿਨ੍ਹਾਂ ਨੇ ਜਿਵੇਂ ਹੀ ਕਾਲਜ ਦੀ ਪੜ੍ਹਾਈ ਪੂਰੀ ਕੀਤੀ ਤਾਂ ਉਨ੍ਹਾਂ ਨੂੰ ਜੱਦੀ ਪਿੰਡ ਉਭਾਵਾਲ ਦੇ ਲੋਕਾਂ ਨੇ ਸਰਪੰਚ ਬਣਾ ਦਿੱਤਾ ਸੀ ਅਤੇ ਮਗਰੋਂ ਉਹ ਬਲਾਕ ਸਮਿਤੀ ਮੈਂਬਰ ਵੀ ਰਹੇ। ਰਾਜ ਸਭਾ ਮੈਂਬਰ ਅਤੇ ਕੈਬਨਿਟ ਮੰਤਰੀ ਰਹੇ ਬਲਵਿੰਦਰ ਸਿੰਘ ਭੂੰਦੜ, ਜੋ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਵੀ ਹਨ, ਆਪਣੇ ਪਿੰਡ ਭੂੰਦੜ ਦੇ 1964 ਤੋਂ 1972 ਤੱਕ ਸਰਪੰਚ ਰਹੇ। ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਦੇ ਪਿਤਾ ਸੰਤੋਖ ਸਿੰਘ ਰੰਧਾਵਾ, ਜੋ ਪੰਚਾਇਤ ਮੰਤਰੀ ਵੀ ਰਹੇ ਸਨ, ਉਨ੍ਹਾਂ ਨੇ ਆਪਣਾ ਸਿਆਸੀ ਸਫ਼ਰ ਪਿੰਡ ਧਾਰੋਵਾਲੀ ਦੀ ਸਰਪੰਚੀ ਤੋਂ ਸ਼ੁਰੂ ਕੀਤਾ ਸੀ। ਸੰਤੋਖ ਸਿੰਘ ਰੰਧਾਵਾ ਪੰਜਾਬ ਦੇ ਸਭ ਤੋਂ ਛੋਟੀ ਉਮਰ ਦੇ ਸਰਪੰਚ ਬਣੇ ਸਨ ਅਤੇ ਉਨ੍ਹਾਂ ਨੇ ਪੰਚਾਇਤ ਮੰਤਰੀ ਰਹਿੰਦਿਆਂ ਪੰਚਾਇਤੀ ਰਾਜ ਐਕਟ ਬਣਾਉਣ ਵਿਚ ਯੋਗਦਾਨ ਪਾਇਆ ਸੀ।
ਪੰਜਾਬ ਦੇ ਮੌਜੂਦਾ ਵਿਧਾਨਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਸਿਆਸੀ ਸਫ਼ਰ ਪਿੰਡ ਸੰਧਵਾਂ ਦੀ ਸਰਪੰਚੀ ਤੋਂ ਸ਼ੁਰੂ ਕੀਤਾ। ਉਹ 2003-08 ਦੌਰਾਨ ਪਿੰਡ ਦੇ ਸਰਪੰਚ ਰਹੇ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਆਪਣੇ ਜੱਦੀ ਪਿੰਡ ਜਗਦੇਵ ਕਲਾਂ ਦੇ ਸਰਪੰਚ ਰਹੇ ਹਨ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੀ ਆਪਣੇ ਜੱਦੀ ਪਿੰਡ ਕਟਾਰੂਚੱਕ ਦੇ ਸਰਪੰਚ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਵੀ ਸਿਆਸਤ ਦੀ ਪੌੜੀ ਸਰਪੰਚੀ ਦੇ ਡੰਡੇ ਤੋਂ ਚੜ੍ਹੇ ਹਨ। ਪਹਿਲਾਂ ਉਨ੍ਹਾਂ ਦੇ ਪਿਤਾ ਕੁਲਦੀਪ ਸਿੰਘ ਵਡਾਲਾ ਵੀ ਪਿੰਡ ਦੇ ਸਰਪੰਚ ਰਹੇ। ਵਿਧਾਇਕ ਰਹੇ ਇਕਬਾਲ ਸਿੰਘ ਝੂੰਦਾਂ ਆਪਣੇ ਪਿੰਡ ਦੇ ਤਿੰਨ ਵਾਰ ਸਰਪੰਚ ਰਹੇ ਜਦੋਂ ਕਿ ਦੋ ਵਾਰ ਅਕਾਲੀ ਵਿਧਾਇਕ ਰਹੇ ਲਖਵੀਰ ਸਿੰਘ ਲੋਧੀਨੰਗਲ ਛੇ ਵਾਰ ਸਰਪੰਚ ਰਹੇ ਹਨ।
ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਪਿੰਡ ਮਲੂਕਾ ਦੇ ਸਰਪੰਚ ਰਹੇ ਸਨ। ਜਗਦੇਵ ਸਿੰਘ ਤਲਵੰਡੀ ਵੀ ਆਪਣੇ ਪਿੰਡ ਦੇ ਦਸ ਸਾਲ ਸਰਪੰਚ ਰਹੇ ਸਨ। ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਰਹੇ ਹਰਚਰਨ ਸਿੰਘ ਹੀਰੋ, ਜੋ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹੇ ਸਨ, ਨੇ ਵੀ ਆਪਣਾ ਸਫ਼ਰ ਸਰਪੰਚੀ ਤੋਂ ਸ਼ੁਰੂ ਕੀਤਾ ਸੀ।
ਇਹ ਵੀ ਪੜ੍ਹੋ