Punjab

ਲੁਧਿਆਣਾ ‘ਚ ਗੈਸ ਲੀਕ ਹੋਣ ਕਾਰਨ ਮਚੀ ਹਫੜਾ-ਦਫੜੀ , ਕਈ ਲੋਕ ਹਸਪਤਾਲ ‘ਚ ਦਾਖਲ , CM ਮਾਨ ਨੇ ਪ੍ਰਗਟਾਇਆ ਦੁੱਖ…

ਲੁਧਿਆਣਾ ‘ਚ ਦੁੱਧ ਦੀ ਫੈਕਟਰੀ ‘ਚ ਗੈਸ ਲੀਕ ਹੋਣ ਕਾਰਨ ਹਫੜਾ-ਦਫੜੀ ਮਚ ਗਈ। ਸ਼ਹਿਰ ਦੇ ਗਿਆਸਪੁਰ ਇਲਾਕੇ ਵਿਚ ਸਿਤਾਰਾ ਸਿਨੇਮਾ ਨੇੜੇ ਦੁੱਧ ਦੀ ਫੈਕਟਰੀ ਵਿਚ ਗੈਸ ਲੀਕ ਹੋਣ ਕਾਰਨ ਦਰਜਨ ਤੋਂ ਵੱਧ ਲੋਕ ਬੇਹੋਸ਼ ਹੋ ਗਏ ਅਤੇ ਮਰਨ ਵਾਲਿਆਂ ਦੀ ਗਿਣਤੀ 6 ਤੋਂ ਵੱਧ ਕੇ 9 ਹੋ ਗਈ ਹੈ।

ਜਾਣਕਾਰੀ ਦਿੰਦਿਆਂ ਮੌਕੇ ’ਤੇ ਖੜ੍ਹੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਕ ਕਰਿਆਨਾ ਸਟੋਰ ਕੋਲ ਇਹ ਗੈਸ ਲੀਕ ਹੋਈ ਹੈ ਜਿਸ ਵਿਚ ਹੁਣ ਤੱਕ 6 ਲੋਕਾਂ ਦੀ ਮੌਤ ਹੋ ਗਈ  ਸੀ ਤੇ ਕਈ ਹੋਰ ਬਿਮਾਰ ਹੋਏ ਹਨ ਜਿਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ 200 ਤੋਂ 300 ਮੀਟਰ ਇਲਾਕਾ ਖਾਲੀ ਕਰਵਾਇਆ ਗਿਆ ਹੈ ਤੇ ਮੌਕੇ ’ਤੇ ਐਨ ਡੀ ਆਰ ਐਫ ਦੀ ਟੀਮ ਸੱਦੀ ਗਈ ਹੈ। ਇਸਦੇ ਨਾਲ ਹੀ ਡਾਕਟਰਾਂ ਦੀ ਟੀਮ ਵੀ ਸੱਦੀ ਗਈ ਹੈ।

ਫੌਰੀ ਤੌਰ ’ਤੇ ਇਹ ਸਪਸ਼ਟ ਨਹੀਂ ਹੋਇਆ ਕਿ ਗੈਸ ਕਿਥੋਂ ਲੀਕ ਹੋ ਰਹੀ ਹੈ ਤੇ ਕਿਹੜੀ ਗੈਸ ਹੈ। ਰਾਹਗੀਰ ਨੇ ਗੈਸ ਲੀਕ ਹੋਣ ਦੀ ਸੂਚਨਾ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਦਿੱਤੀ। ਸੂਚਨਾ ਤੋਂ ਬਾਅਦ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਇਲਾਕੇ ਨੂੰ ਸੀਲ ਕਰ ਦਿੱਤਾ।

ਏਡੀਸੀਪੀ ਸਮੀਰ ਵੀ ਮੌਕੇ ’ਤੇ ਪਹੁੰਚ ਗਏ ਹਨ। ਫਿਲਹਾਲ ਜਾਂਚ ਚੱਲ ਰਹੀ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਫੈਕਟਰੀ ਵਿੱਚੋਂ ਗੈਸ ਲੀਕ ਕਿਵੇਂ ਹੋਈ। ਪੁਲਿਸ ਵੱਲੋਂ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਗੈਸ ਲੀਕ ਹੋਣ ਕਾਰਨ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਇਸ ਦੇ ਨਾਲ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਬਚਾਅ ਕਾਰਜ ਜਾਰੀ ਹੈ।

ਇੱਥੋਂ ਦੀ ਵਿਧਾਇਕਾ ਰਜਿੰਦਰਪਾਲ ਕੌਰ ਨੇ ਦੱਸਿਆ ਕਿ ਇਮਾਰਤ ਵਿੱਚ ਦੁੱਧ ਦਾ ਬੂਥ ਸੀ ਅਤੇ ਜੋ ਵੀ ਸਵੇਰੇ ਇੱਥੇ ਦੁੱਧ ਲੈਣ ਗਿਆ ਤਾਂ ਉਹ ਬੇਹੋਸ਼ ਹੋ ਗਿਆ। ਇਸ ਤੋਂ ਬਾਅਦ ਘਟਨਾ ਦਾ ਪਤਾ ਲੱਗਾ। ਜਿਸ ਇਮਾਰਤ ਤੋਂ ਗੈਸ ਲੀਕ ਹੋਈ ਹੈ, ਉਸ ਦੇ 300 ਮੀਟਰ ਦੇ ਅੰਦਰ ਲੋਕ ਬੇਹੋਸ਼ ਹੋ ਰਹੇ ਹਨ। ਕਿਹੜੀ ਗੈਸ ਲੀਕ ਹੋਈ ਅਤੇ ਇਸ ਦਾ ਕਾਰਨ ਕੀ ਹੈ, ਇਹ ਜਾਣਕਾਰੀ ਅਜੇ ਨਹੀਂ ਆਈ ਹੈ।

ਇਸ ਘਟਨਾ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਪ੍ਰਗਟਾਇਆ ਹੈ ।  ਮੁੱਖ ਮੰਤਰੀ ਮਾਨ ਨੇ ਟਵੀਟ ਕਰਦਿਆਂ ਕਿਹਾ ਕਿਹਾ ਕਿ ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਫ਼ੈਕਟਰੀ ਦੀ ਗੈਸ ਲੀਕ ਦੀ ਘਟਨਾ ਬੇਹੱਦ ਦੁੱਖਦਾਇਕ ਹੈ । ਪੁਲਿਸ, ਪੑਸ਼ਾਸਨ ਅਤੇ NDRF ਟੀਮਾਂ ਮੌਕੇ ‘ਤੇ ਮੌਜੂਦ ਹਨ ਅਤੇ ਹਰ ਸੰਭਵ ਮਦਦ ਪਹੁੰਚਾਈ ਜਾ ਰਹੀ ਹੈ।