India

ਹਲਦਵਾਨੀ ਹਿੰਸਾ ‘ਚ 4 ਦੀ ਮੌਤ, ਸੈਂਕੜੇ ਪੁਲਿਸ ਕਰਮਚਾਰੀ ਜ਼ਖ਼ਮੀ, ਦੁਕਾਨਾਂ ਤੇ ਸਕੂਲ ਬੰਦ, ਸ਼ਹਿਰ ਛਾਉਣੀ ‘ਚ ਤਬਦੀਲ

6-killed-in-haldwani-violence-shops-and-schools-closed-city-transformed-into-cantonment

ਉੱਤਰਾਖੰਡ : ਵੀਰਵਾਰ ਨੂੰ ਉੱਤਰਾਖੰਡ ਦੇ ਹਲਦਵਾਨੀ ਵਿੱਚ ਪ੍ਰਸ਼ਾਸਨ ਵੱਲੋਂ ਕਬਜ਼ੇ ਹਟਾਉਣ ਦੀ ਕਾਰਵਾਈ ਦੌਰਾਨ ਹਿੰਸਾ ਭੜਕ ਗਈ। ਬਨਭੁਲਪੁਰਾ ‘ਚ ਹੋਈ ਇਸ ਹਿੰਸਾ ‘ਚ 4 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਘੱਟੋ-ਘੱਟ 100 ਲੋਕ ਜ਼ਖ਼ਮੀ ਹੋਏ ਹਨ। ਸੂਬੇ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਹੈ ਕਿ ਦੰਗਾਕਾਰੀਆਂ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ ਦਿੱਤੇ ਗਏ ਹਨ। ਨਿਊਜ਼ੀ ਏਜੰਸੀ ਏਐਨਆਈ ਦੇ ਮੁਤਾਬਕ ਹਲਦਵਾਨੀ ਹਿੰਸਾ ਬਨਭੁਲਪੁਰਾ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਪੁਲਿਸ ਕਰਮਚਾਰੀ ਜ਼ਖਮੀ ਹੋਏ ਹਨ।

ਮੁੱਖ ਮੰਤਰੀ ਪੁਸ਼ਕਰ ਧਾਮੀ ਨੇ ਇਸ ਮਾਮਲੇ ਵਿੱਚ ਉੱਚ ਪੱਧਰੀ ਮੀਟਿੰਗ ਬੁਲਾਈ ਹੈ। ਉਨ੍ਹਾਂ ਨੇ ਮੁੱਖ ਸਕੱਤਰ, ਪੁਲਿਸ ਡਾਇਰੈਕਟਰ ਜਨਰਲ, ਹੋਰ ਸੀਨੀਅਰ ਪੁਲਿਸ ਅਤੇ ਖ਼ੁਫ਼ੀਆ ਅਧਿਕਾਰੀਆਂ ਨਾਲ ਸਥਿਤੀ ਦਾ ਜਾਇਜ਼ਾ ਲਿਆ। ਸੀਐਮ ਧਾਮੀ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ।

ਸਮਾਚਾਰ ਏਜੰਸੀ ਪੀਟੀਆਈ ਦੇ ਅਨੁਸਾਰ, ਬਨਭੁਲਪੁਰਾ ਵਿੱਚ ਪੁਲਿਸ ਕਥਿਤ ਤੌਰ ‘ਤੇ ਇੱਕ ਗੈਰ-ਕਾਨੂੰਨੀ ਤੌਰ ‘ਤੇ ਬਣੇ ਮਦਰੱਸੇ ਨੂੰ ਢਾਹੁਣ ਦਾ ਕੰਮ ਕਰਵਾ ਰਹੀ ਸੀ ਜਦੋਂ ਸਥਾਨਕ ਲੋਕਾਂ ਨੇ ਅੱਗਜ਼ਨੀ ਸ਼ੁਰੂ ਕਰ ਦਿੱਤੀ ਅਤੇ ਪੱਥਰ ਸੁੱਟੇ। ਇਸ ਮਾਮਲੇ ‘ਤੇ ਪ੍ਰੈੱਸ ਕਾਨਫ਼ਰੰਸ ‘ਚ ਨੈਨੀਤਾਲ ਦੇ ਡੀਐੱਮ ਨੇ ਕਿਹਾ ਕਿ ਇਹ ਕਬਜ਼ੇ ਹਟਾਉਣ ਦੀ ਮੁਹਿੰਮ ਕਿਸੇ ਵਿਸ਼ੇਸ਼ ਖੇਤਰ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਸੀ।

ਨੈਨੀਤਾਲ ਦੀ ਡੀਐਮ ਵੰਦਨਾ ਸਿੰਘ ਨੇ ਕਿਹਾ, “ਪਿਛਲੇ 15-20 ਦਿਨਾਂ ਤੋਂ ਹਲਦਵਾਨੀ ਦੇ ਵੱਖ-ਵੱਖ ਹਿੱਸਿਆਂ ਵਿੱਚ ਕਬਜ਼ਿਆਂ ਨੂੰ ਹਟਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ, ਇਸ ਤੋਂ ਪਹਿਲਾਂ ਵੀ ਅਸੀਂ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਅਜਿਹੀਆਂ ਮੁਹਿੰਮਾਂ ਚਲਾ ਚੁੱਕੇ ਹਾਂ। ਕੋਰਟ ਦੇ ਹੁਕਮਾਂ ਮੁਤਾਬਕ ਇੱਥੇ ਸਾਰਿਆਂ ਨੂੰ ਨੋਟਿਸ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸੁਣਵਾਈ ਕਮੇਟੀ ਕੋਲ ਜਾਣ ਦਾ ਸਮਾਂ ਦਿੱਤਾ ਗਿਆ ਸੀ, ਜਿਸ ਨੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਸਭ ਕੁਝ ਹੱਲ ਕੀਤਾ। ਕੁਝ ਲੋਕਾਂ ਨੇ ਹਾਈ ਕੋਰਟ ਵਿੱਚ ਅਪੀਲ ਕੀਤੀ। ਕੁਝ ਨੂੰ ਸਮਾਂ ਮਿਲਿਆ ਅਤੇ ਕੁਝ ਨੂੰ ਨਹੀਂ। ਸਮਾਂ ਨਾ ਮਿਲਣ ’ਤੇ ਵੀ ਲੋਕ ਨਿਰਮਾਣ ਵਿਭਾਗ ਅਤੇ ਨਗਰ ਨਿਗਮ ਨੇ ਕਬਜ਼ੇ ਹਟਾਏ। ਅਜਿਹੀ ਕਾਰਵਾਈ ਕਈ ਖੇਤਰਾਂ ਵਿੱਚ ਕੀਤੀ ਗਈ ਹੈ, ਇਹ ਕਿਸੇ ਇੱਕ ਖੇਤਰ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਕਾਰਵਾਈ ਨਹੀਂ ਹੈ।