ਮਾਨਸਾ ਜ਼ਿਲ੍ਹਾ ਜੇਲ੍ਹ ‘ਚ ਨਸ਼ੇ ਦੀ ਕਥਿਤ ਤੌਰ ’ਤੇ ਸਪਲਾਈ ਹੋਣ ਦੇ ਮਾਮਲੇ ’ਚ ਮਾਨਸਾ ਜੇਲ੍ਹ ਦੇ ਦੋ ਸਹਾਇਕ ਸੁਪਰਡੈਂਟਾਂ ਸਣੇ 6 ਮੁਲਾਜ਼ਮਾਂ ਉੱਤੇ ਗਾਜ਼ ਡਿੱਗੀ ਹੈ। ਵਧੀਕ ਡਾਇਰੈਕਟਰ ਜਰਨਲ ਆਫ਼ ਪੁਲਿਸ ਜੇਲ੍ਹ ਪੰਜਾਬ ਨੇ ਹੁਕਮ ਜਾਰੀ ਕਰਦੇ ਹੋਏ ਮਾਨਸਾ ਜੇਲ੍ਹ ਦੇ 2 ਸੁਪਰਡੈਂਟਾਂ ਸਮੇਤ 6 ਜੇਲ੍ਹਰਾਂ ਨੂੰ ਸਸਪੈਂਡ ਕਰ ਦਿੱਤਾ ਹੈ।
ਜਾਣਕਾਰੀ ਮੁਤਾਬਕ ਪਿਛਲੇ ਦਿਨੀਂ ਮਾਨਸਾ ਜੇਲ੍ਹ ਵਿੱਚੋਂ ਰਿਹਾਅ ਹੋਏ ਸੁਭਾਸ਼ ਨਾਮੀ ਹਵਾਲਾਤੀ ਵੱਲੋਂ ਮਾਨਸਾ ਜੇਲ੍ਹ ਅੰਦਰ ਖੁੱਲ੍ਹੇਆਮ ਨਸ਼ਾ ਵੇਚਣ ,ਮੋਬਾਇਲ ਫ਼ੋਨ ਤੇ ਬੈਰਕਾਂ ਠੇਕੇ ਉੱਤੇ ਦੇਣ ਦੇ ਦੋਸ਼ ਲਗਾਏ ਸੀ ਤੇ ਅਨੇਕਾਂ ਜੇਲ੍ਹ ਅੰਦਰ ਵੀਡੀਓ ਪੇਸ਼ ਕੀਤੀਆਂ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਡੀ ਆਈ ਜੀ ਜੇਲ੍ਹਾਂ ਵੱਲੋਂ ਜਾਂਚ ਦੌਰਾਨ 2 ਸਹਾਇਕ ਸੁਪਰਡੈਂਟ 4 ਜੇਲ੍ਹ ਵਾਰਡਰਾਂ ਨੂੰ.ਦੋਸ਼ੀ ਪਾਉਂਦੇ ਹੋਏ ਫ਼ੌਰੀ ਡਿਊਟੀ ਤੋ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ।
ਵੇਰਵਿਆਂ ਅਨੁਸਾਰ, ਜ਼ਿਲ੍ਹਾ ਜੇਲ੍ਹ ਮਾਨਸਾ ਤੋਂ ਰਿਹਾਅ ਹੋਏ ਬੰਦੀ ਸੁਭਾਸ਼ ਕੁਮਾਰ ਅਰੋੜਾ ਪੁੱਤਰ ਮੱਖਣ ਲਾਲ ਵੱਲੋਂ ਮੀਡੀਆ ਵਿੱਚ ਖ਼ੁਲਾਸਾ ਕੀਤਾ ਗਿਆ ਸੀ ਕਿ ਮਾਨਸਾ ਜੇਲ੍ਹ ਵਿੱਚ ਬੰਦ ਆਰਥਿਕ ਪੱਖੋਂ ਤਕੜੇ ਕੈਦੀ / ਮੁਲਜ਼ਮ ਜੇਲ੍ਹ ਅਧਿਕਾਰੀਆਂ ਨੂੰ ਪੈਸੇ ਦੇ ਕੇ ਨਸ਼ਿਆਂ ਸਮੇਤ ਹਰ ਸੁੱਖ ਸਹੂਲਤ ਦਾ ਅਨੰਦ ਮਾਣਦੇ ਹਨ। ਸੁਭਾਸ਼ ਕੁਮਾਰ ਨੇ ਜੇਲ੍ਹ ਵਿੱਚ ਮੋਬਾਈਲਾਂ ਦੀ ਬੇਝਿਜਕ ਹੁੰਦੀ ਵਰਤੋਂ ਬਾਰੇ ਵੀ ਜਾਣਕਾਰੀ ਦਿੱਤੀ ਸੀ।
ਇਸ ਮਾਮਲੇ ਵਿੱਚ ਜੇਲ੍ਹ ਵਿਭਾਗ ਦੀ ਹੋਈ ਕਿਰਕਰੀ ਕਾਰਨ ਵਿਭਾਗ ਨੇ ਸਖ਼ਤ ਨੋਟਿਸ ਲਿਆ ਹੈ। ਜੇਲ੍ਹ ਵਿਭਾਗ ਦੇ ਏਡੀਜੀਪੀ ਅਰੁਨਪਾਲ ਸਿੰਘ ਵੱਲੋਂ ਜਾਰੀ ਪੱਤਰ ਮੁਤਾਬਿਕ ਵਿਭਾਗ ਵੱਲੋਂ ਦੋਸ਼ਾਂ ਦੀ ਪੜਤਾਲ ਮਗਰੋਂ ਮਾਨਸਾ ਜੇਲ੍ਹ ਦੇ ਸਹਾਇਕ ਸੁਪਰਡੈਂਟ ਭਿਵਮ ਤੇਜ਼ ਸਿੰਗਲਾ ਤੇ ਕੁਲਜੀਤ ਸਿੰਘ ਤੋਂ ਇਲਾਵਾ ਵਾਰਡਰ ਨਿਰਮਲ ਸਿੰਘ, ਹਰਪ੍ਰੀਤ ਸਿੰਘ, ਸੁਖਵੰਤ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ।