ਪਟਨਾ ਦੇ ਪਾਲ ਹੋਟਲ ਵਿੱਚ ਅੱਜ ਸਵੇਰੇ (25 ਅਪ੍ਰੈਲ) ਅਚਾਨਕ ਅੱਗ ਲੱਗ ਗਈ। ਅੱਗ ਏਨੀ ਭਿਆਨਕ ਸੀ ਕਿ ਇਸ ਨੇ ਆਸ-ਪਾਸ ਦੇ ਤਿੰਨ ਹੋਰ ਹੋਟਲਾਂ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ। ਇਸ ਹਾਦਸੇ ਵਿੱਚ 6 ਜਣਿਆਂ ਦੀ ਮੌਤ ਹੋ ਗਈ ਹੈ। ਇਸ ਵਿੱਚ 3 ਔਰਤਾਂ ਅਤੇ 3 ਪੁਰਸ਼ ਸ਼ਾਮਲ ਹਨ। 4 ਮੰਜ਼ਿਲਾ ਇਮਾਰਤ ਦੀ ਹਰ ਮੰਜ਼ਿਲ ਅੱਗ ਦੇ ਪ੍ਰਭਾਵ ’ਚ ਆਈ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇਸ ਘਟਨਾ ‘ਤੇ ਦੁੱਖ ਜ਼ਾਹਰ ਕੀਤਾ ਹੈ।
ਇਮਾਰਤ ਵਿੱਚ ਫਸੇ ਲੋਕਾਂ ਨੂੰ ਕੱਢਣ ਲਈ ਹਾਈਡਰਾ ਕਰੇਨ ਦੀ ਵੀ ਵਰਤੋਂ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਕਾਰਨ ਹੋਟਲ ‘ਚ ਰੱਖਿਆ ਸਿਲੰਡਰ ਫਟ ਗਿਆ, ਜਿਸ ਕਾਰਨ ਅੱਗ ਹੋਰ ਜ਼ਿਆਦਾ ਭੜਕ ਗਈ। ਇਸੇ ਕਰਕੇ ਨੇੜਲੇ ਹੋਟਲ ਵੀ ਅੱਗ ਜੀ ਜ਼ਦ ਵਿੱਚ ਆ ਗਏ।
पटना जंक्शन के पास होटल पाल में आग लगने की घटना में 6 लोगों की मृत्यु दुःखद। घायलों के समुचित इलाज का निर्देश दिया है। उनके शीघ्र स्वस्थ होने की कामना है। मृतकों के परिजनों को दुःख की इस घड़ी में धैर्य धारण करने की शक्ति प्रदान करने की ईश्वर से प्रार्थना है।
— Nitish Kumar (@NitishKumar) April 25, 2024
ਅੱਗ ਦੀ ਲਪੇਟ ’ਚ ਆਏ 45 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 51 ਗੱਡੀਆਂ ਨੇ ਅੱਗ ਬੁਝਾਉਣ ਲਈ ਘੰਟਿਆਂ ਬੱਧੀ ਮਸ਼ੱਕਤ ਕੀਤੀ। ਅੱਗ ਬੁਝਾਉਣ ਤੋਂ ਬਾਅਦ ਬਚਾਅ ਟੀਮ ਹੋਟਲ ਦੇ ਅੰਦਰ ਗਈ, ਜਿੱਥੋਂ ਲਾਸ਼ਾਂ ਬਾਹਰ ਕੱਢੀਆਂ ਗਈਆਂ।
SP ਸੈਂਟਰਲ ਸਤਿਆਪ੍ਰਕਾਸ਼ ਦੇ ਬਿਆਨ ਮੁਤਾਬਕ ਜ਼ਖ਼ਮੀਆਂ ਵਿੱਚੋਂ 2 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਦਕਿ 20 ਲੋਕ ਇਸ ਸਮੇਂ ਪਟਨਾ ਮੈਡੀਕਲ ਕਾਲਜ (PMCH) ਵਿੱਚ ਜ਼ੇਰੇ ਇਲਾਜ ਹਨ। ਫਿਲਹਾਲ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ, ਪਰ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ।
ਹੋਟਲ ‘ਚ ਨਾਸ਼ਤਾ ਕਰਨ ਆਏ BSF ਜਵਾਨ ਨੇ ਬਿਆਨ ਦਿੱਤਾ ਕਿ ਉਹ ਆਰਡਰ ਦੇ ਕੇ ਹੱਥ ਧੋਣ ਗਏ ਸੀ। ਅਚਾਨਕ ਪਲਾਸਟਿਕ ਨੂੰ ਅੱਗ ਲੱਗ ਗਈ ਤੇ ਫਿਰ ਸਿਲੰਡਰ ਨੇ ਅੱਗ ਫੜ ਲਈ। ਪਹਿਲਾਂ ਇੱਕ ਸਿਲੰਡਰ ਫਟਿਆ, ਫਿਰ ਦੂਜਾ ਵੀ ਫਟ ਗਿਆ। ਅੱਗ ਹੇਠਾਂ ਤੋਂ ਉੱਪਰ ਤੱਕ ਫੈਲਦੀ ਰਹੀ। ਤਿੰਨ ਜਣੇ ਹੇਠਾਂ ਛਾਲ ਮਾਰ ਗਏ। ਇਕ ਔਰਤ ਨੇ ਵੀ ਆਪਣੀ ਜਾਨ ਬਚਾਉਣ ਲਈ ਹੇਠਾਂ ਛਾਲ ਮਾਰ ਦਿੱਤੀ। ਇੱਕ ਨੌਜਵਾਨ ਦੀ ਲੱਤ ਟੁੱਟ ਗਈ। ਕਰੀਬ 45 ਮਿੰਟ ਬਾਅਦ ਫਾਇਰ ਬ੍ਰਿਗੇਡ ਪਹੁੰਚੀ।
ਬਚਾਅ ਦਲ ਦੀ ਅਗਵਾਈ ਕਰ ਰਹੇ ਫਾਇਰ ਸਰਵਿਸਿਜ਼ ਦੇ ਕਮਾਂਡੈਂਟ ਮਨੋਜ ਕੁਮਾਰ ਨੇ ਮੀਡੀਆ ਨੂੰ ਦੱਸਿਆ ਕਿ ਹਾਈਡ੍ਰੌਲਿਕ ਸਿਸਟਮ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਗਿਆ। ਜੇਕਰ ਅਜਿਹਾ ਨਾ ਹੁੰਦਾ ਤਾਂ 50 ਲੋਕਾਂ ਦੀ ਮੌਤ ਹੋ ਸਕਦੀ ਸੀ।
ਫਾਇਰ ਬ੍ਰਿਗੇਡ ਅਤੇ ਬਿਹਾਰ ਹੋਮ ਗਾਰਡ ਦੇ ਆਈਜੀ ਐੱਮ ਸੁਨੀਲ ਨਾਇਕ ਨੇ ਦੱਸਿਆ ਕਿ ਕਈ ਲੋਕਾਂ ਨੂੰ ਬਚਾ ਲਿਆ ਗਿਆ ਹੈ। 15 ਲੋਕਾਂ ਨੂੰ ਹਸਪਤਾਲ ਭੇਜਿਆ ਗਿਆ ਹੈ। ਅੱਗ ‘ਤੇ ਕਾਬੂ ਪਾਉਣ ਲਈ ਕਰੀਬ 51 ਗੱਡੀਆਂ ਲਗਾਈਆਂ ਗਈਆਂ ਸਨ।