ਸੋਮਵਾਰ ਤੜਕੇ ਉੱਤਰੀ ਅਫਗਾਨਿਸਤਾਨ ਵਿੱਚ 6.3 ਤੀਬਰਤਾ ਦਾ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ। ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਦੇ ਅਨੁਸਾਰ, ਭੂਚਾਲ ਦਾ ਕੇਂਦਰ ਮਜ਼ਾਰ-ਏ-ਸ਼ਰੀਫ ਸ਼ਹਿਰ ਦੇ ਨੇੜੇ ਜ਼ਮੀਨ ਤੋਂ ਲਗਭਗ 28 ਕਿਲੋਮੀਟਰ ਹੇਠਾਂ ਸੀ। ਮਜ਼ਾਰ-ਏ-ਸ਼ਰੀਫ ਬਲਖ ਸੂਬੇ ਦੀ ਰਾਜਧਾਨੀ ਹੈ ਅਤੇ ਅਫਗਾਨਿਸਤਾਨ ਦੇ ਸਭ ਤੋਂ ਵੱਡੇ ਸ਼ਹਿਰਾਂ ਵਿੱਚੋਂ ਇੱਕ ਹੈ।
ਰਾਜਪਾਲ ਦੇ ਬੁਲਾਰੇ ਹਾਜੀ ਜ਼ੈਦ ਨੇ ਕਿਹਾ ਕਿ ਹੁਣ ਤੱਕ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। 150 ਤੋਂ ਵੱਧ ਲੋਕ ਜ਼ਖਮੀ ਹਨ, ਅਤੇ ਕਈ ਥਾਵਾਂ ‘ਤੇ ਘਰਾਂ ਅਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। USGS ਦੇ ਅਨੁਮਾਨਾਂ ਅਨੁਸਾਰ ਮਰਨ ਵਾਲਿਆਂ ਦੀ ਗਿਣਤੀ ਸੈਂਕੜੇ ਤੱਕ ਵੱਧ ਸਕਦੀ ਹੈ।
ਅਫਗਾਨਿਸਤਾਨ ਦੀ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਨੇ ਕਿਹਾ ਕਿ ਸਵੇਰੇ 1 ਵਜੇ ਦੇ ਕਰੀਬ ਕਈ ਸੂਬਿਆਂ ਵਿੱਚ ਜ਼ਮੀਨ ਹਿੱਲ ਗਈ। ਭੂਚਾਲ ਤਾਜਿਕਸਤਾਨ, ਉਜ਼ਬੇਕਿਸਤਾਨ ਅਤੇ ਤੁਰਕਮੇਨਿਸਤਾਨ ਵਿੱਚ ਵੀ ਮਹਿਸੂਸ ਕੀਤਾ ਗਿਆ। ਮਜ਼ਾਰ-ਏ-ਸ਼ਰੀਫ ਦੀ ਮਸ਼ਹੂਰ ਨੀਲੀ ਮਸਜਿਦ ਨੂੰ ਵੀ ਨੁਕਸਾਨ ਪਹੁੰਚਿਆ। ਸੋਸ਼ਲ ਮੀਡੀਆ ‘ਤੇ ਘੁੰਮ ਰਹੀਆਂ ਵੀਡੀਓਜ਼ ਵਿੱਚ ਮਸਜਿਦ ਦਾ ਬਾਹਰੀ ਹਿੱਸਾ ਢਹਿ-ਢੇਰੀ ਹੋਇਆ ਅਤੇ ਜ਼ਮੀਨ ‘ਤੇ ਖਿੰਡਿਆ ਹੋਇਆ ਦਿਖਾਇਆ ਗਿਆ।

