ਲੁਧਿਆਣਾ (Ludhiana) ਦੇ ਪਿੰਡ ਮੁੰਡੀਆ ਕਲਾਂ ਵਿੱਚ 13 ਸਾਲਾ ਲੜਕੀ ਨੇ ਸ਼ੱਕੀ ਹਾਲਾਤਾਂ ਵਿੱਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਮ੍ਰਿਤਕਾ ਦੀ ਪਛਾਣ 13 ਸਾਲਾ ਰਿਤੂ ਕੁਮਾਰੀ (Ritu Kumari) ਵਾਸੀ ਮੁੰਡੀਆ ਕਲਾਂ (Mundian Kalan), ਲੁਧਿਆਣਾ ਵਜੋਂ ਹੋਈ ਹੈ।
ਇਸ ਦੀ ਸੂਚਨਾ ਮਿਲਦੇ ਹੀ ਥਾਣਾ ਜਮਾਲਪੁਰ ਅਧੀਨ ਪੈਂਦੀ ਮੁੰਡੀਆਂ ਕਲਾਂ ਚੌਕੀ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲੜਕੀ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੰਡੀਆ ਕਲਾਂ ਚੌਕੀ ਇੰਚਾਰਜ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਦੀ ਕਲੋਨੀ ’ਚ ਕਿਰਾਏ ਦੇ ਮਕਾਨ ’ਚ ਰਹਿ ਰਹੇ ਇਕ ਪ੍ਰਵਾਸੀ ਪਰਿਵਾਰ ਦੀ ਲੜਕੀ ਨੇ ਆਪਣੇ ਘਰ ’ਚ ਬਣੇ ਜੰਗਲੇ ’ਤੇ ਚੁੰਨੀ ਨਾਲ ਫਾਹਾ ਲੈ ਕੇ ਜਾਨ ਦੇ ਦਿੱਤੀ ਹੈ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾ ਦੀ ਮਾਂ ਵੱਲੋਂ ਹੁਣ ਤੱਕ ਦਰਜ ਕਰਵਾਏ ਬਿਆਨਾਂ ਵਿੱਚ ਪੁਲਿਸ ਨੂੰ ਦੱਸਿਆ ਕਿ ਉਸ ਦੀ ਲੜਕੀ ਨੇ ਅਜੇ ਪੰਜਵੀਂ ਜਮਾਤ ਪਾਸ ਕੀਤੀ ਹੈ। ਉਸ ਨੇ 6ਵੀਂ ਜਮਾਤ ਵਿੱਚ ਦਾਖ਼ਲਾ ਲੈਣਾ ਸੀ। ਜਿਸ ਕਾਰਨ ਉਹ ਸਰਕਾਰੀ ਸਕੂਲ ਮੁੰਡੀਆ ਕਲਾਂ ਵਿਖੇ ਦਾਖਲਾ ਲੈਣ ਗਿਆ ਸੀ। ਪਰ ਮੌਕੇ ’ਤੇ ਆਧਾਰ ਕਾਰਡ ਨਾ ਹੋਣ ਕਾਰਨ ਉਸ ਦਾ ਦਾਖ਼ਲਾ ਨਹੀਂ ਹੋ ਸਕਿਆ।
ਇਸੇ ਤੋਂ ਘਬਰਾ ਕੇ ਉਨ੍ਹਾਂ ਨੂੰ ਪਤਾ ਵੀ ਨਹੀਂ ਲੱਗਾ ਕਿ ਕਦੋਂ ਉਨ੍ਹਾਂ ਦੀ ਬੇਟੀ ਘਰ ਆ ਗਈ ਅਤੇ ਇਹ ਕਦਮ ਚੁੱਕਿਆ। ਮਾਂ ਨੇ ਦੱਸਿਆ ਕਿ ਉਹ ਹੇਠਾਂ ਬੈਠ ਕੇ ਮਕਾਨ ਮਾਲਕ ਨਾਲ ਗੱਲ ਕਰ ਰਹੀ ਸੀ ਕਿ ਇਸੇ ਦੌਰਾਨ ਇਕ ਹੋਰ ਬੱਚੇ ਨੇ ਆ ਕੇ ਇਸ ਬਾਰੇ ਉਨ੍ਹਾਂ ਨੂੰ ਦੱਸਿਆ। ਮ੍ਰਿਤਕਾ ਰਿਤੂ ਦੀ ਮਾਂ ਨੇ ਦੱਸਿਆ ਕਿ ਉਸ ਦੇ ਤਿੰਨ ਬੇਟੇ ਸਨ, ਜਿਸ ਕਾਰਨ ਉਸ ਨੇ ਆਪਣੀ ਭੈਣ ਤੋਂ ਰੀਤੂ ਨੂੰ ਗੋਦ ਲਿਆ ਸੀ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾ ਦੀ ਲਾਸ਼ ਕੋਲੋਂ ਕਿਸੇ ਕਿਸਮ ਦਾ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਲੜਕੀ ਪਹਿਲਾਂ ਗਰਿੱਲ ਕੋਲ ਗਈ, ਆਪਣੀ ਚੁੰਨੀ ਬੰਨ੍ਹ ਕੇ ਹੇਠਾਂ ਆ ਕੇ ਫਾਹਾ ਲੈ ਲਿਆ।