India

ਮਾਰਚ-ਮਈ ਦਰਮਿਆਨ ਹੀਟ ਵੇਵ ਕਾਰਨ 56 ਮੌਤਾਂ, ਹੀਟਸਟ੍ਰੋਕ ਦੇ 25,000 ਸ਼ੱਕੀ ਮਾਮਲੇ ਦਰਜ

ਦੇਸ਼ ‘ਚ ਇਸ ਸਮੇਂ ਅੱਤ ਦੀ ਗਰਮੀ ਪੈ ਰਹੀ ਹੈ। ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ। ਤੇਜ਼ ਗਰਮੀ ਦੇ ਵਿਚਕਾਰ ਇਸ ਸਾਲ ਤਾਪਮਾਨ ਕਈ ਸਾਲਾਂ ਦਾ ਰਿਕਾਰਡ ਤੋੜ ਰਿਹਾ ਹੈ। ਗਰਮੀ ਕਾਰਨ ਪਰੇਸ਼ਾਨ ਲੋਕਾਂ ਨੂੰ ਰਾਹਤ ਦੀ ਉਮੀਦ ਹੈ। ਇਸ ਦੌਰਾਨ ਸਿਹਤ ਮੰਤਰਾਲੇ ਦੇ ਅੰਕੜੇ ਸਾਹਮਣੇ ਆਏ ਹਨ ਨੇ ਜਿਨ੍ਹਾਂ ਦੇ ਮੁਤਾਬਕ ( ਮਾਰਚ, ਮਈ ਅਤੇ ਜੂਨ ਤੱਕ ) ਤਿੰਨ ਮਹੀਨਿਆਂ ਵਿੱਚ ਹੀਟ ਸਟ੍ਰੋਕ ਕਾਰਨ 56 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਮੰਤਰਾਲੇ ਦੇ ਅਧੀਨ ਕੰਮ ਕਰਨ ਵਾਲੀ ਇਕਾਈ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (ਐਨਸੀਡੀਸੀ) ਦੇ ਅਨੁਸਾਰ, ਇਕੱਲੇ ਮਈ (30 ਮਈ) ਵਿੱਚ 46 ਲੋਕਾਂ ਦੀ ਮੌਤ ਹੋ ਗਈ ਹੈ। ਅੰਕੜਿਆਂ ਮੁਤਾਬਕ ਮਾਰਚ ਤੋਂ ਮਈ ਦਰਮਿਆਨ ਹੀਟ ਸਟ੍ਰੋਕ ਦੇ 24,849 ਸ਼ੱਕੀ ਮਾਮਲੇ ਸਾਹਮਣੇ ਆਏ ਹਨ। 1 ਮਈ ਤੋਂ 30 ਅਪ੍ਰੈਲ ਤੱਕ ਹੀਟਸਟ੍ਰੋਕ ਦੇ 19,189 ਸ਼ੱਕੀ ਮਾਮਲੇ ਸਾਹਮਣੇ ਆਏ ਹਨ।

ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (ਐਨਸੀਡੀਸੀ) ਦੇ ਇਨ੍ਹਾਂ ਅੰਕੜਿਆਂ ‘ਤੇ ਇਕ ਸੂਤਰ ਨੇ ਕਿਹਾ ਕਿ ਇਸ ਅੰਕੜੇ ਵਿਚ ਉੱਤਰ ਪ੍ਰਦੇਸ਼, ਬਿਹਾਰ ਅਤੇ ਦਿੱਲੀ ਵਿਚ ਹੋਈਆਂ ਮੌਤਾਂ ਸ਼ਾਮਲ ਨਹੀਂ ਹਨ। ਅਸਲ ਗਿਣਤੀ ਇਸ ਤੋਂ ਵੱਧ ਹੋਣ ਦੀ ਸੰਭਾਵਨਾ ਹੈ।

ਦੱਸ ਦੇਈਏ ਕਿ ਦੇਸ਼ ਦੇ ਵੱਡੇ ਹਿੱਸਿਆਂ ਵਿੱਚ ਗਰਮੀ ਦੀ ਸਥਿਤੀ ਬਣੀ ਹੋਈ ਹੈ। ਵਰਣਨਯੋਗ ਹੈ ਕਿ ਸ਼ੁੱਕਰਵਾਰ ਨੂੰ ਇਕੱਲੇ ਭਾਰਤ ਵਿਚ ਹੀ ਵੱਖ-ਵੱਖ ਰਾਜਾਂ ਤੋਂ ਹੀਟ ਸਟ੍ਰੋਕ ਨਾਲ ਸਬੰਧਤ ਘੱਟੋ-ਘੱਟ 40 ਸ਼ੱਕੀ ਮੌਤਾਂ ਦੀਆਂ ਰਿਪੋਰਟਾਂ ਆਈਆਂ ਸਨ। ਇਨ੍ਹਾਂ ਵਿੱਚੋਂ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਲੋਕ ਸਭਾ ਚੋਣ ਡਿਊਟੀ ਦੌਰਾਨ 25 ਲੋਕਾਂ ਦੀ ਮੌਤ ਹੋ ਗਈ।

ਅਧਿਕਾਰੀਆਂ ਮੁਤਾਬਕ ਵੀਰਵਾਰ ਨੂੰ ਵੀ ਵੱਖ-ਵੱਖ ਸੂਬਿਆਂ ‘ਚ ਕਈ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਹੀਟਵੇਵ ਕਾਰਨ ਓਡੀਸ਼ਾ ਵਿੱਚ 10, ਬਿਹਾਰ ਵਿੱਚ ਅੱਠ, ਝਾਰਖੰਡ ਵਿੱਚ ਚਾਰ ਅਤੇ ਉੱਤਰ ਪ੍ਰਦੇਸ਼ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਰਾਜਸਥਾਨ ‘ਚ ਭਿਆਨਕ ਗਰਮੀ ਕਾਰਨ ਹੁਣ ਤੱਕ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਮੱਧ ਪ੍ਰਦੇਸ਼ ਵਿੱਚ ਪਿਛਲੇ ਤਿੰਨ ਮਹੀਨਿਆਂ ਵਿੱਚ ਗਰਮੀ ਨਾਲ ਸਬੰਧਤ ਬਿਮਾਰੀਆਂ ਕਾਰਨ 14 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਮਹਾਰਾਸ਼ਟਰ ਵਿੱਚ 11 ਲੋਕਾਂ ਦੀ ਮੌਤ ਹੋ ਗਈ ਹੈ।

ਇੱਕ ਅਧਿਕਾਰਤ ਸੂਤਰ ਨੇ ਕਿਹਾ, ਉੱਤਰ ਪ੍ਰਦੇਸ਼, ਬਿਹਾਰ ਅਤੇ ਦਿੱਲੀ ਵਰਗੇ ਰਾਜਾਂ ਵਿੱਚ ਹੀਟ ਸਟ੍ਰੋਕ ਨਾਲ ਹੋਈਆਂ ਮੌਤਾਂ ਦੀ ਅੰਤਿਮ ਰਿਪੋਰਟ ਅਜੇ ਉਪਲਬਧ ਨਹੀਂ ਹੈ। ਕੁਝ ਰਾਜਾਂ ਨੇ ਦੱਸਿਆ ਹੈ ਕਿ ਔਨਲਾਈਨ ਡੇਟਾ ਐਂਟਰੀ ਵਿੱਚ ਤਕਨੀਕੀ ਸਮੱਸਿਆਵਾਂ ਸਾਹਮਣੇ ਆਈਆਂ ਹਨ। ਸੂਤਰਾਂ ਅਨੁਸਾਰ ਰਾਜਾਂ ਤੋਂ ਪ੍ਰਾਪਤ ਅੰਕੜਿਆਂ ਨੂੰ ਅੰਤਿਮ ਨਹੀਂ ਮੰਨਿਆ ਜਾ ਸਕਦਾ, ਇਸ ਲਈ ਗਰਮੀ ਦੀ ਲਹਿਰ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ।

ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (NCDC) ਦੇ ਅਨੁਸਾਰ, ਰਿਪੋਰਟ ਕੀਤੇ ਮਾਮਲਿਆਂ ਵਿੱਚ ਮੌਤ ਦਾ ਕਾਰਨ ਹੀਟ ਸਟ੍ਰੋਕ ਜਾਂ ਹਾਈਪਰਥਰਮੀਆ ਹੈ। ਇਨ੍ਹਾਂ ਮਾਮਲਿਆਂ ਵਿੱਚ, ਮੌਤ ਦੇ ਸਮੇਂ ਸਰੀਰ ਦਾ ਤਾਪਮਾਨ 40.6 ਡਿਗਰੀ ਸੈਲਸੀਅਸ ਤੋਂ ਵੱਧ ਜਾਂ ਇਸ ਦੇ ਬਰਾਬਰ ਪਾਇਆ ਗਿਆ।

ਮਾਰਚ ਵਿੱਚ NCDC ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਗਰਮੀ ਦੀ ਲਹਿਰ ਕਾਰਨ ਮੌਤਾਂ ਦੀ ਪੁਸ਼ਟੀ ਪੋਸਟਮਾਰਟਮ ਤੋਂ ਬਾਅਦ ਕੀਤੀ ਜਾਵੇ। NCDC ਦਸਤਾਵੇਜ਼ਾਂ ਦੇ ਅਨੁਸਾਰ, ਹਸਪਤਾਲ ਪਹੁੰਚਣ ਤੋਂ ਪਹਿਲਾਂ ਕੂਲਿੰਗ ਦੇ ਯਤਨ ਕੀਤੇ ਜਾਣੇ ਚਾਹੀਦੇ ਹਨ। ਮਾਨਸਿਕ ਸਥਿਤੀ ਵਿੱਚ ਤਬਦੀਲੀਆਂ ਅਤੇ ਵਧੇ ਹੋਏ ਜਿਗਰ ਅਤੇ ਮਾਸਪੇਸ਼ੀਆਂ ਦੀਆਂ ਸਮੱਸਿਆਵਾਂ ਵੀ ਹੀਟ ਸਟ੍ਰੋਕ ਜਾਂ ਹਾਈਪੋਰਥਰਮੀਆ ਤੋਂ ਮੌਤ ਦਾ ਕਾਰਨ ਬਣ ਸਕਦੀਆਂ ਹਨ।