‘ਦ ਖ਼ਾਲਸ ਬਿਊਰੋ:- ਪੰਜਾਬ ਵਿੱਚ ਦਿਨੋ-ਦਿਨ ਬੇਰੁਜ਼ਗਾਰੀ ਦੀ ਮਾਰ ਵੱਧਦੀ ਜਾ ਰਹੀ ਹੈ। ਰਹਿੰਦੀ ਕਸਰ ਪੰਜਾਬ ਵਿੱਚ ਬਾਹਰਲੇ ਸੂਬਿਆਂ ਦੇ ਲੋਕਾਂ ਦੁਆਰਾ ਨੌਕਰੀਆਂ ਮੱਲ ਕੇ ਹੋਰ ਗੰਭੀਰ ਸਥਿਤੀ ਪੈਦਾ ਕਰ ਦਿੱਤੀ ਗਈ ਹੈ। ਹੁਣ ਪੰਜਾਬ ਵਿੱਚ ਬਾਹਰੀ ਸੂਬਿਆਂ ਦੇ ਨੌਜਵਾਨਾਂ ਦਾ ਵੱਡਾ ਕਬਜਾ ਹੋਣ ਲੱਗਿਆ ਹੈ। ਦੂਜੇ ਪਾਸੇ ਪੰਜਾਬ ਦੇ 55 ਲੱਖ ਪਰਿਵਾਰਾਂ ਦੇ 30 ਲੱਖ ਨੌਜਵਾਨ ਬੇਰੁਜ਼ਗਾਰੀ ਸਾਏ ਹੇਠ ਹਨ।

 

ਜਿਕਰਯੋਗ ਹੈ ਕਿ ਪਾਵਰਕਾਮ ਵਲੋਂ ਸੀ.ਆਰ.ਏ 293,294/19 ਰਾਹੀਂ ਜੂਨੀਅਰ ਇੰਜੀਨੀਅਰ ਇਲੈਕਟ੍ਰੀਕਲ ਦੀਆਂ 500 ਅਸਾਮੀਆਂ ਕੱਢੀਆਂ ਗਈਆਂ ਸਨ, ਜਿਸ ‘ਚ 10093 ਉਮੀਦਵਾਰ ਇਮਤਿਹਾਨ ‘ਚ ਬੈਠੇ ਸਨ। ਪਾਵਰਕਾਮ ਵੱਲੋਂ ਕੱਢੇ ਗਏ ਨਤੀਜਿਆਂ ਵਿੱਚ ਮੈਰਿਟ ਸੂਚੀ ‘ਤੇ ਝਾਤ ਮਾਰੀਏ ਤਾਂ 100 ਦੇ ਕਰੀਬ ਨੌਜਵਾਨ ਯੂ.ਪੀ., ਬਿਹਾਰ, ਹਰਿਆਣਾ, ਚੰਡੀਗੜ੍ਹ ਤੇ ਰਾਜਸਥਾਨ ਦੇ ਹਨ, ਜਿਨ੍ਹਾਂ ਨੇ ਪੰਜਾਬੀਆਂ ਨੂੰ ਪਿੱਛੇ ਛੱਡ ਦਿੱਤਾ ਹੈ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਹੋਈਆਂ ਭਰਤੀਆਂ ‘ਚ ਵੀ ਵੱਡੀ ਗਿਣਤੀ ਮੁਲਾਜ਼ਮ ਹੋਰਨਾਂ ਸੂਬਿਆਂ ਦੇ ਨਿਯੁਕਤ ਹੋਏ ਹਨ।

 

ਆਈ .ਏ.ਐਸ., ਆਈ.ਪੀ.ਐਸ., ਬੈਂਕਾਂ ਤੇ ਕੇਂਦਰੀ ਅਦਾਰਿਆਂ ‘ਚ ਪੰਜਾਬੀਆਂ ਦੀ ਗਿਣਤੀ ਪਹਿਲਾਂ ਹੀ ਮਨਫ਼ੀ ਹੋ ਰਹੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਲੌਕਡਾਊਨ ਦੇ ਚੱਲਦਿਆਂ ਬਾਹਰੀ ਸੂਬਿਆਂ ਦੇ ਭਰਤੀ ਹੋਏ ਨੌਜਵਾਨ ਆਪਣੇ ਦਸਤਾਵੇਜ਼ਾਂ ਦੀ ਪੜਤਾਲ ਲਈ ਨਹੀਂ ਆ ਸਕੇ, ਜਦਕਿ ਪਾਵਰਕਾਮ ਇਨ੍ਹਾਂ ਨਿਯੁਕਤੀਆਂ ਨੂੰ ਗਰਮੀ ਤੇ ਝੋਨੇ ਦੇ ਸੀਜ਼ਨ ਤੋਂ ਪਹਿਲਾਂ–ਪਹਿਲਾਂ ਨੇਪਰੇ ਚਾੜ੍ਹਨਾ ਚਾਹੁੰਦਾ ਸੀ ਪਰ ਉਕਤ ਕਾਰਨਾਂ ਦੇ ਚੱਲਦਿਆਂ ਜੂਨੀਅਰ ਇੰਜੀਨੀਅਰਾਂ ਦੀ ਭਰਤੀ ਅਟਕੀ ਹੋਈ ਹੈ । ਦੂਜੇ ਪਾਸੇ ਹੇਠਲੀ ਸ਼੍ਰੈਣੀ ਕਲਰਕਾਂ ਦੀ ਭਰਤੀ ‘ਤੇ ਉੱਚ ਅਦਾਲਤ ਨੇ ਅਗਲੇ ਹੁਕਮਾਂ ਤੱਕ ਰੋਕ ਲਗਾਈ ਹੋਈ ਹੈ। ਅਜਿਹੇ ਹਾਲਤਾਂ ‘ਚ ਹਜ਼ਾਰਾਂ ਨੌਜਵਾਨ ਚਿੰਤਾ ‘ਚ ਹਨ।

 

ਦੱਸ ਦੇਈਏ ਕਿ ਪੰਜਾਬ ਸਕੂਲ ਸਿੱਖਿਆ ਦੇ ਖੇਤਰ ‘ਚ ਭਾਰਤ ਅੰਦਰ 13ਵੇਂ ਸਥਾਨ ‘ਤੇ ਅਟਕਿਆ ਹੋਇਆ ਹੈ | ਪੰਜਾਬ ‘ਚ ਬਣਨ ਵਾਲੀਆਂ ਸਰਕਾਰਾਂ ਵਿਦਿਆਰਥੀਆਂ ਦੀ ਪ੍ਰਤਿਭਾ ਨਿਖਾਰਨ ਸਮੇਤ ਗੁਣਾਤਮਿਕ ਸਿੱਖਿਆ ਦੇਣ ‘ਚ ਫ਼ੇਲ੍ਹ ਸਾਬਤ ਹੋਈਆਂ ਹਨ, ਜਿਸ ਦੇ ਚੱਲਦਿਆਂ ਪੰਜਾਬ ਦੇ ਲੱਖਾਂ ਨੌਜਵਾਨ ਵਿਦੇਸ਼ਾਂ ‘ਚ ਉਡਾਰੀ ਮਾਰ ਗਏ ਹਨ, ਜਿਥੇ ਉਹ ਡਾਲਰਾਂ ਦੀ ਚਮਕ ਵੇਖਣ ਲਈ ਗੋਰਿਆਂ ਨੂੰ ਸਲੂਟ ਮਾਰ ਰਹੇ ਹਨ। ਜਦੋਂਕਿ ਇਥੇ ਵੱਖਰੀ ਪਹਿਚਾਣ ਰੱਖਦੇ ਤੇ ਜਰਖੇਜ਼ ਧਰਤੀ ਦੇ ਮਾਲਕ ਨੌਜਵਾਨ ਬਾਹਰੀ ਸੂਬਿਆਂ ਦੇ ਭਰਤੀ ਹੋ ਰਹੇ ਮੁਲਾਜ਼ਮਾਂ ਦੀ ਖਿਦਮਤ ਕਰਨਗੇ।

 

ਸੋਨੇ ਦੀ ਚਿੜੀ ਕਹਾਉਣ ਵਾਲੇ ਪੰਜਾਬ ‘ਚ ਬਾਹਰੀ ਸੂਬਿਆਂ ਦੇ ਲੋਕ ਰੁਜ਼ਗਾਰ ਲਈ ਆਉਂਦੇ ਸਨ ਪਰ ਸਿੱਖਿਆ ਨੀਤੀਆਂ ਤੇ ਡੰਮ੍ਹੀ ਯੂਨੀਵਰਸਿਟੀਆਂ ਤੇ ਕਾਲਜਾਂ ਨੇ ਘਰ ਬੈਠੇ ਵਿਦਿਆਰਥੀਆਂ ਨੂੰ ਡਿਗਰੀਆਂ ਦੇ ਕੇ ਪੜ੍ਹੇ-ਲਿਖੇ ਬੇਰੁਜ਼ਗਾਰ ਬਣਾ ਦਿੱਤਾ, ਜਿਸ ਕਾਰਨ ਪੰਜਾਬ ‘ਚ ਚਪੜਾਸੀ ਦੀ ਨੌਕਰੀ ਲਈ ਵੀ ਪੀ.ਐੱਚ.ਡੀ ਪੱਧਰ ਦੇ ਹਜਾਰਾਂ ਨੌਜਵਾਨ ਤਿਆਰ ਹਨ।

 

ਇਸ ਮਾਮਲੇ ਬਾਰੇ ਗਹਿਰੀ ਚਿੰਤਾ ਪ੍ਰਗਟਾਉਂਦਿਆਂ ਬੁੱਧੀਜੀਵੀ ਵਰਗ ਨੇ ਕਿਹਾ ਕਿ ਪੰਜਾਬ ਦੀਆਂ ਸਰਕਾਰੀ ਨੌਕਰੀਆਂ ਸਿਰਫ਼ ਪੰਜਾਬੀ ਨੌਜਵਾਨਾਂ ਨੂੰ ਹੀ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਸਾਰੇ ਢਾਂਚੇ ਲਈ ਪੰਜਾਬੀਆਂ ਨੇ ਆਪਣੀ ਵਡਮੁੱਲੀ ਤੇ ਜ਼ਰਖੇਜ਼ ਧਰਤੀ ਪ੍ਰਾਜੈਕਟ ਲਗਾਉਣ ਲਈ ਦਿੱਤੀ ਹੋਈ ਹੈ, ਇਸ ਲਈ ਇਸ ਕਾਰਪੋਰੇਸ਼ਨ ਅੰਦਰ ਸਿਰਫ਼ ਪੰਜਾਬੀ ਨੌਜਵਾਨਾਂ ਦਾ ਹੀ ਨੌਕਰੀਆਂ ‘ਤੇ ਹੱਕ ਬਣਦਾ ਹੈ। ਇਸ ਮਾਮਲੇ ਬਾਰੇ ਜਦ ਪਾਵਰਕਾਮ ਦੇ ਸਬੰਧਿਤ ਅਧਿਕਾਰੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਪੁਸ਼ਟੀ ਕਰਦਿਆਂ ਕਿਹਾ ਕਿ ਵਿਭਾਗ ਵਲੋਂ ਮੈਰਿਟ ਸੂਚੀ ਦੇ ਹਿਸਾਬ ਨਾਲ ਸਾਰੀ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਹੈ, ਪਰ ਬਾਹਰੀ ਸੂਬਿਆਂ ਦੇ ਨੌਜਵਾਨ ਆਪਣੇ ਦਸਤਾਵੇਜ਼ਾਂ ਦੀ ਪੜਤਾਲ ਲਈ ਨਹੀਂ ਆ ਸਕੇ, ਇਸ ਲਈ ਹਾਲ ਦੀ ਘੜੀ ਭਰਤੀ ਪ੍ਰਕਿਰਿਆ ਰੁਕੀ ਹੋਈ ਹੈ, ਕਿਉਂਕਿ ਉਕਤ ਅਸਾਮੀ ਦੀ ਸੀਨੀਆਰਤਾ ਸੂਚੀ ਦੇ ਮਾਮਲੇ ਨੂੰ ਲੈ ਕੇ ਸਾਰੇ ਉਮੀਦਵਾਰਾਂ ਨੂੰ ਇੱਕੋ ਸਮੇਂ ਹੀ ਨੌਕਰੀ ‘ਤੇ ਹਾਜ਼ਰ ਕਰਵਾਇਆ ਜਾਣਾ ਹੈ।

 

ਮਸਲਾ ਤਾਂ ਪੰਜਾਬ ਵਿੱਚ ਵੱਧਦੀ ਬੇਰੁਜ਼ਗਾਰੀ ਦਾ ਹੈ। ਇਹ ਬੇਰੁਜ਼ਗਾਰੀ ਭਾਵੇਂ ਸਰਕਾਰ ਵੱਲੋਂ ਸਿੱਖਿਆ ਦੇ ਮਿਆਰ ਨੂੰ ਹੇਠਾਂ ਸੁੱਟਣ ਕਰਕੇ ਆਈ ਹੋਵੇ ਜਾਂ ਫਿਰ ਬਾਹਰੀ ਸੂਬਿਆਂ ਦੇ ਲੋਕਾਂ ਵੱਲੋਂ ਪੰਜਾਬ ਵਿੱਚ ਮੱਲੀਆਂ ਨੌਕਰੀਆਂ ਕਰਕੇ ਆਈ ਹੋਵੇ। ਪੰਜਾਬ ਦੀਆਂ ਸਰਕਾਰਾਂ ਨੂੰ ਇਸ ਗੰਭੀਰ ਮਸਲੇ ਵੱਲ ਧਿਆਨ ਦੇਣ ਦੀ ਅਤਿ ਜਰੂਰਤ ਹੈ। ਨਹੀਂ ਤਾਂ ਪੰਜਾਬ ਵਿੱਚ ਬੇਰੁਜ਼ਗਾਰੀ ਕਾਰਨ ਨੌਜਵਾਨਾਂ ਦਾ ਵਿਦੇਸ਼ਾਂ ਨੂੰ ਪ੍ਰਵਾਸ ਜਾਰੀ ਰਹੇਗਾ ਅਤੇ ਬਾਕੀ ਬਚੇ ਨੌਜਵਾਨਾਂ ਵਿੱਚੋਂ ਜਿਆਦਾਤਰ ਨੌਜਵਾਨ ਬਿਮਾਰ ਮਾਨਸਿਕਤਾ ਕਰਕੇ ਨਸ਼ਿਆਂ ਵਰਗੀਆਂ ਅਲਾਮਤਾਂ ਦਾ ਸ਼ਿਕਾਰ ਹੋ ਕੇ ਰਹਿ ਜਾਣਗੇ।