‘ਦ ਖ਼ਾਲਸ ਬਿਊਰੋ:- 4 ਜੁਲਾਈ ਨੂੰ ਨਿਊਜ਼ੀਲੈਂਡ ਦੀ ਆਰਮੀ ਦੇ ਨਵੇਂ ਭਰਤੀ ਹੋਏ 63 ਮੁੰਡਿਆਂ ਦੀ ਪਾਸਿੰਗ ਪ੍ਰੇਡ ਹੋਈ। ਜਿਸ ‘ਚ ਇੱਕ 23 ਸਾਲਾ ਅੰਮ੍ਰਿਤਧਾਰੀ ਗੋਰਾ ਸਿੱਖ ਵੀ ਸ਼ਾਮਿਲ ਸੀ। ਉਸ ਦੇ ਅੰਮ੍ਰਿਤਧਾਰੀ ਹੋਣ ਦੀ ਵੱਖਰੀ ਹੀ ਪਹਿਚਾਣ ਸੀ। ਉਸ ਦੀ ਹਰੇ ਰੰਗੀ ਪੱਗ, ਪੱਗ ਉਤੇ ਆਰਮੀ ਦਾ ਲੋਗੋ, ਹਲਕੀ ਜਿਹੀ ਭੂਰੀ ਦਾੜੀ, ਮਿਲਟ੍ਰੀ ਸਲੀਕੇ ਨਾਲ ਫੜ੍ਹੀ ਬੰਦੂਕ, ਪਰ ਉਸ ਦਾ ਧਿਆਨ ਜਰਾ ਵੀ ਇਸ ਗੱਲ ਵੱਲ ਨਹੀਂ ਸੀ ਕਿ ਉਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿਚ ਲਿਆ ਸੀ।
ਇਸ ਗੋਰੇ ਸਿੱਖ ਨੌਜਵਾਨ ਦਾ ਨਾਂ ਲੂਈ ਸਿੰਘ ਖਾਲਸਾ ਹੈ ਜੋ ਨਿਊਜ਼ੀਲੈਂਡ ਦੇ ਕੈਂਟਰਬਰੀ ਦੇ ਇਕ ਸ਼ਹਿਰ ਟੀਮਾਰੂ ਦਾ ਰਹਿਣਾ ਵਾਲਾ ਹੈ। ਇਸ ਨੌਜਵਾਨ ਨੇ ਤਖਤ ਸ੍ਰੀ ਕੇਸਗੜ ਸਾਹਿਬ ਤੋਂ ਅੰਮ੍ਰਿਤ ਛੱਕਿਆ ਸੀ। ਸਿੱਖੀ ਸਰੂਪ ਵਿੱਚ ਰਹਿੰਦਿਆਂ ਦੁਨੀਆਂ ਭਰ ‘ਚ ਮਿਸਾਲ ਕਾਇਮ ਕੀਤੀ ਹੈ। ਇਸ ਨੌਜਵਾਨ ਦੀ ਮਾਤਾ ਇੰਗਲੈਂਡ ਤੋਂ ਹੈ ਅਤੇ ਪਿਤਾ ਨਿਊਜ਼ੀਲੈਂਡ ਤੋਂ ਹੈ। ਇਸਦਾ ਇਕ ਵੱਡਾ ਭਰਾ ਹੈ ਅਤੇ ਇਕ ਛੋਟੀ ਭੈਣ ਵੀ ਹੈ।
ਆਪਣੇ ਸਿੱਖੀ ਜੀਵਨ ਬਾਰੇ ਗੋਰੇ ਸਿੱਖ ਨੌਜਵਾਨ ਨੇ ਦੱਸਿਆ ਕਿ ਸਾਲ 2015 ‘ਚ ਸਕੂਲ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉਹ ਆਪਣੇ ਇਕ ਦੋਸਤ ਸਿੱਖ ਨੌਜਵਾਨ ਸ. ਤੇਜਿੰਦਰ ਸਿੰਘ (ਹੁਣ ਕੈਨੇਡਾ) ਨੂੰ ਮਿਲਿਆ। ਉਸਨੇ ਸਾਰੇ ਗੁਰੂਸਾਹਿਬਾਨਾਂ ਅਤੇ ਗੁਰਦੁਆਰਿਆ ਬਾਰੇ ਜਾਣਕਾਰੀ ਮੰਗੀ।
ਸਕੂਲ ਤੋਂ ਬਾਅਦ ਨੌਜਵਾਨ ਨੇ ਆਪਣੀ ਕਾਲਜ ਦੀ ਪੜ੍ਹਾਈ ਕ੍ਰਾਈਸਟ ਕਾਲਜ ਕ੍ਰਾਈਸਟਚਰਚ ਤੋਂ ਪੂਰੀ ਕੀਤੀ। ਫਿਰ ਉਸ ਗੋਰੇ ਸਿੱਖ ਨੌਜਵਾਨ ਨੇ ਦੱਸਿਆ ਕਿ ਮੇਰੇ ਦੋਸਤ ਨੂੰ ਮੈਂਨੂੰ ਜਦੋ ਕ੍ਰਾਈਸਟਚਰਚ ਦੇ ਗੁਰਦੁਆਰਾ ਜਗਤ ਗੁਰੂ ਨਾਨਕ ਸਾਹਿਬ ਵਿਖੇ ਆਉਣ ਲਈ ਕਿਹਾ ਤਾਂ ਮੈਂਨੂੰ ਉਥੇ ਆ ਕੇ ਇੱਕ ਵੱਖਰਾ ਸਕੂਨ ਮਿਲਿਆ।
ਫਿਰ ਉਹ ਹੌਲੀ ਹੌਲੀ ਗੁਰਬਾਣੀ ਦੇ ਇੰਗਲਿਸ਼ ਅਰਥ ਉਸ ਅੰਮ੍ਰਿਤਧਾਰੀ ਸਿੱਖ ਨੌਜਵਾਨ ਦੇ ਹਿਰਦੇ ਵੱਸ ਗਏ। ਫਿਰ ਇਹ ਹਰ ਹਫਤੇ ਗੁਰਦੁਆਰਾ ਸਾਹਿਬ ਜਾਣ ਲੱਗਾ ਜਿੱਥੇ ਉਸਨੂੰ ਸਿੱਖ ਨੌਜਵਾਨ ਭਾਈ ਸੁਖਪ੍ਰੀਤ ਸਿੰਘ, ਕਮਲ ਸਿੰਘ, ਦਿਲਰਾਜ ਸਿੰਘ, ਕੰਵਲਜੀਤ ਸਿੰਘ ਅਤੇ ਰਾਜਵਿੰਦਰ ਸਿੰਘ ਹੋਰੀਂ ਮਿਲਦੇ ਰਹਿੰਦੇ ਅਤੇ ਸਿੱਖੀ ਜੀਵਨ ਵੱਲ ਇਹ ਵੀ ਪ੍ਰੇਰਿਤ ਹੋਣ ਲੱਗਾ।
ਜੂਨ 2018 ਦੇ ਵਿਚ ਇਹ ਸਿੱਖ ਨੌਜਵਾਨ ਪੰਜਾਬ ਜਾਂਦਾ ਹੈ, ਇਕ ਸਿੱਖ ਪਰਿਵਾਰ ਨਾਲ ਰਹਿੰਦਾ ਹੈ, ਸ੍ਰੀ ਕੇਸਗੜ੍ਹ ਸਾਹਿਬ (ਸ੍ਰੀ ਅਨੰਦਪੁਰ ਸਾਹਿਬ) ਵਿਖੇ ਅੰਮ੍ਰਿਤਪਾਨ ਕਰਦਾ ਹੈ, ਚੋਲਾ ਪਹਿਨਦਾ ਹੈ, ਗੁਰਮੁਖੀ ਸਿੱਖਣੀ ਸ਼ੁਰੂ ਕਰਦਾ ਹੈ, ਬਾਣੀ ਪੜ੍ਹਨੀ ਸ਼ੁਰੂ ਕਰਦਾ ਹੈ, ਸ੍ਰੀ ਦਰਬਾਰ ਸਾਹਿਬ ਜਾਂਦਾ ਹੈ, ਸੜਕਾਂ ਉਤੇ ਲਿਖੇ ਪੰਜਾਬੀ ਬੋਰਡ ਪੜ੍ਹ ਕੇ ਪ੍ਰੈਕਟਿਸ ਕਰਦਾ ਹੈ ਅਤੇ ਵਾਪਿਸ ਨਿਊਜ਼ੀਲੈਂਡ ਆ ਕੇ ਤਬਲਾ ਅਤੇ ਕੀਰਤਨ ਸਿੱਖਣ ਲਗਦਾ ਹੈ। ਇੰਟਰਵਿਊ ਦੌਰਾਨ ਉਸਨੇ 80% ਗੱਲਬਾਤ ਪੰਜਾਬੀ ਵਿਚ ਹੀ ਕਰ ਲਈ, ਬਾਅਦ ਵਿਚ ਟਾਈਪ ਕੀਤੀ ਸਟੋਰੀ ਵੀ ਭੇਜੀ ਤਾਂ ਪਰੂਫ ਰੀਡਿੰਗ ਵੀ ਕਰ ਦਿੱਤੀ। ਸਾਰਾ ਕੁਝ ਬਾ-ਕਮਾਲ ਲੱਗਿਆ।
ਇਸ ਤਰ੍ਹਾਂ ਸਿੱਖੀ ਸਰੂਪ ਵਿੱਚ ਦਸਤਾਰ ਸਜਾ ਕੇ ਅੱਗੇ ਵਧਣਾ ਸਿੱਖ ਬੱਚਿਆਂ ਲਈ ਇਕ ਉਦਾਹਰਣ ਹੈ । ਨੌਜਵਾਨ ਦਾ ਸਿੱਖੀ ਸਰੂਪ ਵਿੱਚ ਨਿਊਜ਼ੀਲੈਂਡ ਆਰਮੀ ਦੀ ‘ਚ ਰਹਿੰਦਿਆ ਪੂਰੇ ਸਿੱਖ ਜਗਤ ਲ਼ਈ ਮਾਣ ਵਾਲੀ ਗੱਲ ਹੈ।