‘ਦ ਖ਼ਾਲਸ ਬਿਊਰੋ:- ਇੱਕ ਪਾਸੇ ਦੇਸ਼ ਕੋਰੋਨਾ ਮਹਾਂਮਾਰੀ ਕਰਕੇ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਓਧਰ ਦੂਸਰੇ ਪਾਸੇ ਮਹਾਰਾਸ਼ਟਰ ਸਰਕਾਰ ਨੇ ਆਰਥਿਕ ਸੰਕਟ ਦੌਰਾਨ ਆਪਣੇ ਮੰਤਰੀਆਂ ਲਈ 1.37 ਕਰੋੜ ਰੁਪਏ ਦੀ ਲਾਗਤ ਨਾਲ ਕਾਰਾਂ ਖਰੀਦਣ ਨੂੰ ਵਿਸ਼ੇਸ਼ ਪ੍ਰਵਾਨਗੀ ਦੇ ਦਿੱਤੀ ਹੈ।

 

ਜਿਕਰਯੋਗ ਹੈ ਕਿ ਕੋਵਿਡ-19 ਕਾਰਨ ਕੇਂਦਰ ਅਤੇ ਸੂਬਾ ਸਰਕਾਰਾਂ ਆਰਥਿਕ ਮੰਦੀ ਵਿੱਚੋਂ ਲੰਘ ਰਹੀਆਂ ਹਨ। ਪਰ ਬਾਵਯੂਦ ਇਸਦੇ ਮਹਾਰਾਸ਼ਟਰ ਸਰਕਾਰ ਨੇ ਚਾਰ ਮੰਤਰੀਆਂ, ਇੱਕ ਬਿਊਰੋਕਰੈਟ ਅਤੇ ਇੱਕ ਵਿਭਾਗ ਲਈ 6 ਲਗਜ਼ਰੀ ਕਾਰਾਂ ਖਰੀਦਣ ਦੀ ਵਿਸ਼ੇਸ਼ ਇਜਾਜ਼ਤ ਦੇ ਦਿੱਤੀ ਹੈ। ਇਨ੍ਹਾਂ ਕਾਰਾਂ ਨਾਲ ਸੂਬਾ ਸਰਕਾਰ ਦੇ ਖ਼ਜ਼ਾਨੇ ‘ਤੇ 1.37 ਕਰੋੜ ਰੁਪਏ ਦਾ ਬੋਝ ਪਵੇਗਾ।

 

ਦੱਸ ਦੇਈਏ ਕਿ ਇਨ੍ਹਾਂ ਛੇ ਕਾਰਾਂ ਵਿੱਚ ਇਨੋਵਾ ਕ੍ਰਿਸਟਾ (ਸੱਤ ਸੀਟਾਂ ਵਾਲੀ ਕਾਰ), ਜਿਸ ਵਿੱਚ ਇੱਕ ਕਾਰ ਦੀ ਕੀਮਤ 22.83 ਲੱਖ ਹੈ। ਇਨ੍ਹਾਂ ਕਾਰਾਂ ਦੀ ਵਰਤੋਂ ਸਕੂਲ ਸਿੱਖਿਆ ਮੰਤਰੀ ਵਰਸ਼ਾ ਗਾਇਕਵਾੜ, ਉਨ੍ਹਾਂ ਦੇ ਡਿਪਟੀ (ਐਮਓਐਸ) ਬੱਚੂ ਕੱਦੂ, ਖੇਡ ਮੰਤਰੀ ਸੁਨੀਲ ਕੇਦਾਰ, ਉਨ੍ਹਾਂ ਦੀ ਡਿਪਟੀ ਅਦਿੱਤੀ ਤਤਕਾੜੇ, ਸਕੂਲ ਸਿੱਖਿਆ ਅਤੇ ਖੇਡ ਵਿਭਾਗ ਦੀ ਵਧੀਕ ਮੁੱਖ ਸਕੱਤਰ ਕਰਨਗੇ, ਜਦੋਂ ਕਿ ਛੇਵੀਂ ਕਾਰ ਦਫ਼ਤਰ ਦੀ ਵਰਤੋਂ ਲਈ ਹੈ।

 

ਓਧਰ ਦੋ ਦਿਨ ਪਹਿਲਾਂ ਕੈਬਨਿਟ ਮੰਤਰੀ ਵਿਜੇ ਵਡੇਤੀਵਰ ਨੇ ਕਿਹਾ ਸੀ ਕਿ ਰਾਜ ਆਰਥਿਕ ਸੰਕਟ ਵਿੱਚੋਂ ਲੰਘ ਰਿਹਾ ਹੈ, ਜਿਸ ਕਰਕੇ ਕਰਮਚਾਰੀਆਂ ਨੂੰ ਤਨਖਾਹਾਂ ਦੇਣ ਲਈ ਕਰਜਾ ਲੈਣ ਦੀ ਜ਼ਰੂਰਤ ਪਵੇਗੀ।

 

ਮਹਾਂਰਾਸ਼ਟਰ ਸਰਕਾਰ ਦੇ ਇਸ ਫੈਸਲੇ ‘ਤੇ ਪਲਟਵਾਰ ਕਰਦਿਆਂ ਭਾਜਪਾ ਦੇ ਰਾਮ ਕਦਮ ਨੇ ਕਿਹਾ ਕਿ “ਮਹਾਰਾਸ਼ਟਰ ਦੀ ਸਰਕਾਰ ਨੇ ਆਪਣੇ ਲੋਕਾਂ ਦਾ ਸਮਰਥਨ ਨਹੀਂ ਕੀਤਾ। ਉਨ੍ਹਾਂ ਨੇ ਪੁਲਿਸ ਦੀ ਰੱਖਿਆ ਨਹੀਂ ਕੀਤੀ ਜਿਹੜੇ ਕਿ ਕੋਵਿਡ-19 ਦੇ ਯੋਧੇ ਹਨ ਅਤੇ ਨਾਂ ਹੀ ਸਰਕਾਰ ਆਪਣੇ ਕਰਮਚਾਰੀਆਂ ਦੀਆਂ ਤਨਖਾਹਾਂ ਦੇ ਸਕਦੀ ਹੈ। ਪਰ ਉਨ੍ਹਾਂ ਕੋਲ ਆਪਣੇ ਮੰਤਰੀਆਂ ਲਈ ਲਗਜ਼ਰੀ ਕਾਰਾਂ ਖਰੀਦਣ ਲਈ ਪੈਸੇ ਹਨ”।