India

ਦਿੱਲੀ ਆਬਕਾਰੀ ਘੁਟਾਲੇ ’ਚ ਮਨੀਸ਼ ਸਿਸੋਦੀਆ ਸਮੇਤ ਹੋਰਨਾਂ ਦੀ 52 ਕਰੋੜ ਦੀ ਜਾਇਦਾਦ ਕੀਤੀ ਜ਼ਬਤ

52 crore property of Manish Sisodia and others seized in Delhi excise scam

ਦਿੱਲੀ ਦੇ ਸ਼ਰਾਬ ਘੁਟਾਲੇ ਮਾਮਲੇ ਵਿੱਚ ED ਨੇ ਵੱਡੀ ਕਾਰਵਾਈ ਕੀਤੀ ਹੈ। ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਦਿੱਲੀ ਆਬਕਾਰੀ ਘੁਟਾਲੇ ਵਿਚ ਮਨੀਸ਼ ਸਿਸੋਦੀਆ, ਅਮਨਦੀਪ ਸਿੰਘ ਢੱਲ, ਰਾਜੇਸ਼ ਜੋਸ਼ੀ, ਗੌਤਮ ਮਲਹੋਤਰਾ ਤੇ ਹੋਰਨਾਂ ਦੀ 52.24 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ।

ਈਡੀ ਮੁਤਾਬਕ 52 ਕਰੋੜ ਰੁਪਏ ਦੀ ਇਸ ਚੱਲ ਅਤੇ ਅਚੱਲ ਜਾਇਦਾਦ ਵਿੱਚ ਮਨੀਸ਼ ਸਿਸੋਦੀਆ, ਉਨ੍ਹਾਂ ਦੀ ਪਤਨੀ ਸੀਮਾ ਸਿਸੋਦੀਆ ਦੀਆਂ ਦੋ ਜਾਇਦਾਦਾਂ ਦੇ ਨਾਲ-ਨਾਲ ਰਾਜੇਸ਼ ਜੋਸ਼ੀ ਅਤੇ ਗੌਤਮ ਮਲਹੋਤਰਾ ਦੀਆਂ 7 ਕਰੋੜ 29 ਲੱਖ ਰੁਪਏ ਦੀ ਜ਼ਮੀਨ ਅਤੇ ਫਲੈਟ ਸ਼ਾਮਲ ਹਨ। ਇਸ ਕੁਰਕੀ ਵਿੱਚ 44 ਕਰੋੜ 29 ਲੱਖ ਰੁਪਏ ਦੀ ਨਕਦੀ ਅਤੇ ਚੱਲ-ਅਚੱਲ ਜਾਇਦਾਦ ਹੈ। ਇਸ ਵਿੱਚੋਂ 11 ਲੱਖ 49 ਹਜ਼ਾਰ ਰੁਪਏ ਮਨੀਸ਼ ਸਿਸੋਦੀਆ ਅਤੇ 16 ਕਰੋੜ 45 ਲੱਖ ਰੁਪਏ ਬਠਿੰਡਾ ਸੇਲਜ਼ ਪ੍ਰਾਈਵੇਟ ਲਿਮਟਿਡ ਅਤੇ ਹੋਰਾਂ ਦੇ ਹਨ।

ਇਨ੍ਹਾਂ ਤੋਂ ਇਲਾਵਾ ਰਾਜੇਸ਼ ਜੋਸ਼ੀ ਦੀ ਰਥ ਪ੍ਰੋਡਕਸ਼ਨ ਮੀਡੀਆ ਪ੍ਰਾਈਵੇਟ ਲਿਮਟਿਡ ਦੀ ਜ਼ਮੀਨ ਅਤੇ ਫਲੈਟ ਅਤੇ ਗੌਤਮ ਮਲਹੋਤਰਾ ਦੀ ਜ਼ਮੀਨ ਅਤੇ ਫਲੈਟ ਵੀ ਕੁਰਕ ਕੀਤੇ ਗਏ ਹਨ। ਇਸ ਤੋਂ ਪਹਿਲਾਂ ਵਿਜੇ ਨਾਇਰ, ਸਮੀਰ ਮਹਿੰਦਰੂ, ਅਮਿਤ ਅਰੋੜਾ, ਅਰੁਣ ਪਿੱਲੈ ਦੀਆਂ 76.54 ਕਰੋੜ ਰੁਪਏ ਦੀਆਂ ਚੱਲ ਅਤੇ ਅਚੱਲ ਜਾਇਦਾਦਾਂ ਕੁਰਕ ਕੀਤੀਆਂ ਗਈਆਂ ਸਨ।

1934 ਕਰੋੜ ਦੇ ਘੁਟਾਲੇ ਵਿੱਚ ਹੁਣ ਤੱਕ 128.78 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ । ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ 1934 ਕਰੋੜ ਰੁਪਏ ਦਾ ਘਪਲਾ ਹੋਇਆ ਹੈ। ਈਡੀ ਨੇ ਹੁਣ ਤੱਕ 128.78 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ। ਇਸ ਦੇ ਨਾਲ ਹੀ 13 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਮਨੀਸ਼ ਸਿਸੋਦੀਆ ਨੂੰ ਆਬਕਾਰੀ ਨੀਤੀ ਘੁਟਾਲੇ ਦੇ ਦੋਸ਼ਾਂ ਤੋਂ ਬਾਅਦ ਸੀਬੀਆਈ ਨੇ 26 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ। ਸਿਸੋਦੀਆ ਨੂੰ ਬਾਅਦ ਵਿੱਚ ਈਡੀ ਨੇ ਇਸੇ ਮਾਮਲੇ ਨਾਲ ਸਬੰਧਿਤ ਇੱਕ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਸਿਸੋਦੀਆ ਦੀਆਂ ਮੁਸ਼ਕਲਾਂ ਵਧਦੀਆਂ ਗਈਆਂ ਅਤੇ ਉਨ੍ਹਾਂ ਨੂੰ ਅਜੇ ਤੱਕ ਅਦਾਲਤ ਤੋਂ ਰਾਹਤ ਨਹੀਂ ਮਿਲੀ ਹੈ।

3 ਜੁਲਾਈ ਨੂੰ ਹੀ ਦਿੱਲੀ ਹਾਈ ਕੋਰਟ ਨੇ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਖ਼ਾਰਜ ਕਰ ਦਿੱਤੀ ਸੀ। ਜਿਸ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਹੈ। ਉਸ ਨੇ ਆਪਣੀ ਪਤਨੀ ਸੀਮਾ ਸਿਸੋਦੀਆ ਦੀ ਖ਼ਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਜ਼ਮਾਨਤ ਲਈ ਅਰਜ਼ੀ ਦਿੱਤੀ ਹੈ।