ਅੰਮ੍ਰਿਤਸਰ ਵਿੱਚ ਇੱਕ ਸੰਸਨੀਖੇਜ਼ ਅਤੇ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ 50 ਸਾਲਾ ਮਹਿਲਾ ਬਲਵਿੰਦਰ ਕੌਰ ਉਰਫ ਬਿੰਦਰੋ ਨੇ ਆਪਣੇ 70 ਸਾਲਾ ਪ੍ਰੇਮੀ ਅਮਰ ਸਿੰਘ ਨਾਲ ਮਿਲ ਕੇ ਆਪਣੇ ਪਤੀ ਕਸ਼ਮੀਰ ਸਿੰਘ ਦਾ ਕਤਲ ਕਰ ਦਿੱਤਾ। ਮੁਲਜ਼ਮਾਂ ਨੇ ਕਤਲ ਤੋਂ ਬਾਅਦ ਲਾਸ਼ ਨੂੰ ਬਿਆਸ ਰੇਲਵੇ ਟਰੈਕ ‘ਤੇ ਸੁੱਟ ਦਿੱਤਾ, ਤਾਂ ਜੋ ਇਸ ਨੂੰ ਹਾਦਸਾ ਜਾਪੇ। ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।
ਜੀਆਰਪੀ ਪੁਲਿਸ ਥਾਣੇ ਦੇ ਮੁਖੀ ਬਲਬੀਰ ਸਿੰਘ ਘੁਮਨ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਬਿਆਸ ਰੇਲਵੇ ਲਾਈਨ ‘ਤੇ ਇੱਕ ਵਿਅਕਤੀ ਦੀ ਲਾਸ਼ ਮਿਲੀ ਸੀ, ਜਿਸ ਦੀ ਪਛਾਣ ਕਸ਼ਮੀਰ ਸਿੰਘ ਵਜੋਂ ਹੋਈ। ਜਾਂਚ ਦੌਰਾਨ ਪਤਾ ਲੱਗਾ ਕਿ ਕਸ਼ਮੀਰ ਸਿੰਘ ਦੀ ਪਤਨੀ ਬਲਵਿੰਦਰ ਕੌਰ ਦੇ ਅਮਰ ਸਿੰਘ ਨਾਲ ਲੰਮੇ ਸਮੇਂ ਤੋਂ ਨਜਾਇਜ਼ ਸੰਬੰਧ ਸਨ। ਕਸ਼ਮੀਰ ਸਿੰਘ ਇਸ ਸਬੰਧ ਨੂੰ ਲੈ ਕੇ ਅਕਸਰ ਇਤਰਾਜ਼ ਕਰਦਾ ਸੀ, ਜਿਸ ਕਾਰਨ ਦੋਵਾਂ ਮੁਲਜ਼ਮਾਂ ਨੇ ਯੋਜਨਾ ਬਣਾ ਕੇ ਉਸ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ।
ਪੁਲਿਸ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਇਹ ਕਤਲ ਨਜਾਇਜ਼ ਸੰਬੰਧਾਂ ਦੇ ਚੱਲਦਿਆਂ ਹੋਇਆ। ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ, ਤਾਂ ਜੋ ਮਾਮਲੇ ਦੀ ਹਰ ਪਹਿਲੂ ਦੀ ਡੂੰਘਾਈ ਨਾਲ ਜਾਂਚ ਹੋ ਸਕੇ।