ਮੇਰਠ : ਬਸਪਾ ਦੇ ਸਾਬਕਾ ਮੰਤਰੀ ਯਾਕੂਬ ਕੁਰੈਸ਼ੀ ਅਤੇ ਉਨ੍ਹਾਂ ਦੇ ਬੇਟੇ ਨੂੰ ਮੇਰਠ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਯਾਕੂਬ ਕੁਰੈਸ਼ੀ ਅਤੇ ਉਸ ਦਾ ਪਰਿਵਾਰ ਗੈਰ-ਕਾਨੂੰਨੀ ਮੀਟ ਪਲਾਂਟ ਦੀ ਕਾਰਵਾਈ ‘ਚ ਪਿਛਲੇ 9 ਮਹੀਨਿਆਂ ਤੋਂ ਫਰਾਰ ਸੀ। ਜਿਸ ਤੋਂ ਬਾਅਦ ਹੁਣ 50,000 ਰੁਪਏ ਦੇ ਇਨਾਮੀ ਯਾਕੂਬ ਅਤੇ ਉਸ ਦੇ ਬੇਟੇ ਇਮਰਾਨ ਨੂੰ ਦਿੱਲੀ ਦੇ ਚਾਂਦਨੀ ਮਹਿਲ ਥਾਣਾ ਖੇਤਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
31 ਮਾਰਚ, 2021 ਨੂੰ, ਪੁਲਿਸ ਨੇ ਯਾਕੂਬ ਕੁਰੈਸ਼ੀ ਦੀ ਫੈਕਟਰੀ ਐਲਪਾਈਨ ਮੀਟੈਕਸ ਪ੍ਰਾਈਵੇਟ ਲਿਮਟਿਡ ‘ਤੇ ਛਾਪਾ ਮਾਰਿਆ ਅਤੇ ਇੱਕ ਵੱਡੇ ਰੈਕੇਟ ਦਾ ਖੁਲਾਸਾ ਕੀਤਾ ਸੀ। ਅਲ ਫਹੀਮ ਮੀਟੈਕਸ ਪ੍ਰਾਈਵੇਟ ਲਿਮਟਿਡ ਵਿੱਚ ਗੈਰ-ਕਾਨੂੰਨੀ ਢੰਗ ਨਾਲ ਮੀਟ ਪਲਾਂਟ ਚਲਾਇਆ ਜਾ ਰਿਹਾ ਸੀ। ਖਰਾਬ ਮੀਟ ਪੈਕ ਕਰਕੇ ਵਿਦੇਸ਼ ਭੇਜਿਆ ਜਾ ਰਿਹਾ ਸੀ।
ਪੁਲਿਸ ਨੇ ਫੈਕਟਰੀ ਵਿੱਚੋਂ ਕਰੋੜਾਂ ਰੁਪਏ ਦਾ ਮੀਟ ਬਰਾਮਦ ਕੀਤਾ ਹੈ। ਜਿਸ ਤੋਂ ਬਾਅਦ ਯਾਕੂਬ ਕੁਰੈਸ਼ੀ ਅਤੇ ਉਸ ਦੇ ਪਰਿਵਾਰ ਸਮੇਤ 14 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਇੱਕੋ ਸਮੇਂ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਕਿ ਯਾਕੂਬ ਪਰਿਵਾਰ ਸਮੇਤ ਫ਼ਰਾਰ ਹੋ ਗਿਆ ਸੀ।
ਕਰੋੜਾਂ ਦੀ ਜਾਇਦਾਦ ਕੁਰਕ ਕੀਤੀ ਗਈ ਹੈ
ਪੁਲਿਸ ਨੇ ਇਸ ਪਰਿਵਾਰ ਖ਼ਿਲਾਫ਼ ਗੈਂਗਸਟਰ ਐਕਟ ਤਹਿਤ ਕੇਸ ਦਰਜ ਕਰਕੇ ਕਰੋੜਾਂ ਦੀ ਜਾਇਦਾਦ ਕੁਰਕ ਕਰ ਲਈ ਹੈ। ਜਿਸ ਤੋਂ ਬਾਅਦ ਯਾਕੂਬ ਕੁਰੈਸ਼ੀ ‘ਤੇ 25000 ਅਤੇ ਹੁਣ 50000 ਦਾ ਇਨਾਮ ਐਲਾਨਿਆ ਗਿਆ ਸੀ। ਯਾਕੂਬ ਅਤੇ ਉਸ ਦਾ ਪੁੱਤਰ ਇਮਰਾਨ ਕੁਰੈਸ਼ੀ ਪਿਛਲੇ 9 ਮਹੀਨਿਆਂ ਤੋਂ ਫਰਾਰ ਸਨ। ਪੁਲਿਸ ਹੁਣ ਤੱਕ ਯਾਕੂਬ ਕੁਰੈਸ਼ੀ ਅਤੇ ਉਸਦੇ ਪਰਿਵਾਰ ਦੀ ਕਰੋੜਾਂ ਦੀ ਜਾਇਦਾਦ ਗੈਂਗਸਟਰ ਐਕਟ ਤਹਿਤ ਜ਼ਬਤ ਕਰ ਚੁੱਕੀ ਹੈ। ਜਿਸ ਤੋਂ ਬਾਅਦ ਹੁਣ ਉਸ ਨੂੰ ਦਿੱਲੀ ਦੇ ਚਾਂਦਨੀ ਮਹਿਲ ਥਾਣਾ ਖੇਤਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਫਿਲਹਾਲ ਪੁਲਿਸ ਉਸ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਐਸਐਸਪੀ ਮੇਰਠ ਰੋਹਿਤ ਸਾਜਵਾਨ ਇਸ ਮਾਮਲੇ ਵਿੱਚ ਵੱਡਾ ਖੁਲਾਸਾ ਕਰਨ ਦੀ ਤਿਆਰੀ ਕਰ ਰਹੇ ਹਨ।