ਪੰਜਾਬ ਵਿੱਚ ਇੱਕ ਲੱਖ ਤੋਂ ਵੱਧ ਕਿਸਾਨਾਂ ਨੇ ਕਣਕ ਦੇ ਬੀਜ ‘ਤੇ 50 ਫ਼ੀਸਦੀ ਸਬਸਿਡੀ ਲੈਣ ਲਈ ਅਪਲਾਈ ਕੀਤਾ ਹੈ। ਇੱਥੇ 2023-24 ਵਿੱਚ, ਪ੍ਰਮਾਣਿਤ ਕਣਕ ਦੇ ਬੀਜਾਂ ‘ਤੇ ਕੁੱਲ ਬੀਜ ਦੀ ਕੀਮਤ ਦਾ 50 ਪ੍ਰਤੀਸ਼ਤ ਅਤੇ ਵੱਧ ਤੋਂ ਵੱਧ 1000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਬਸਿਡੀ ਦਿੱਤੀ ਜਾ ਰਹੀ ਹੈ।
ਪੰਜਾਬ ਦੇ ਖੇਤੀਬਾੜੀ, ਪਸ਼ੂ ਪਾਲਣ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪੰਜਾਬ ਭਰ ਵਿੱਚੋਂ ਕਿਸਾਨਾਂ ਵੱਲੋਂ ਕੁੱਲ 1,09,240 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਵਿਭਾਗ ਵੱਲੋਂ ਹੁਣ ਤੱਕ 8736.8 ਕੁਇੰਟਲ ਬੀਜਾਂ ਦੇ 21,842 ਬਿੱਲ ਪੋਰਟਲ ‘ਤੇ ਅੱਪਲੋਡ ਕੀਤੇ ਜਾ ਚੁੱਕੇ ਹਨ।
ਜਾਣਕਾਰੀ ਅਨੁਸਾਰ ਵੱਧ ਤੋਂ ਵੱਧ 5 ਏਕੜ ‘ਤੇ ਪ੍ਰਤੀ ਕਿਸਾਨ 2 ਕੁਇੰਟਲ ਕਣਕ ਦੇ ਬੀਜ ‘ਤੇ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਬਸਿਡੀ ‘ਤੇ ਬੀਜ ਮੁਹੱਈਆ ਕਰਵਾਉਣ ‘ਚ ਅਨੁਸੂਚਿਤ ਜਾਤੀ, 2.5 ਤੋਂ 5 ਏਕੜ ਤੱਕ ਦੇ ਛੋਟੇ ਕਿਸਾਨਾਂ ਅਤੇ 2.5 ਏਕੜ ਤੱਕ ਦੇ ਸੀਮਾਂਤ ਕਿਸਾਨਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ। 2023-24 ਵਿੱਚ ਕਣਕ ਦੇ ਪ੍ਰਮਾਣਿਤ ਬੀਜਾਂ ‘ਤੇ ਸਬਸਿਡੀ ਕੁੱਲ ਬੀਜ ਦੀ ਕੀਮਤ ਦਾ 50 ਫ਼ੀਸਦੀ ਅਤੇ ਵੱਧ ਤੋਂ ਵੱਧ 1000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਦਿੱਤੀ ਜਾ ਰਹੀ ਹੈ। ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਇਸ ਦਾ ਲਾਭ ਮਿਲੇ, ਇਹ ਸਾਡੀ ਤਰਜੀਹ ਹੈ।
ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਫ਼ਾਜ਼ਿਲਕਾ ਜ਼ਿਲ੍ਹੇ ਵਿੱਚੋਂ ਸਭ ਤੋਂ ਵੱਧ 11,589 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਸ ਤੋਂ ਬਾਅਦ ਸੰਗਰੂਰ ਤੋਂ 9894, ਬਠਿੰਡਾ ਤੋਂ 9282, ਸ੍ਰੀ ਮੁਕਤਸਰ ਸਾਹਿਬ ਤੋਂ 7261, ਪਟਿਆਲਾ ਤੋਂ 6205, ਮਾਨਸਾ ਤੋਂ 6139 ਅਤੇ ਫ਼ਰੀਦਕੋਟ ਅਤੇ ਹੋਰ ਜ਼ਿਲ੍ਹਿਆਂ ਤੋਂ 6047 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਕਣਕ ਦੇ ਵਧੀਆ ਬੀਜ ਮੁਹੱਈਆ ਕਰਵਾਉਣ ਲਈ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ।