India International Punjab

ਸਿਰਫ਼ 5 ਸਾਲ ਦੀ ਉਮਰ ’ਚ ਮਾਊਂਟ ਕਿਲੀਮੰਜਾਰੋ ਚੜ੍ਹਿਆ ਪੰਜਾਬ ਦਾ ਸ਼ੇਰ! ਬਣਾਇਆ ਵਿਸ਼ਵ ਰਿਕਾਰਡ! DGP ਨੇ ਦਿੱਤੀ ਵਧਾਈ

ਬਿਉਰੋ ਰਿਪੋਰਟ: ਪੰਜਾਬ ਦੇ ਰੋਪੜ ਦਾ ਰਹਿਣ ਵਾਲਾ ਪੰਜ ਸਾਲਾ ਤੇਗਬੀਰ ਸਿੰਘ (Teghbir Singh) ਅਫ਼ਰੀਕਾ ਦੀ ਸਭ ਤੋਂ ਉੱਚੀ ਚੋਟੀ 5,895 ਮੀਟਰ ਮਾਊਂਟ ਕਿਲੀਮੰਜਾਰੋ (Mount Kilimanjaro) ਨੂੰ ਸਰ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਏਸ਼ੀਆਈ ਬਣ ਗਿਆ ਹੈ। ਤੇਗਬੀਰ ਸਿੰਘ ਨੇ ਆਪਣੀ ਇਸ ਉਪਲੱਬਧੀ ਨਾਲ ਇਹ ਚੋਟੀ ਸਰ ਕਰਨ ਵਾਲੇ ਆਪਣੀ ਹੀ ਉਮਰ ਦੇ ਸਰਬੀਆਈ ਲੜਕੇ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰ ਲਈ ਹੈ।

ਇਸ ਟੀਮ ਵਿੱਚ ਤੇਗਬੀਰ ਸਿੰਘ, ਉਸਦੇ ਪਿਤਾ, ਦੋ ਗਾਈਡ ਅਤੇ ਦੋ ਸਹਾਇਕ ਸਟਾਫ ਸ਼ਾਮਲ ਸਨ। ਇਨ੍ਹਾਂ ਨੇ ਛੇ ਦਿਨਾਂ ਵਿੱਚ ਮਾਊਂਟ ਕਿਲੀਮੰਜਾਰੋ ਦੀ ਚੜ੍ਹਾਈ ਪੂਰੀ ਕੀਤੀ। 23 ਅਗਸਤ ਨੂੰ ਇਹ ਟੀਮ ਤਨਜ਼ਾਨੀਆ (Tanzania) ਵਿੱਚ ਪਹਾੜ ਦੇ ਸਭ ਤੋਂ ਉੱਚੇ ਬਿੰਦੂ ਉਹੁਰੂ ਚੋਟੀ (Uhuru peak) ’ਤੇ ਪਹੁੰਚੀ। ਉਹ ਅਸਥਾਈ ਤੰਬੂਆਂ ਵਿੱਚ ਰੁਕੇ ਅਤੇ ਮਾਚਮੇ ਰੂਟ (Machame Route) ਤੋਂ ਗਏ।

ਮਨਫ਼ੀ 10 ਡਿਗਰੀ ਸੈਲਸੀਅਸ ਵਾਲੇ ਤਾਪਮਾਨ ਦੀ ਚੋਟੀ ਦੇ ਸਿਖ਼ਰ ’ਤੇ ਪਹੁੰਚਣ ਲਈ ਘੱਟ ਆਕਸੀਜਨ ਪੱਧਰ (low oxygen levels) ਅਤੇ ਉਚਾਈ ਦੀ ਬਿਮਾਰੀ (altitude sickness) ਦਾ ਸਾਹਮਣਾ ਕਰਨ ਵਾਲੇ ਤੇਗਬੀਰ ਨੇ ਆਪਣਾ ਤਜਰਬਾ ਦੱਸਦਿਆਂ ਕਿਹਾ, “ਮੈਂ ਜਦੋਂ ਵੀ ਥੱਕ ਜਾਂਦਾ ਤਾਂ ‘ਵਾਹਿਗੁਰੂ’ ਦਾ ਜਾਪ ਕਰਨ ਲੱਗ ਜਾਂਦਾ ਸੀ।”

ਤੇਗਬੀਰ ਸਿੰਘ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਕਰੀਬ ਇੱਕ ਸਾਲ ਤੋਂ ਇਸ ਚੁਣੌਤੀ ਲਈ ਤਿਆਰੀ ਕਰ ਰਿਹਾ ਸੀ। ਉਸਨੇ ਅਪ੍ਰੈਲ ਵਿੱਚ ਮਾਉਂਟ ਐਵਰੈਸਟ ਬੇਸ ਕੈਂਪ ਦੀ ਯਾਤਰਾ ਪੂਰੀ ਕੀਤੀ।

ਤੇਗਬੀਰ ਸਿੰਘ ਦੀ ਇਸ ਪ੍ਰਾਪਤੀ ’ਤੇ ਪੰਜਾਬ ਦੇ DGP ਗੌਰਵ ਯਾਦਵ ਨੇ ਵੀ ਪੋਸਟ ਸ਼ੇਅਰ ਕਰਕੇ ਉਸ ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਲਿਖਿਆ, “ਰੋਪੜ, ਪੰਜਾਬ ਦੇ 5 ਸਾਲਾ ਤੇਗਬੀਰ ਸਿੰਘ ਦੇ ਕਿਲੀਮੰਜਾਰੋ ਪਹਾੜ ਨੂੰ ਫਤਹਿ ਕਰਨ ਵਾਲੇ ਸਭ ਤੋਂ ਘੱਟ ਉਮਰ ਦੇ ਏਸ਼ੀਅਨ ਬਣਨ ’ਤੇ ਮਾਣ ਹੈ! ਉਸਦਾ ਦ੍ਰਿੜ ਇਰਾਦਾ ਸਾਡੇ ਸਾਰਿਆਂ ਲਈ ਪ੍ਰੇਰਨਾ ਹੈ। ਉਸ ਦੀਆਂ ਪ੍ਰਾਪਤੀਆਂ ਦੂਜਿਆਂ ਨੂੰ ਉਨ੍ਹਾਂ ਦੀਆਂ ਸੀਮਾਵਾਂ ਤੋਂ ਅੱਗੇ ਵਧਣ ਅਤੇ ਮਹਾਨਤਾ ਲਈ ਕੋਸ਼ਿਸ਼ ਕਰਨ ਲਈ ਪ੍ਰੇਰਿਤ ਕਰਨ।”