India Lifestyle

ਡਰਾਈਵਰਾਂ ਲਈ ਵੱਡੀ ਚਿਤਾਵਨੀ! 5 ਵਾਰ ਟਰੈਫਿਕ ਨਿਯਮ ਤੋੜੇ ਤਾਂ ਜ਼ਬਤ ਹੋਵੇਗਾ ਲਾਇਸੈਂਸ

ਬਿਊਰੋ ਰਿਪੋਰਟ (ਨਵੀਂ ਦਿੱਲੀ, 22 ਜਨਵਰੀ 2026): ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਮੋਟਰ ਵਹੀਕਲ ਨਿਯਮਾਂ ਵਿੱਚ ਵੱਡੀ ਤਬਦੀਲੀ ਕੀਤੀ ਹੈ। ਨਵੇਂ ਨਿਯਮਾਂ ਮੁਤਾਬਕ, ਜੇਕਰ ਕੋਈ ਡਰਾਈਵਰ ਇੱਕ ਸਾਲ ਦੇ ਅੰਦਰ 5 ਜਾਂ ਇਸ ਤੋਂ ਵੱਧ ਵਾਰ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਹੈ, ਤਾਂ ਉਸ ਦਾ ਲਾਇਸੈਂਸ ਤਿੰਨ ਮਹੀਨਿਆਂ ਲਈ ਮੁਅੱਤਲ (Suspend) ਕੀਤਾ ਜਾ ਸਕਦਾ ਹੈ। ਇਹ ਨਿਯਮ 1 ਜਨਵਰੀ ਤੋਂ ਪੂਰੇ ਦੇਸ਼ ਵਿੱਚ ਲਾਗੂ ਹੋ ਚੁੱਕੇ ਹਨ।

ਕੀ ਹੋਈ ਹੈ ਤਬਦੀਲੀ?

ਪਹਿਲਾਂ ਲਾਇਸੈਂਸ ਸਿਰਫ਼ ਗੰਭੀਰ ਅਪਰਾਧਾਂ ਜਿਵੇਂ ਕਿ ਵਾਹਨ ਚੋਰੀ, ਯਾਤਰੀਆਂ ਨਾਲ ਕੁੱਟਮਾਰ, ਅਗਵਾ, ਤੇਜ਼ ਰਫ਼ਤਾਰ ਜਾਂ ਓਵਰਲੋਡਿੰਗ ਲਈ ਹੀ ਰੱਦ ਕੀਤਾ ਜਾਂਦਾ ਸੀ। ਪਰ ਹੁਣ ਹੇਲਮੇਟ ਨਾ ਪਾਉਣਾ, ਸੀਟ ਬੈਲਟ ਨਾ ਲਗਾਉਣਾ ਜਾਂ ਲਾਲ ਬੱਤੀ ਟੱਪਣ ਵਰਗੀਆਂ ਛੋਟੀਆਂ ਉਲੰਘਣਾਵਾਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ। ਜੇਕਰ ਅਜਿਹੇ 5 ਅਪਰਾਧ ਇੱਕੋ ਸਾਲ ਵਿੱਚ ਕੀਤੇ ਜਾਂਦੇ ਹਨ, ਤਾਂ RTO ਕੋਲ ਲਾਇਸੈਂਸ ਰੱਦ ਕਰਨ ਦਾ ਅਧਿਕਾਰ ਹੋਵੇਗਾ। ਹਾਲਾਂਕਿ, ਡਰਾਈਵਰ ਨੂੰ ਆਪਣਾ ਪੱਖ ਰੱਖਣ ਦਾ ਇੱਕ ਮੌਕਾ ਦਿੱਤਾ ਜਾਵੇਗਾ।

ਟੋਲ ਟੈਕਸ ਨੂੰ ਲੈ ਕੇ ਵੀ ਸਖ਼ਤੀ

ਸਰਕਾਰ ਨੇ ‘ਸੈਂਟਰਲ ਮੋਟਰ ਵਹੀਕਲਜ਼ (ਦੂਜੀ ਸੋਧ) ਨਿਯਮ, 2026’ ਦੇ ਤਹਿਤ ਟੋਲ ਟੈਕਸ ਦੀ ਉਗਰਾਹੀ ਨੂੰ ਵੀ ਵਾਹਨਾਂ ਦੀਆਂ ਸੇਵਾਵਾਂ ਨਾਲ ਜੋੜ ਦਿੱਤਾ ਹੈ। ਹੁਣ ਜੇਕਰ ਤੁਹਾਡੇ ਵਾਹਨ ਦਾ ਟੋਲ ਟੈਕਸ ਬਕਾਇਆ ਹੈ, ਤਾਂ ਤੁਸੀਂ:

  • ਵਾਹਨ ਵੇਚਣ ਲਈ NOC ਨਹੀਂ ਲੈ ਸਕੋਗੇ।
  • ਵਾਹਨ ਦਾ ਫਿਟਨੈਸ ਸਰਟੀਫਿਕੇਟ ਰੀਨਿਊ ਨਹੀਂ ਹੋਵੇਗਾ।
  • ਕਮਰਸ਼ੀਅਲ ਵਾਹਨਾਂ ਨੂੰ ਨੈਸ਼ਨਲ ਪਰਮਿਟ ਜਾਰੀ ਨਹੀਂ ਕੀਤਾ ਜਾਵੇਗਾ।