India

ਭਾਰਤੀ ਫੌਜ ਨੇ 2 ਜਵਾਨਾਂ ਦੀ ਸ਼ਹਾਦਤ ਦਾ ਲਿਆ ਬਦਲਾ! 5 ਅੱਤਵਾਦੀ ਕੀਤੇ ਢੇਰ

ਬਿਉਰੋ ਰਿਪੋਰਟ: ਜੰਮੂ-ਕਸ਼ਮੀਰ ਵਿੱਚ ਅੱਤਵਾਦੀਆਂ ਖਿਲਾਫ ਕਾਰਵਾਈ ਜਾਰੀ ਹੈ। ਬਾਰਾਮੂਲਾ ਜ਼ਿਲੇ ਵਿੱਚ ਅੱਜ ਸਵੇਰੇ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ’ਚ ਤਿੰਨ ਅੱਤਵਾਦੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਹ ਜਾਣਕਾਰੀ ਸੂਤਰਾਂ ਨੇ ਦਿੱਤੀ ਹੈ। ਅੱਤਵਾਦੀਆਂ ਦੀ ਮੌਜੂਦਗੀ ਬਾਰੇ ਖਾਸ ਖੁਫੀਆ ਸੂਚਨਾ ਦੇ ਆਧਾਰ ’ਤੇ ਭਾਰਤੀ ਫੌਜ ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਇਹ ਆਪ੍ਰੇਸ਼ਨ ਸ਼ੁਰੂ ਕੀਤਾ ਸੀ।

ਇਹ ਗੋਲੀਬਾਰੀ ਸ਼ੁੱਕਰਵਾਰ ਦੇਰ ਰਾਤ ਉੱਤਰੀ ਕਸ਼ਮੀਰ ਜ਼ਿਲ੍ਹੇ ਦੇ ਪੱਟਨ ਇਲਾਕੇ ਦੇ ਚੱਕ ਤਾਪਰ ਕ੍ਰਿੜੀ ’ਚ ਸ਼ੁਰੂ ਹੋਈ। ਇਸ ਦੌਰਾਨ, ਇੱਕ ਵੱਖਰੇ ਮੁਕਾਬਲੇ ਵਿੱਚ, ਫੌਜ ਦੀ ਰਾਈਜ਼ਿੰਗ ਸਟਾਰ ਕੋਰ ਯੂਨਿਟ ਦੇ ਜਵਾਨਾਂ ਨੇ ਸ਼ੁੱਕਰਵਾਰ ਨੂੰ ਕਠੂਆ ਵਿੱਚ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ।

ਪੁਲਿਸ ਦੇ ਇੱਕ ਅਧਿਕਾਰੀ ਮੁਤਾਬਕ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਬਲਾਂ ’ਤੇ ਗੋਲ਼ੀਬਾਰੀ ਕਰ ਦਿੱਤੀ, ਜਿਸ ਤੋਂ ਬਾਅਦ ਦੋਵਾਂ ਵਿਚਾਲੇ ਮੁੱਠਭੇੜ ਸ਼ੁਰੂ ਹੋ ਗਈ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਚਾਰੇ ਪਾਸਿਓਂ ਘੇਰ ਲਿਆ ਸੀ ਅਤੇ ਸਵੇਰੇ ਹੋਏ ਮੁਕਾਬਲੇ ’ਚ ਉਨ੍ਹਾਂ ਨੇ ਤਿੰਨ ਅੱਤਵਾਦੀਆਂ ਨੂੰ ਮਾਰ ਦਿੱਤਾ। ਅੱਤਵਾਦੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਕਿਸ ਸੰਗਠਨ ਨਾਲ ਜੁੜੇ ਹੋਏ ਸਨ।

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲੇ ਦੇ ਛਤਰੂ ਇਲਾਕੇ ’ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ’ਚ ਦੋ ਜਵਾਨ ਸ਼ਹੀਦ ਹੋ ਗਏ ਸਨ ਅਤੇ ਦੋ ਹੋਰ ਜ਼ਖ਼ਮੀ ਹੋ ਗਏ ਸਨ। ਫੌਜ ਨੇ ਦੱਸਿਆ ਕਿ ਖ਼ਾਸ ਸੂਚਨਾ ਦੇ ਆਧਾਰ ’ਤੇ ਸੁਰੱਖਿਆ ਬਲਾਂ ਨੇ ਛਤਰੂ ਇਲਾਕੇ ਦੇ ਨਾਈਘਾਮ ਇਲਾਕੇ ’ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਜਦੋਂ ਸੁਰੱਖਿਆ ਬਲ ਇਕ ਖ਼ਾਸ ਖੇਤਰ ਵੱਲ ਵਧ ਰਹੇ ਸਨ ਤਾਂ ਉੱਥੇ ਲੁਕੇ ਅੱਤਵਾਦੀਆਂ ਨੇ ਉਨ੍ਹਾਂ ’ਤੇ ਗੋਲ਼ੀਬਾਰੀ ਕਰ ਦਿੱਤੀ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕਰਦੇ ਹੋਏ ਗੋਲੀਬਾਰੀ ਕੀਤੀ।