Punjab

ਮਾਨ ਕੈਬਨਿਟ ਦੇ ਨਵੇਂ 5 ਮੰਤਰੀਆਂ ਨੇ ਚੁੱਕੀ ਸਹੁੰ, 4 ਮਾਲਵਾ,1 ਮਾਝਾ ਤੋਂ,ਇਸ ਫਾਰਮੂਲੇ ਨਾਲ ਚੁਣੇ ਮੰਤਰੀ

ਪੰਜਾਬ ਕੈਬਨਿਟ ਵਿੱਚ 17 ਮੰਤਰੀਆਂ ਸ਼ਾਮਲ ਹੋ ਸਕਦੇ ਨੇ, 3 ਮੰਤਰੀ ਲੋਕ ਸਭਾ ਚੋਣਾਂ ਦੇ ਨਜ਼ਦੀਕ ਬਣਨਗੇ

‘ਦ ਖ਼ਾਲਸ ਬਿਊਰੋ : ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਦਾ ਪਹਿਲਾ ਵਿਸਥਾਰ ਹੋ ਗਿਆ ਹੈ। ਸ਼ਾਮ 5 ਵਜੇ ਰਾਜ ਭਵਨ ਵਿੱਚ 5 ਮੰਤਰੀਆਂ ਨੂੰ ਸਹੁੰ ਚੁਕਾਈ ਗਈ। ਦੂਜੀ ਵਾਰ ਜਿੱਤ ਕੇ ਵਿਧਾਨ ਸਭਾ ਪਹੁੰਚੇ ਇਕਲੌਤੇ ਵਿਧਾਇਕ ਅਮਨ ਅਰੋੜਾ ਨੂੰ ਮਾਨ ਕੈਬਨਿਟ ਵਿਸਤਾਰ ਵਿੱਚ ਥਾਂ ਮਿਲੀ, ਇਸ ਤੋਂ ਇਲਾਵਾ ਪਹਿਲੀ ਵਾਰ ਵਿਧਾਨ ਸਭਾ ਪਹੁੰਚੇ ਡਾਕਟਰ ਇੰਦਰਬੀਰ ਸਿੰਘ ਨਿੱਝਰ, ਅਨਮੋਲ ਗਗਨ ਮਾਨ, ਚੇਤਨ ਸਿੰਘ ਜੌੜਾਮਾਜਰਾ ਅਤੇ ਫੌਜਾ ਸਿੰਘ ਸਰਾਰੀ ਨੂੰ ਵੀ ਕੈਬਨਿਟ ਵਿੱਚ ਸ਼ਾਮਲ ਕੀਤਾ ਗਿਆ ਹੈ। ਦੂਜੀ ਵਾਰ ਜਿੱਤੇ ਵਿਧਾਇਕ ਬਲਜਿੰਦਰ ਕੌਰ, ਸਰਬਜੀਤ ਕੌਰ ਮਾਣੂਕੇ ਅਤੇ ਪ੍ਰਿੰਸੀਪਲ ਬੁੱਧਰਾਮ ਨੂੰ ਇਕ ਵਾਰ ਮੁੜ ਤੋਂ ਕੈਬਨਿਟ ਵਿੱਚ ਥਾਂ ਨਹੀਂ ਦਿੱਤੀ ਗਈ ਹੈ। ਕੈਬਨਿਟ ਵਿੱਚ ਸ਼ਾਮਲ 5 ਵਿਧਾਇਕਾਂ ਵਿੱਚੋਂ 4 ਮਾਲਵਾ ਖੇਤਰ ਦੇ ਨੇ ਜਦਕਿ ਇਕ ਵਿਧਾਇਕ ਮਾਝਾ ਖੇਤਰ ਤੋਂ ਹੈ।

ਇਸ ਫਾਰਮੂਲੇ ਨਾਲ 5 ਮੰਤਰੀਆਂ ਦੀ ਚੋਣ ਹੋਈ

ਅਮਨ ਅਰੋੜਾ : ਆਪ ਦੀ ਜਿੱਤ ਤੋਂ ਬਾਅਦ ਮਾਨ ਕੈਬਨਿਟ ਵਿੱਚ ਇਕ ਨਾਂ ਤੈਅ ਸੀ ਉਹ ਸੀ ਅਮਨ ਅਰੋੜਾ ਦਾ, ਸੁਨਾਮ ਤੋਂ ਦੂਜੀ ਵਾਰ ਚੁਣੇ ਗਏ ਵਿਧਾਇਕ ਅਮਨ ਅਰੋੜਾ ਨੇ ਰਿਕਾਰਡ 75 ਹਜ਼ਾਰ ਵੋਟਾਂ ਦੇ ਫਰਕ ਨਾਲ ਚੋਣ ਜਿੱਤੀ ਸੀ , ਪਰ ਜਦੋਂ ਭਗਵੰਤ ਮਾਨ ਦੀ ਪਹਿਲੀ ਕੈਬਨਿਟ ਦੀ ਲਿਸਟ ਆਈ ਤਾਂ ਉਨ੍ਹਾਂ ਦਾ ਨਾਂ ਗਾਇਬ ਸੀ। ਸੰਗਰੂਰ ਜ਼ਿਮਨੀ ਚੋਣ ‘ਤੇ ਵੀ ਇਸ ਦਾ ਕਿੱਧਰੇ ਨਾ ਕਿੱਧਰੇ ਅਸਰ ਵੇਖਣ ਨੂੰ ਮਿਲਿਆ। ਹਾਲਾਂਕਿ ਸੁਨਾਮ ਹਲਕੇ ਤੋਂ ਆਪ ਦੇ ਉਮੀਦਵਾਰ ਨੂੰ ਲੀਡ ਮਿਲੀ ਪਰ ਉਹ ਕਾਫੀ ਘੱਟ ਸੀ। ਇਸ ਦੇ ਨਾਲ ਬਜਟ ਇਜਲਾਸ ਦੇ ਅੰਦਰ ਅਮਨ ਅਰੋੜਾ ਨੇ ਜਿਸ ਤਰ੍ਹਾਂ ਵਿਰੋਧੀ ਧਿਰਾਂ ਸਾਹਮਣੇ ਪਾਰਟੀ ਅਤੇ ਸਰਕਾਰ ਦਾ ਸਟੈਂਡ ਮਜਬੂਤੀ ਨਾਲ ਰੱਖਿਆ ਉਹ ਵੀ ਉਨ੍ਹਾਂ ਦੇ ਪੱਖ ਵਿੱਚ ਗਿਆ। ਸਿਆਸਤ ਅਤੇ ਸਰਕਾਰ ਦੇ ਕੰਮ-ਕਾਜ ਵਿੱਚ ਅਮਨ ਅਰੋੜਾ ਦੀ ਆਪਣੀ ਕਾਬਲੀਅਤ ਵੀ ਉਨ੍ਹਾਂ ਨੂੰ ਕੈਬਨਿਟ ਵਿੱਚ ਲੈ ਕੇ ਆ ਰਹੀ ਹੈ ।

ਅਨਮੋਲ ਗਗਨ ਮਾਨ : ਅਨਮੋਲ ਗਗਨ ਮਾਨ ਪਾਰਟੀ ਦਾ ਨੌਜਵਾਨ ਦੇ ਨਾਲ ਮਹਿਲਾ ਚਿਹਰਾ ਵੀ ਹੈ, ਪਾਰਟੀ ਨੇ ਚੋਣਾ ਦੌਰਾਨ ਉਨ੍ਹਾਂ ਨੂੰ ਪੰਜਾਬ ਆਪ ਦੀ ਯੂਥ ਵਿੰਗ ਦੇ ਉਪ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਸੌਂਪੀ ਸੀ। ਅਨਮੋਲ ਗਗਨ ਮਾਨ ਦਿੱਲੀ ਆਪ ਦੇ ਕਾਫੀ ਨਜ਼ਦੀਕ ਮੰਨੀ ਜਾਂਦੀ ਹੈ, ਉਨ੍ਹਾਂ ਨੇ ਚੋਣਾਂ ਦੌਰਾਨ ਕੇਜਰੀਵਾਲ ‘ਤੇ ਬਣਿਆ ਥੀਮ ਗਾਣਾ ਵੀ ਗਾਇਆ ਸੀ, ਵਿਧਾਇਕ ਬਣਨ ਤੋਂ ਬਾਅਦ ਅਨਮੋਲ ਗਗਨ ਮਾਨ ਆਪਣੇ ਹਲਕੇ ਵਿੱਚ ਸਭ ਤੋਂ ਵੱਧ ਐਕਟਿਵ ਨਜ਼ਰ ਆਈ ਹੈ ।

ਡਾਕਟਰ ਇੰਦਰਬੀਰ ਨਿੱਝਰ : ਚੋਣ ਜਿੱਤਣ ਤੋਂ ਬਾਅਦ ਜਦੋਂ ਡਾਕਟਰ ਇੰਦਰਬੀਰ ਸਿੰਘ ਨਿੱਝਰ ਨੂੰ ਪ੍ਰੋਟਾਈਮ ਸਪੀਕਰ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਤਾਂ ਮੰਨਿਆ ਜਾ ਰਿਹਾ ਸੀ ਕੀ ਪਾਰਟੀ ਉਨ੍ਹਾਂ ਨੂੰ ਸਪੀਕਰ ਦੀ ਜ਼ਿੰਮੇਵਾਰੀ ਸੌਂਪ ਸਕਦੀ ਹੈ,ਪਰ ਵਿਧਾਨ ਸਭਾ ਵਿੱਚ ਪਹਿਲੀ ਵਾਰ ਜਿੱਤ ਹਾਸਲ ਕਰਨ ਦੀ ਵਜ੍ਹਾਂ ਕਰਕੇ ਕੁਲਤਾਰ ਸੰਧਵਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ। ਵਿਧਾਇਕ ਬਣਨ ਤੋਂ ਬਾਅਦ ਇੰਦਰਬੀਰ ਸਿੰਘ ਨਿੱਝਰ ਚੀਫ ਖਾਲਸਾ ਦੀਵਾਨ ਦੀ ਚੋਣ ਜਿੱਤ ਕੇ ਪ੍ਰਧਾਨ ਵੀ ਬਣੇ ਹਨ। ਸਿੱਖ ਸਿਆਸਤ ਵਿੱਚ ਚੀਫ ਖਾਲਸਾ ਦੀਵਾਨ ਦਾ ਅਹਿਮ ਯੋਗਦਾਨ ਹੈ, ਸਿੱਖ ਸਿਆਸਤ ਦੇ ਲਿਹਾਜ਼ ਨਾਲ ਅੰਮ੍ਰਿਤਸਰ ਅਹਿਮ ਕੇਂਦਰ ਵੀ ਹੈ ਇਸ ਲਈ ਪਾਰਟੀ ਨੇ ਉਨ੍ਹਾਂ ਨੂੰ ਕੈਬਨਿਟ ਵਿੱਚ ਸ਼ਾਮਲ ਕਰਨ ਦਾ ਫੈਸਲਾ ਲਿਆ ਹੈ।

ਚੇਤਨ ਸਿੰਘ ਜੌੜਾਮਾਜਰਾ : ਚੇਤਨ ਸਿੰਘ ਜੌੜਾਮਾਜਰਾ ਨੇ 7 ਸਾਲ ਤੱਕ ਸਾਊਥ ਕੋਰੀਆਂ ਵਿੱਚ ਦਿਹਾੜੀ ਕੀਤੀ । ਪਾਰਟੀ ਨੂੰ ਕੈਬਨਿਟ ਵਿੱਚ ਅਜਿਹਾ ਚਿਹਰਾ ਚਾਹੀਦਾ ਸੀ ਜੋ ਜ਼ਮੀਨ ਨਾਲ ਜੁੜਿਆ ਹੋਵੇ, ਇਸ ਤੋਂ ਇਲਾਵਾ ਚੇਤਨ ਸਿੰਘ ਨੇ ਇਕ ਵਾਰ ਆਪਣੀ ਜਾਨ ‘ਤੇ ਖੇਡ ਕੇ ਕੁੜੀ ਨੂੰ ਕਿਡਨੈੱਪ ਹੋਣ ਤੋਂ ਬਚਾਇਆ ਸੀ ਜਿਸ ਤੋਂ ਬਾਅਦ ਉਹ ਕਾਫ਼ੀ ਮਸ਼ਹੂਰ ਹੋ ਗਏ। ਪਾਰਟੀ ਪਟਿਆਲਾ ਜ਼ਿਲ੍ਹੇ ਤੋਂ ਇਕ ਵਿਧਾਇਕ ਨੂੰ ਕੈਬਨਿਟ ਵਿੱਚ ਥਾਂ ਦੇਣਾ ਚਾਉਂਦੀ ਸੀ ਇਸ ਲਈ ਵੀ ਜੋੜਾਮਾਜਰਾ ਦੇ ਨਾਂ ‘ਤੇ ਮੋਹਰ ਲੱਗੀ ।

ਫੌਜਾ ਸਿੰਘ ਸਰਾਰੀ : ਪੰਜਾਬ ਪੁਲਿਸ ਦੇ ਸਾਬਕਾ ਇੰਸਪੈਕਟਰ ਫੌਜਾ ਸਿੰਘ ਸਰਾਰੀ ਗੁਰੂਹਰਸਹਾਏ ਦੇ ਵਿਧਾਇਕ ਹਨ। ਰਾਏ ਸਿੱਖ ਹੋਣ ਦੀ ਵਜ੍ਹਾਂ ਕਰਕੇ ਉਨ੍ਹਾਂ ਨੂੰ ਕੈਬਨਿਟ ਵਿੱਚ ਸ਼ਾਮਲ ਕੀਤਾ ਗਿਆ ਹੈ । ਫਿਰੋਜ਼ਪੁਰ ਹਲਕੇ ਅਧੀਨ ਆਉਣ ਵਾਲੇ ਗੁਰੂਹਰਸਹਾਏ ਹਲਕੇ ਵਿੱਚ ਵੱਡੀ ਗਿਣਤੀ ਵਿੱਚ ਰਾਏ ਸਿੱਖ ਰਹਿੰਦੇ ਹਨ। ਇਸ ਤੋਂ ਪਹਿਲਾਂ ਕੈਪਟਨ ਸਰਕਾਰ ਵਿੱਚ ਵੀ ਗੁਰੂਹਰਸਾਏ ਤੋਂ ਵਿਧਾਇਕ ਰਾਣਾ ਗੁਰਮੀਤ ਸੋਢੀ ਨੂੰ ਕੈਬਨਿਟ ਵਿੱਚ ਥਾਂ ਦਿੱਤੀ ਗਈ ਸੀ ।

3 ਮੰਤਰੀਆਂ ਦੇ ਅਹੁਦੇ ਇਸ ਲਈ ਖਾਲੀ ਰੱਖੇ ਗਏ

ਭਗਵੰਤ ਮਾਨ ਨੇ 10 ਮੰਤਰੀਆਂ ਨਾਲ ਸਹੁੰ ਚੁੱਕੀ ਸੀ ਪਰ ਵਿਜੇ ਸਿੰਗਲਾ ਖਿਲਾਫ਼ ਭ੍ਰਿ ਸ਼ ਟਾਚਾਰ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਕੈਬਨਿਟ ਤੋਂ ਕੱਢ ਦਿੱਤੀ ਸੀ। ਮੁੱਖ ਮੰਤਰੀ ਸਮੇਤ ਕੈਬਨਿਟ ਵਿੱਚ 17 ਕੈਬਨਿਟ ਮੰਤਰੀ ਹੁੰਦੇ ਹਨ । 5 ਨਵੇਂ ਮੰਤਰੀਆਂ ਦੇ ਸਹੁੰ ਚੁੱਕਣ ਤੋਂ ਬਾਅਦ ਹੁਣ ਇਹ ਗਿਣਤੀ 14 ਹੋ ਜਾਵੇਗੀ। 3 ਮੰਤਰੀਆਂ ਦੇ ਅਹੁਦੇ ਖਾਲੀ ਰੱਖੇ ਗਏ ਹਨ। ਮੰਨਿਆ ਜਾ ਰਿਹਾ ਹੈ ਕਿ 3 ਵਿਧਾਇਕਾਂ ਨੂੰ ਮੰਤਰੀ ਲੋਕ ਸਭਾ ਚੋਣਾਂ ਦੇ ਨਜ਼ਦੀਕ ਬਣਾਇਆ ਜਾਵੇਗਾ ।