ਬਿਉਰੋ ਰਿਪੋਰਟ (ਗੁਰਪ੍ਰੀਤ ਕੌਰ): ਮੰਗਲਵਾਰ 24 ਸਤੰਬਰ 2024 ਨੂੰ ਸਵਰਗੀ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਜਨਮ ਸ਼ਤਾਬਦੀ ਮੌਕੇ ਪਿੰਡ ਟੋਹੜਾ ਦੀ ਅਨਾਜ ਮੰਡੀ ਵਿੱਚ ਵੱਡਾ ਇਕੱਠਾ ਹੋਇਆ। ਇਸ ਮੌਕੇ ਅਸਲ ਵਿੱਚ ਦੋ ਇਕੱਠ ਕੀਤੇ ਗਏ, ਇੱਕ SGPC ਵੱਲੋਂ ਮੰਚ ਸਜਾਇਆ ਗਿਆ ਸੀ ਤੇ ਦੂਜਾ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਪ੍ਰੋਗਰਾਮ ਉਲੀਕਿਆ ਗਿਆ ਸੀ।
ਬਾਗੀ ਧੜੇ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਇਸ ਦੌਰਾਨ ਕਈ ਮਤੇ ਵੀ ਪਾਸ ਕੀਤੇ ਗਏ ਹਨ। ਇਸ ਵਿੱਚ ਫੈਸਲਾ ਲਿਆ ਗਿਆ ਕਿ ‘ਸਮਾਜਿਕ ਚੇਤਨਤਾ ਸੁਧਾਰ ਵਿੰਗ’ ਦਾ ਗਠਨ ਕੀਤਾ ਜਾਵੇਗਾ। ਇਸਦੇ ਤਹਿਤ ਸਾਰੇ ਅਕਾਲੀਆਂ, ਸਮਾਜਿਕ ਮੁੱਦਿਆਂ ਲਈ ਦਰਦ ਰੱਖਣ ਵਾਲੇ ਜਾਗਰੂਕ ਤੇ ਸਵੈ-ਸੇਵੀ ਲੋਕਾਂ ਨੂੰ ਇਸ ਮਹਾਨ ਕਾਰਜ ਲਈ ਨੇਕ ਅਤੇ ਪਾਰਦਰਸ਼ੀ ਇਰਾਦਿਆਂ ਨਾਲ ਸਾਂਝ ਪਾਉਣ ਦਾ ਸੱਦਾ ਦਿੱਤਾ ਗਿਆ ਹੈ।
ਦੂਜਾ ਅਕਾਲੀ ਦਲ ਦੇ ਬਾਗ਼ੀਆਂ ਨੇ ਸਮੂਹ ਪੰਥਕ ਜਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਹਾਨ ਪੰਥਕ ਆਗੂ ਜਥੇਦਾਰ ਟੌਹੜਾ ਦੇ ਜੀਵਨ ਤੋਂ ਸੇਧ ਲੈਂਦੇ ਹੋਏ ‘ਨਿੱਜਪ੍ਰਸਤੀ’ ਦੀ ਥਾਂ ‘ਪੰਥਪ੍ਰਸਤੀ’ ਦਾ ਮਾਰਗ ਅਪਨਾਉਣ। ਸਾਰੇ ਹੀ ਧੜਿਆਂ ਦੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਜਥੇਦਾਰ ਟੌਹੜਾ ਦੇ ਜੀਵਨ ਤੋਂ ਸੇਧ ਲੈ ਕੇ ਤਿਆਗ ਤੇ ਪੰਥਪ੍ਰਸਤੀ ਦੀ ਭਾਵਨਾ ਵਿਖਾਉਂਦੇ ਹੋਏ ਆਪਣੀ ਨਿੱਜੀ ਹਉਮੈ ਛੱਡਣ, ਅਤੇ ਇੱਕ ਝੰਡੇ ਹੇਠ ਇਕੱਠੇ ਹੋ ਕੇ ਇਸ ਜਥੇਬੰਦੀ ਨੂੰ ਮੁੜ ਪੰਥ ਦੀ ਨੁਮਾਇੰਦਾ ਜਮਾਤ ਬਣਾਉਣ ਲਈ ਸੁਹਿਰਦ ਯਤਨ ਕਰਨ।
ਇਸ ਅਪੀਲ ਦੇ ਨਾਲ ਹੀ ਆਗੂਆਂ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ, ਪ੍ਰੋਗਰਾਮ ਤੇ ਸਰਗਰਮੀਆਂ ਮੁਲਕ ਵਿੱਚ ‘ਖ਼ਾਲਸਾ ਪੰਥ ਦੇ ਬੋਲਬਾਲੇ ਕਰਾਉਣ’ ਅਤੇ ‘ਹਕੀਕੀ ਫੈਡਰਲ ਢਾਂਚੇ ਦੀ ਸਥਾਪਤੀ’ ਦੇ ਰਾਜਸੀ ਨਿਸ਼ਾਨੇ ਦੀ ਪ੍ਰਾਪਤੀ ਵੱਲ ਸੇਧਤ ਹੋਣੀਆਂ ਚਾਹੀਦੀਆਂ ਹਨ ਜਿਸ ਦਾ ਸੰਕਲਪ ਜਥੇਦਾਰ ਟੌਹੜਾ ਨੇ 1978 ਦੀ ਲੁਧਿਆਣਾ ਕਾਨਫਰੰਸ ਵਿੱਚ ਪੇਸ਼ ਕੀਤਾ ਸੀ।
SGPC ਦੀ ਮੌਜੂਦਾ ਲੀਡਰਸ਼ਿਪ ਨੂੰ ਅਪੀਲ
ਬਾਗ਼ੀ ਧੜੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੌਜੂਦਾ ਲੀਡਰਸ਼ਿਪ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਪੰਥਕ ਜਥੇਬੰਦੀ ਦੀ ਆਜ਼ਾਦ ਤੇ ਮੁਖ਼ਤਿਆਰ ਰੁਤਬੇ ਨੂੰ ਮੁੜ ਸਥਾਪਤ ਕਰਨ ਲਈ ਢੁਕਵੇਂ ਤੇ ਅਸਰਦਾਰ ਕਦਮ ਚੁੱਕੇ ਤੇ ਨਾਲ ਹੀ ਖ਼ਾਲਸਾ ਪੰਥ ਦੇ ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਦੇ ਰੁਤਬੇ ਤੇ ਵੱਕਾਰ ਨੂੰ ਕਾਇਮ ਕਰਨ ਵਾਸਤੇ ਉਨ੍ਹਾਂ ਦੀ ਨਿਯੁਕਤੀ, ਸੇਵਾ ਮੁਕਤੀ ਅਤੇ ਸੇਵਾ ਨਿਯਮ ਬਣਾਉਣ ਲਈ ਤੁਰੰਤ ਢੁਕਵੀਂ ਕਾਰਵਾਈ ਕਰੇ।
ਬਾਗ਼ੀਆਂ ਨੇ ਦੱਸਿਆ ਪੰਥਕ ਸੰਕਟ ਦਾ ਮੂਲ ਕਾਰਨ
ਅਕਾਲੀ ਦਲ ਦੇ ਬਾਗ਼ੀਆਂ ਨੇ ਅਜੋਕੇ ਪੰਥਕ ਸੰਕਟ ਦਾ ਮੂਲ ਕਾਰਨ ਵੀ ਦੱਸਿਆ ਹੈ। ਉਹ ਇਹ ਹੈ ਕਿ ਸਿੱਖ ਜਗਤ ਦੀ ਪ੍ਰਮੁੱਖ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਆਪਣੀ ਸਥਾਪਨਾ ਦੇ ਮੁੱਢਲੇ ਸਰੋਕਾਰਾਂ ਅਤੇ ਨਿਸ਼ਾਨਿਆਂ ਤੋਂ ਥਿੜਕ ਗਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਵੀ ਪ੍ਰਵਾਨ ਕਰ ਚੁੱਕੇ ਹਨ ਕਿ ਪਿਛਲੇ ਪੰਦਰਾਂ ਸਾਲਾਂ ਵਿਚ ਅਕਾਲੀ ਦਲ ਦੇ ਇਸ ਦੀਆਂ ਸਰਕਾਰਾਂ ਦੇ ਫੈਸਲਿਆਂ ਨਾਲ ਸਿੱਖ ਪੰਥ ਨੂੰ ਵੱਡੀ ਢਾਹ ਲੱਗੀ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਆਪਣੀ ‘ਆਜ਼ਾਦ ਤੇ ਖੁਦਮੁਖਤਿਆਰ’ ਹੋਂਦ ਗਵਾ ਕੇ ਕਿਸੇ ਵੇਲੇ ਆਪਣੇ ‘ਵਲੰਟੀਅਰ ਵਿੰਗ’ ਵਜੋਂ ਸਥਾਪਤ ਕੀਤੇ ਸ਼੍ਰੋਮਣੀ ਅਕਾਲੀ ਦਲ ਦਾ ਖੁਦ ਹੀ ਇਕ ਵਿੰਗ ਬਣ ਕੇ ਰਹਿ ਗਈ ਹੈ ਜਿਸ ਕਾਰਨ ਇਸ ਦੇ ਰੁਤਬੇ ਨੂੰ ਵੀ ਢਾਹ ਲੱਗ ਚੁਕੀ ਹੈ।
ਵੇਖੋ ਸਮਾਗਮ ਦੀਆਂ ਤਸਵੀਰਾਂ –