Punjab

ਕਰਜ਼ਾ ਮੋੜਨ ਲਈ ਨੂੰਹ ਨੇ ਹੀ ਕਰ ਦਿੱਤਾ ਆਪਣੇ ਘਰ ਵਿੱਚ ਕਾਰਾ, ਪੁਲਿਸ ਨੇ ਕੀਤਾ ਖੁਲਾਸਾ…

5 lakh cash-30 tola gold theft case revealed: The daughter-in-law had stolen the house to repay the loan.

ਲੁਧਿਆਣਾ ਦੇ ਦੁੱਗਰੀ ਅਰਬਨ ਅਸਟੇਟ ਦੇ ਐਮਆਈਜੀ ਫਲੈਟਾਂ ਵਿੱਚ 5 ਲੱਖ ਨਕਦੀ-30 ਤੋਲੇ ਸੋਨਾ ਚੋਰੀ ਹੋਣ ਦੇ ਮਾਮਲੇ ਵਿੱਚ ਵੱਡਾ ਖ਼ੁਲਾਸਾ ਹੋਇਆ ਹੈ। ਚੋਰ ਕੋਈ ਹੋਰ ਨਹੀਂ ਸਗੋਂ ਘਰ ਦੀ ਨੂੰਹ ਹੀ ਨਿਕਲੀ। ਔਰਤ ਨੇ ਕਿਸੇ ਤੋਂ ਕਰਜ਼ਾ ਲਿਆ ਸੀ। ਉਸ ਨੇ ਕਰਜ਼ਾ ਜਲਦੀ ਮੋੜਨ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਦੇ ਨਾਲ ਹੀ ਉਸ ਦੀ ਆਪਣੀ ਸੱਸ ਨਾਲ ਬਣਦੀ ਨਹੀਂ ਸੀ।

ਮੁਲਜ਼ਮ ਔਰਤ ਦੀ ਪਛਾਣ ਵੰਦਨਾ ਵਜੋਂ ਹੋਈ ਹੈ। ਵੰਦਨਾ ਨੇ ਖ਼ੁਦ ਘਰ ‘ਚ ਚੋਰੀ ਕੀਤੀ ਅਤੇ ਖ਼ੁਦ ਪੁਲਿਸ ਨੂੰ ਸੂਚਨਾ ਦਿੱਤੀ। ਥਾਣਾ ਦੁੱਗਰੀ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਤਲਾਸ਼ੀ ਲਈ। ਪੁਲਿਸ ਨੂੰ ਮਾਮਲਾ ਸ਼ੱਕੀ ਲੱਗਿਆ। ਜਦੋਂ ਵੰਦਨਾ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਸਚਾਈ ਦਾ ਪਰਦਾਫਾਸ਼ ਕਰ ਦਿੱਤਾ। ਵੰਦਨਾ ਨੇ ਆਪਣਾ ਜੁਰਮ ਕਬੂਲ ਕੀਤਾ।

ਔਰਤ ਨੇ ਦੱਸਿਆ ਕਿ ਉਸ ਨੇ ਕੁਝ ਲੋਕਾਂ ਨੂੰ ਪੈਸੇ ਦੇਣੇ ਹਨ। ਜਿਸ ਕਾਰਨ ਉਸ ਨੇ ਆਪਣੇ ਸਹੁਰੇ ਘਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਤੋਂ ਪਹਿਲਾਂ ਵੰਦਨਾ ਨੇ ਪੁਲਸ ਨੂੰ ਦੱਸਿਆ ਸੀ ਕਿ ਸੋਮਵਾਰ ਨੂੰ ਪਲਾਟ ਦੀ ਬਿਆਨਾ ਰਾਸ਼ੀ ਲੈਣ ਲਈ ਅਲਮਾਰੀ ‘ਚ ਪੈਸੇ ਰੱਖੇ ਹੋਏ ਸਨ, ਜੋ ਕਿਸੇ ਅਣਪਛਾਤੇ ਵਿਅਕਤੀ ਨੇ ਚੋਰੀ ਕਰ ਲਏ।

ਸ਼ੱਕ ‘ਤੇ ਪੁੱਛਗਿੱਛ

ਡਿਪਟੀ ਕਮਿਸ਼ਨਰ ਆਫ਼ ਪੁਲਿਸ (ਡੀ.ਸੀ.ਪੀ., ਦਿਹਾਤੀ) ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਜਾਂਚ ਦੌਰਾਨ ਪੁਲਿਸ ਨੂੰ ਇੱਕ ਅੰਦਰੂਨੀ ਵਿਅਕਤੀ ਦੀ ਸ਼ਮੂਲੀਅਤ ਦਾ ਸ਼ੱਕ ਹੈ ਜਿਸ ਨੂੰ ਇਸ ਗੱਲ ਦਾ ਅੰਦਾਜ਼ਾ ਸੀ ਕਿ ਨਕਦੀ ਅਤੇ ਸੋਨਾ ਕਿੱਥੇ ਰੱਖਿਆ ਗਿਆ ਸੀ। ਪੁਲਿਸ ਨੇ ਸ਼ਿਕਾਇਤਕਰਤਾ ਦੀ ਨੂੰਹ ਵੰਦਨਾ ਨਾਰੰਗ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ।

ਗਹਿਣੇ ਘਰ ਵਿੱਚ ਹੀ ਛੁਪਾਏ ਹੋਏ ਸਨ

ਵੰਦਨਾ ਨਾਰੰਗ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ‘ਚੋਂ 4.27 ਲੱਖ ਰੁਪਏ, 100 ਗ੍ਰਾਮ ਸੋਨਾ ਅਤੇ 60 ਗ੍ਰਾਮ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਹਨ। ਉਸ ਨੇ ਪੈਸੇ ਅਤੇ ਗਹਿਣੇ ਘਰ ਵਿੱਚ ਹੀ ਛੁਪਾ ਲਏ ਸਨ।

ਪਤਾ ਲੱਗਾ ਹੈ ਕਿ ਵੰਦਨਾ ਦੇ ਆਪਣੀ ਸੱਸ ਅਤੇ ਸਹੁਰੇ ਨਾਲ ਤਣਾਅਪੂਰਨ ਸਬੰਧ ਸਨ। ਸੋਮਵਾਰ ਸਵੇਰੇ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦਾ ਪਤੀ, ਸਹੁਰਾ ਕੰਮ ‘ਤੇ ਗਏ ਹੋਏ ਸਨ, ਸੱਸ ਸੈਰ ‘ਤੇ ਗਈ ਹੋਈ ਸੀ ਜਦਕਿ ਬਾਕੀ ਮੈਂਬਰ ਸੁੱਤੇ ਪਏ ਸਨ ਤਾਂ ਉਸ ਨੇ ਨਕਦੀ ਅਤੇ ਗਹਿਣੇ ਚੋਰੀ ਕਰ ਲਏ।