The Khalas Tv Blog India ਕਈ ਦਿਨਾਂ ਬਾਅਦ ਗਰਮ ਹੋਏ ਮੋਰਚੇ ਦੇ ਲੀਡਰਾਂ ਦੇ 5 ਵੱਡੇ ਐਲਾਨ
India Punjab

ਕਈ ਦਿਨਾਂ ਬਾਅਦ ਗਰਮ ਹੋਏ ਮੋਰਚੇ ਦੇ ਲੀਡਰਾਂ ਦੇ 5 ਵੱਡੇ ਐਲਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਕਿਸਾਨ ਮੋਰਚਾ ਨੇ ਲਖੀਮਪੁਰ ਖੀਰੀ ਵਿੱਚ ਵਾਪਰੀ ਘਟਨਾ ਦੇ ਮਾਮਲੇ ਵਿੱਚ ਇੱਕ ਮੀਟਿੰਗ ਕੀਤੀ ਸੀ। ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚਾ ਨੇ ਪੰਜ ਵੱਡੇ ਐਲਾਨ ਕੀਤੇ ਹਨ :

  • 12 ਅਕਤੂਬਰ ਨੂੰ ਪੰਜਾਂ ਕਿਸਾਨਾਂ ਦੀ ਅੰਤਿਮ ਅਰਦਾਸ ਉੱਤਰ ਪ੍ਰਦੇਸ਼ ਦੇ ਤਿਕੋਨੀਆ ਵਿੱਚ ਕੀਤੀ ਜਾਵੇਗੀ ਅਤੇ ਅਸੀਂ ਸਾਰੇ ਕਿਸਾਨਾਂ ਨੂੰ ਇਸ ਵਿੱਚ ਸ਼ਾਮਿਲ ਹੋਣ ਦੀ ਅਪੀਲ ਕਰਦੇ ਹਾਂ। ਇਸ ਪ੍ਰੋਗਰਾਮ ਦੇ ਲਈ ਸਹੀ ਪਤਾ ਅਸੀਂ ਕੱਲ੍ਹ ਸ਼ਾਮ ਤੱਕ ਦੱਸ ਦਿਆਂਗੇ। ਕਿਸਾਨ ਲੀਡਰਾਂ ਨੇ 12 ਅਕਤੂਬਰ ਨੂੰ ਗੁਰਦੁਆਰਿਆਂ, ਮੰਦਿਰਾਂ, ਚਰਚ, ਮਸਜਿਦਾਂ ਅਤੇ ਕਿਸੇ ਵੀ ਹੋਰ ਸਰਵਜਨਕ ਅਸਥਾਨਾਂ ‘ਤੇ ਪ੍ਰਾਰਥਨਾ ਸਭਾ ਅਤੇ ਸ਼ਰਧਾਂਜਲੀ ਸਭਾ ਆਯੋਜਿਤ ਕਰਨ ਦੀ ਅਪੀਲ ਵੀ ਕੀਤੀ। 12 ਅਕਤੂਬਰ ਦੀ ਸ਼ਾਮ ਨੂੰ ਮੋਮਬੱਤੀ ਜਲੂਸ ਦਾ ਆਯੋਜਨ ਕਰਨ ਦੀ ਵੀ ਅਪੀਲ ਕੀਤੀ ਗਈ। ਜੋ ਮੋਮਬੱਤੀ ਮਾਰਚ ਵਿੱਚ ਸ਼ਾਮਿਲ ਨਹੀਂ ਹੋ ਸਕਦੇ, ਉਨ੍ਹਾਂ ਨੂੰ ਘਰਾਂ ਵਿੱਚ ਹੀ ਸ਼ਾਮ ਨੂੰ 8 ਵਜੇ 5 ਮੋਮਬੱਤੀਆਂ ਚਲਾਉਣ ਦੀ ਅਪੀਲ ਕੀਤੀ।
  • 12 ਅਕਤੂਬਰ ਦੀ ਸ਼ਾਮ ਨੂੰ ਤਿਕੋਨੀਆ ਤੋਂ ਪੂਰੇ ਦੇਸ਼ ਦੇ ਲਈ ਸ਼ਹੀਦ ਕਿਸਾਨਾਂ ਦੇ ਅਸਥੀ ਕਲਸ਼ ਨੂੰ ਲੈ ਕੇ ਯਾਤਰਾ ਰਵਾਨਾ ਹੋਵੇਗੀ। ਉੱਤਰ ਪ੍ਰਦੇਸ਼ ਦੇ ਜਿੰਨੇ ਵੀ ਜ਼ਿਲ੍ਹੇ ਹਨ, ਹਰ ਜ਼ਿਲ੍ਹੇ ਦੇ ਲਈ ਅਲੱਗ-ਅਲੱਗ ਕਲਸ਼ ਲੈ ਕੇ ਉਸ ਜ਼ਿਲ੍ਹੇ ਦੀ ਯਾਤਰਾ ਉੱਥੋਂ ਰਵਾਨਾ ਹੋਵੇਗੀ ਅਤੇ ਇਹ ਯਾਤਰਾ 24 ਅਕਤੂਬਰ ਤੱਕ ਸਮਾਪਤ ਹੋ ਜਾਵੇਗੀ। ਬਾਕੀ ਦੇਸ਼ ਦੇ ਹਰ ਰਾਜ ਲਈ ਇੱਕ-ਇੱਕ ਕਲਸ਼ ਲੈ ਕੇ ਉੱਥੋਂ ਦੇ ਲਈ ਯਾਤਰਾ ਸ਼ੁਰੂ ਹੋਵੇਗੀ, ਜਿਵੇਂ ਕੇਰਲਾ, ਤਮਿਲਨਾਡੂ, ਮੇਘਾਲਿਆ, ਤ੍ਰਿਪੁਰਾ, ਗੁਜਰਾਤ, ਜੰਮੂ-ਕਸ਼ਮੀਰ ਆਦਿ ਲਈ। ਕਿਸਾਨ ਲੀਡਰਾਂ ਨੇ ਇਸ ਯਾਤਰਾ ਨੂੰ ‘ਸ਼ਹੀਦ ਕਿਸਾਨ ਕਲਸ਼ ਯਾਤਰਾ’ ਦਾ ਨਾਂ ਦਿੱਤਾ ਹੈ। ਹਰ ਜ਼ਿਲ੍ਹੇ ਦੀਆਂ ਕਿਸਾਨ ਜਥੇਬੰਦੀਆਂ ਤੈਅ ਕਰਨਗੀਆਂ ਕਿ ਉਸ ਯਾਤਰਾ ਦਾ ਵਿਸਰਜਨ ਕਿੱਥੇ ਕਰਨਾ ਹੈ। ਯਾਤਰਾ ਦਾ ਵਿਸਰਜਨ ਕਿਸੇ ਪਵਿੱਤਰ, ਇਤਿਹਾਸਕ ਸਥਾਨ ‘ਤੇ ਕੀਤਾ ਜਾਵੇਗਾ।
  • ਕਿਸਾਨ ਲੀਡਰਾਂ ਨੇ ਦੁਸ਼ਹਿਰੇ ‘ਤੇ ਦੇਸ਼ ਦੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦੁਸ਼ਹਿਰਾ ਸੱਚੀ ਦੀ ਜਿੱਤ ਅਤੇ ਝੂਠ ਦੀ ਹਾਰ ਦਾ ਪ੍ਰਤੀਕ ਹੈ। ਇਸ ਵਕਤ ਦੇਸ਼ ਵਿੱਚ ਝੂਠ ਦੇ ਸਭ ਤੋਂ ਵੱਡੇ ਤਿੰਨ ਪ੍ਰਤੀਨਿਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਤੀਸਰਾ ਵੱਖ-ਵੱਖ ਜ਼ਿਲ੍ਹੇ ਆਪਣੇ ਹਿਸਾਬ ਦੇ ਨਾਲ ਤੈਅ ਕਰਨਗੇ ਕਿ ਕੌਣ ਝੂਠ ਦਾ ਪ੍ਰਤੀਕ ਹੈ, ਉਸ ਅਨੁਸਾਰ ਇਨ੍ਹਾਂ ਤਿੰਨਾਂ ਪ੍ਰਤੀਨਿਧਾਂ ਦੇ ਪੁਤਲੇ ਫੂਕੇ ਜਾਣ।
  • 18 ਅਕਤੂਬਰ ਨੂੰ ਰੇਲ ਰੋਕੋ ਅੰਦੋਲਨ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਸ਼ੁਰੂ ਕੀਤਾ ਜਾਵੇਗਾ।
  • ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ 26 ਅਕਤੂਬਰ ਨੂੰ ਇਤਿਹਾਸਕ ਮਹਾਂਪੰਚਾਇਤ ਕੀਤੀ ਜਾਵੇਗੀ।

ਇਹ ਪ੍ਰੋਗਰਾਮ ਤਾਂ ਹੀ ਕੀਤੇ ਜਾਣਗੇ ਜੇਕਰ ਸਰਕਾਰ 11 ਅਕਤੂਬਰ ਤੱਕ ਸਾਡੀਆਂ ਮੰਗਾਂ ਨਹੀਂ ਮੰਨਦੀ।

ਯਾਦਵ ਨੇ ਸੁਪਰੀਮ ਕੋਰਟ ਦੀ ਸੁਣਵਾਈ ਤੇ ਚੁੱਕੇ ਸਵਾਲ

ਕਿਸਾਨ ਲੀਡਰ ਯੋਗੇਂਦਰ ਯਾਦਵ ਨੇ ਕਿਹਾ ਕਿ 12 ਅਕਤੂਬਰ ਵਾਲਾ ਪ੍ਰੋਗਰਾਮ ਪੱਕਾ ਹੈ, ਹਰ ਹਾਲ ਵਿੱਚ ਹੋਵੇਗਾ। ਸਰਕਾਰ ਕੁੱਝ ਕਰੇ ਜਾਂ ਫਿਰ ਨਾ ਕਰੇ, ਅਸੀਂ ਆਪਣੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਵਾਂਗੇ। ਸੰਯੁਕਤ ਕਿਸਾਨ ਮੋਰਚੇ ਦੀ ਕਿਸੇ ਵੀ ਸਟੇਜ ‘ਤੇ ਰਾਜਨੀਤਿਕ ਨੇਤਾ ਨਹੀਂ ਆਵੇਗਾ।

ਉਨ੍ਹਾਂ ਨੇ ਲਖੀਮਪੁਰ ਖੀਰੀ ਮਾਮਲੇ ਵਿੱਚ ਸੁਪਰੀਮ ਕੋਰਟ ਦੀ ਸੁਣਵਾਈ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਇਸ ਘਟਨਾ ਦੀ ਸੁਣਵਾਈ 25 ਸਤੰਬਰ ਤੋਂ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ ਪਰ ਕੋਰਟ ਦੀ ਸੁਣਵਾਈ ਵਿੱਚ ਸਾਫ਼-ਸਾਫ਼ ਕਿਹਾ ਗਿਆ ਹੈ ਕਿ 3 ਅਕਤੂਬਰ ਤੋਂ ਪਹਿਲਾਂ ਦੀ ਕਿਸੇ ਵੀ ਗੱਲ ‘ਤੇ ਸੁਣਵਾਈ ਨਹੀਂ ਕੀਤੀ ਜਾਵੇਗੀ। ਇਸਨੂੰ ਅਸੀਂ ਕਦੇ ਵੀ ਸਵੀਕਾਰ ਨਹੀਂ ਕਰਾਂਗੀ। ਇਸ ਲਈ ਸਾਡਾ ਸੰਘਰਸ਼ ਜਾਰੀ ਰਹੇਗਾ। ਤੁਹਾਨੂੰ ਦੱਸ ਦਈਏ ਕਿ 25 ਸਤੰਬਰ ਨੂੰ ਅਜੇ ਮਿਸ਼ਰਾ ਦਾ ਇੱਕ ਵਿਵਾਦਗ੍ਰਸਤ ਬਿਆਨ ਸਾਹਮਣੇ ਆਇਆ ਸੀ, ਜਿਸਨੂੰ ਇਸ ਮਾਮਲੇ ਨਾਲ ਜੋੜਿਆ ਜਾ ਰਿਹਾ ਹੈ।

ਸੰਘਰਸ਼ ਤੋਂ ਸਮਾਧਾਨ ਤੱਕ ਜਾਵੇਗਾ ਕਿਸਾਨੀ ਅੰਦੋਲਨ – ਟਿਕੈਤ

ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਕਿਹਾ ਕਿ ਲਖੀਮਪੁਰ ਖੀਰੀ ਦੀਆਂ ਸਾਰੀਆਂ ਵੀਡੀਓਜ਼ ਸਾਹਮਣੇ ਨਹੀਂ ਆਈਆਂ ਸਨ ਪਰ ਪੱਤਰਕਾਰਾਂ, ਸੰਯੁਕਤ ਕਿਸਾਨ ਮੋਰਚਾ ਨੇ ਕਿਸੇ ਨਾ ਕਿਸੇ ਤਰੀਕੇ ਸਾਰੀਆਂ ਵੀਡੀਓਜ਼ ਕੱਢ ਕੇ ਲਿਆਂਦੀਆਂ। ਬਾਪੂ-ਬੇਟਾ ਦਾ ਜਦੋਂ ਤੱਕ ਪੁਲਿਸ ਪ੍ਰਸ਼ਾਸਨ ਰਿਮਾਂਡ ਨਹੀਂ ਲਵੇਗਾ ਕਿ ਇਨ੍ਹਾਂ ਦੇ ਗੈਂਗ ਵਿੱਚ ਕੌਣ-ਕੌਣ ਸ਼ਾਮਿਲ ਸਨ, ਉਦੋਂ ਤੱਕ ਜਾਂਚ ਅਧੂਰੀ ਰਹੇਗੀ ਅਤੇ ਸਾਡਾ ਅੰਦੋਲਨ ਉਦੋਂ ਤੱਕ ਚੱਲੇਗਾ।

ਸਾਡਾ ਅੰਦੋਲਨ ਸੰਘਰਸ਼ ਤੋਂ ਸਮਾਧਾਨ ਦੀ ਤਰਫ਼ ਜਾਵੇਗਾ। ਮਿਸ਼ਰਾ ਦੀ ਅੱਜ ਜੋ ਪੁੱਛਗਿੱਛ ਹੋਈ ਹੈ, ਇਸਨੂੰ ਗ੍ਰਿਫ਼ਤਾਰੀ ਨਹੀਂ ਕਹਿ ਸਕਦੇ, ਇਹ ਸੱਦਾ ਦੇ ਕੇ ਬੁਲਾਇਆ ਹੋਇਆ ਆਦਮੀ ਹੈ। ਜਦੋਂ ਤੱਕ ਉਸਦਾ ਪਿਤਾ ਗ੍ਰਹਿ ਰਾਜ ਮੰਤਰੀ ਹੈ, ਕਿਸੇ ਵੀ ਅਧਿਕਾਰੀ ਦੀ ਹਿੰਮਤ ਨਹੀਂ ਹੈ ਕਿ ਕੋਈ ਉਸ ਤੋਂ ਪੁੱਛਗਿੱਛ ਕਰ ਲਵੇਗਾ।

ਬੀਜੇਪੀ ਦੇ ਪਿਛਲੇ ਤਿੰਨ ਮਹੀਨਿਆਂ ਦੇ ਪੈਂਤੜੇ ਬੇਹੱਦ ਖ਼ਤਰਨਾਕ – ਉਗਰਾਹਾਂ

ਕਿਸਾਨ ਲੀਡਰ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਬੀਜੇਪੀ ਨੇ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਪਿਛਲੇ ਤਿੰਨ ਮਹੀਨਿਆਂ ਤੋਂ ਬੀਜੇਪੀ ਸਰਕਾਰ ਜੋ ਪੈਂਤੜਾ ਲੈ ਕੇ ਆਈ ਹੈ, ਉਹ ਬਹੁਤ ਹੀ ਖ਼ਤਰਨਾਕ ਹੈ। ਬੀਜੇਪੀ ਹੁਣ ਹਿੰਸਾ ਦੇ ਰਸਤੇ ‘ਤੇ ਚੱਲ ਪਈ ਹੈ। ਅਸੀਂ ਇਨ੍ਹਾਂ ਦੀ ਹਿੰਸਾ ਦਾ ਜਵਾਬ ਆਪਣੇ ਤਿੱਖੇ ਅੰਦੋਲਨ ਦੇ ਰਾਹੀਂ ਦੇਵਾਂਗੇ।

Exit mobile version