India International

ਬੰਗਲਾਦੇਸ਼ ਵਿੱਚ 5.7 ਤੀਬਰਤਾ ਦਾ ਭੂਚਾਲ, 3 ਮੌਤਾਂ ਅਤੇ 200 ਜ਼ਖ਼ਮੀ

ਬਿਊਰੋ ਰਿਪੋਰਟ (ਢਾਕਾ, 21 ਨਵੰਬਰ 2025): ਬੰਗਲਾਦੇਸ਼ ਵਿੱਚ ਸ਼ੁੱਕਰਵਾਰ ਸਵੇਰੇ ਲਗਭਗ 10:08 ਵਜੇ (ਭਾਰਤੀ ਸਮੇਂ ਅਨੁਸਾਰ) 5.7 ਤੀਬਰਤਾ ਦਾ ਭੂਚਾਲ ਆਇਆ। ਇਸ ਭੂਚਾਲ ਕਾਰਨ ਹੁਣ ਤੱਕ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 200 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਹਾਲਾਂਕਿ ਸਥਾਨਕ ਮੀਡੀਆ ਰਿਪੋਰਟਾਂ ਵਿੱਚ 6 ਲੋਕਾਂ ਦੀ ਮੌਤ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਪੁਲਿਸ ਨੇ ਅਧਿਕਾਰਤ ਤੌਰ ’ਤੇ 3 ਮੌਤਾਂ ਦੀ ਪੁਸ਼ਟੀ ਕੀਤੀ ਹੈ। 200 ਤੋਂ ਵੱਧ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।

ਭੂਚਾਲ ਦਾ ਕੇਂਦਰ ਨਰਸਿੰਗਡੀ ਦੇ ਮਾਧਬਦੀ ਵਿੱਚ ਸੀ, ਜੋ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ ਸਿਰਫ਼ 25 ਕਿਲੋਮੀਟਰ ਦੂਰ ਹੈ। ਝਟਕੇ ਇੰਨੇ ਤੇਜ਼ ਸਨ ਕਿ ਇਨ੍ਹਾਂ ਦੇ ਅਸਰ ਨਾਲ ਇੱਕ ਦਸ ਮੰਜ਼ਿਲਾ ਇਮਾਰਤ ਇੱਕ ਪਾਸੇ ਨੂੰ ਝੁਕ ਗਈ। ਬੰਗਲਾਦੇਸ਼ ਵਿੱਚ ਚੱਲ ਰਿਹਾ ਆਇਰਲੈਂਡ-ਬੰਗਲਾਦੇਸ਼ ਅੰਤਰਰਾਸ਼ਟਰੀ ਕ੍ਰਿਕਟ ਮੈਚ ਵੀ ਭੂਚਾਲ ਕਾਰਨ ਰੋਕਣਾ ਪਿਆ। ਭੂਚਾਲ ਦੇ ਝਟਕੇ ਭਾਰਤ ਦੇ ਕੋਲਕਾਤਾ ਤੱਕ ਵੀ ਮਹਿਸੂਸ ਕੀਤੇ ਗਏ।