’ਦ ਖ਼ਾਲਸ ਬਿਊਰੋ: ਦੇਸ਼ ਅੰਦਰ ਕਿਸਾਨ ਅੰਦੋਲਨ ਦਾ ਮੁੱਦਾ ਸਿਖ਼ਰ ’ਤੇ ਹੈ। ਕਈ ਸੂਬਿਆਂ ਅੰਦਰ ਮਹਾਂਪੰਚਾਇਤਾਂ ਦਾ ਦੌਰ ਚੱਲ ਰਿਹਾ ਹੈ। ਦਿੱਲੀ ਦਰਬਾਰ ਦੇ ਸਿਆਸੀ ਗਲਿਆਰਿਆਂ ਅੰਦਰ ਕਾਫੀ ਹਲਚਲ ਮਚੀ ਹੋਈ ਹੈ। ਪਰ ਕਿਸਾਨ ਅੰਦੋਲਨ ਦੇ ਨਾਲ-ਨਾਲ ਹੋਰ ਕਈ ਮੁੱਦੇ ਵੀ ਸਾਹਮਣੇ ਆ ਰਹੇ ਹਨ, ਜਿਨ੍ਹਾਂ ’ਤੇ ਚਰਚਾ ਹੋਣੀ ਲਾਜ਼ਮੀ ਹੈ। ਇਨ੍ਹਾਂ ਵਿੱਚੋਂ ਮਜ਼ਦੂਰ ਅਧਿਕਾਰਾਂ ਦੀ ਕਾਰਕੁੰਨ ਨੌਦੀਪ ਕੌਰ, ਵਾਤਾਵਰਨ ਕਾਰਕੁੰਨ ਦਿਸ਼ਾ ਰਵੀ, ਕਿਸਾਨਾਂ ਦੀ ਗੱਲ ਕਰਨ ਵਾਲੇ ਪੱਤਰਕਾਰ ਮਨਦੀਪ ਪੁਨੀਆ ਅਤੇ ਕਾਮੇਡੀਅਨ ਮੁਨੱਵਰ ਫਾਰੂਕੀ ਦੇ ਕੇਸ ਅਜਿਹੇ ਹੀ ਕੁਝ ਮਸਲੇ ਹਨ।
ਫਿਲਹਾਲ ਉਕਤ ਸਾਰਿਆਂ ਨੂੰ ਜ਼ਮਾਨਤ ਮਿਲ ਗਈ ਹੈ ਅਤੇ ਇਹ ਜੇਲ੍ਹ ਵਿੱਚੋਂ ਰਿਹਾਅ ਹੋ ਗਏ ਹਨ। ਫਿਰ ਵੀ ਇਨ੍ਹਾਂ ਮੁੱਦਿਆਂ ਨੂੰ ਵਿਚਾਰਨਾ ਜ਼ਰੂਰੀ ਹੈ। ਦਰਅਸਲ ਮੌਜੂਦਾ ਸਰਕਾਰ ਆਪਣੇ ਖ਼ਿਲਾਫ਼ ਉੱਠਣ ਵਾਲੀਆਂ ਆਵਾਜ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਭਾਵੇਂ ਉਸ ਦੇ ਰਾਹ ਵਿੱਚ ਮਹਿਲਾਵਾਂ ਤੇ ਅੱਲ੍ਹੜ ਉਮਰ ਦੀਆਂ ਬੱਚੀਆਂ ਹੀ ਕਿਉਂ ਨਾ ਹੋਣ। ਮਹਿਲਾਵਾਂ ਵੀ ਸਿਸਟਮ ਦੀ ਮਾਰ ਦੀਆਂ ਸ਼ਿਕਾਰ ਹੋ ਰਹੀਆਂ ਹਨ। ਇਸ ਲੇਖ ਵਿੱਚ ਤਾਜ਼ਾ ਮਾਮਲੇ, ਖ਼ਾਸ ਕਰਕੇ ਨੌਦੀਪ ਕੌਰ ਬਾਰੇ ਚਰਚਾ ਕਰਾਂਗੇ। ਜੇਲ੍ਹ ਵਿੱਚੋਂ ਨਿਕਲਣ ਮਗਰੋਂ ਉਸ ਨੇ ਬਹੁਤ ਵੱਡੇ ਖ਼ੁਲਾਸੇ ਕੀਤੇ ਹਨ।
ਮਜ਼ਦੂਰ ਅਧਿਕਾਰਾਂ ਦੀ ਕਾਰਕੁਨ ਨੌਦੀਪ ਕੌਰ ਨੂੰ ਪਿਛਲੇ ਮਹੀਨੇ ਦੀ 12 ਤਰੀਕ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪਰਵਾਸੀ ਮਜ਼ਦੂਰਾਂ ਦਾ ਬਕਾਇਆ ਮਿਹਨਤਾਨਾ ਨਾ ਦਿੱਤੇ ਜਾਣ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਉਸ ਖ਼ਿਲਾਫ਼ ਵੱਖਰੇ-ਵੱਖਰੇ ਕੇਸ ਦਰਜ ਕਰਕੇ ਕਈ ਗੰਭੀਰ ਇਲਜ਼ਾਮ ਲਗਾਏ ਸਨ।
ਨੌਦੀਪ ਕੌਰ ’ਤੇ ਇਲਜ਼ਾਮ ਸਨ ਕਿ ਉਹ ਤੇ ਉਸ ਦੇ ਸਾਥੀ ਕਥਿਤ ਤੌਰ ‘ਤੇ ਜ਼ਬਰਨ ਪੈਸੇ ਉਗਰਾਹ ਰਹੇ ਸਨ। ਜਦੋਂ ਪੁਲਿਸ ਅਧਿਕਾਰੀਆਂ ਦੀ ਇੱਕ ਟੀਮ ਉਨ੍ਹਾਂ ਦੇ ਵਿਰੋਧ ਪ੍ਰਦਰਸ਼ਨ ਵਾਲੀ ਥਾਂ ਪਹੁੰਚੀ ਤਾਂ ਸ਼ਾਂਤੀਮਈ ਪ੍ਰਦਰਸ਼ਨ ਕਰ ਰਹੇ ਮਜ਼ਦੂਰਾਂ ’ਤੇ ਲਾਠੀਚਾਰਜ ਕਰ ਦਿੱਤਾ ਗਿਆ। ਇੱਥੇ ਮਾਹੌਲ ਵਿਗੜ ਗਿਆ ਸੀ। ਇਸ ਦੌਰਾਨ ਨੌਦੀਪ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਕੌਣ ਹੈ ਨੌਦੀਪ ਕੌਰ ਤੇ ਕੀ ਹੈ ਪੂਰਾ ਮਾਮਲਾ
ਨੌਦੀਪ ਕੌਰ ਪੰਜਾਬ ਦੇ ਜ਼ਿਲ੍ਹਾ ਮੁਕਤਸਰ ਦੇ ਪਿੰਡ ਗੰਧੜ ਦੀ ਰਹਿਣ ਵਾਲੀ ਹੈ। ਉਸ ਦੀ ਉਮਰ ਸਿਰਫ਼ 23 ਸਾਲ ਹੈ। ਉਸ ਦੇ ਮਾਤਾ-ਪਿਤਾ ਕਿਸਾਨ ਯੂਨੀਅਨਾਂ ਦੇ ਮੈਂਬਰ ਹਨ ਨੌਦੀਪ ਕੌਰ ਖ਼ੁਦ ਮਜ਼ਦੂਰ ਅਧਿਕਾਰਾਂ ਲਈ ਕੰਮ ਕਰ ਰਹੀ ਟਰੇਡ ਯੂਨੀਅਨ ‘ਮਜ਼ਦੂਰ ਅਧਿਕਾਰ ਸੰਗਠਨ’ ਨਾਲ ਜੁੜੀ ਹੈ। ਦਲਿਤ ਪਰਿਵਾਰ ਵਿੱਚ ਪੈਦਾ ਹੋਈ ਨੌਦੀਪ ਕੌਰ ਨੇ 12ਵੀਂ ਤੱਕ ਪੜ੍ਹਾਈ ਕੀਤੀ ਹੋਈ ਹੈ ਅਤੇ ਉਹ ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਨਾ ਚਾਹੁੰਦੀ ਹੈ। ਉਸ ਦੀ ਭੈਣ ਰਾਜਵੀਰ ਕੌਰ ਇਸ ਸਮੇਂ ਦਿੱਲੀ ਯੂਨੀਵਰਸਿਟੀ ਤੋਂ ‘ਪਾਕਸਿਤਾਨੀ ਪੰਜਾਬੀ ਕਵਿਤਾ’ ਉੱਤੇ ਪੀਐੱਚਡੀ ਕਰ ਰਹੀ ਹੈ।
ਬੀਬੀਸੀ ਪੰਜਾਬੀ ਦੀ ਇੱਕ ਰਿਪੋਰਟ ਮੁਤਾਬਕ ਨੌਦੀਪ ਕੌਰ ਦੀਆਂ ਚਾਰ ਭੈਣਾਂ ਅਤੇ ਦੋ ਭਰਾ ਹਨ। ਪਿਤਾ ਤੇਲੰਗਾਨਾ ਦੀ ਇੱਕ ਫ਼ੈਕਟਰੀ ਵਿੱਚ ਮਜ਼ਦੂਰੀ ਕਰਦੇ ਹਨ ਜਦਕਿ ਮਾਤਾ ਪਿੰਡ ਵਿੱਚ ਰਹਿ ਕੇ ਖੇਤ ਮਜ਼ਦੂਰ ਵਜੋਂ ਜ਼ਿੰਦਗੀ ਬਸਰ ਕਰ ਰਹੇ ਹਨ।
ਉਸ ਦੀ ਭੈਣ ਰਾਜਵੀਰ ਕੌਰ ਮੁਤਾਬਕ ਦੋਵੇਂ ਭੈਣਾਂ ਕਾਫ਼ੀ ਸਮੇਂ ਤੋਂ ਦਿੱਲੀ ਵਿੱਚ ਹਨ।
ਨੌਦੀਪ ਇੱਕ ਫ਼ੈਕਟਰੀ ਵਿੱਚ ਕੰਮ ਕਰਨ ਦੇ ਨਾਲ-ਨਾਲ ਮਜ਼ਦੂਰਾਂ ਦੀ ਭਲਾਈ ਲਈ ਕੰਮ ਕਰਨ ਵਾਲੇ ਸੰਗਠਨ ਨਾਲ ਜੁੜੀ ਹੋਈ ਹੈ। ਦਿੱਲੀ ਤੋਂ ਪਹਿਲਾਂ ਉਹ ਪੰਜਾਬ ਵਿੱਚ ਖੇਤ ਮਜ਼ਦੂਰਾਂ ਦੀ ਭਲਾਈ ਲਈ ਕੰਮ ਕਰਨ ਵਾਲੇ ਸੰਗਠਨ ਨਾਲ ਜੁੜੀ ਹੋਈ ਸੀ।
ਕੁੰਡਲੀ ਉਦਯੋਗਿਕ ਖੇਤਰ ਵਿੱਚ ਇੱਕ ਕੰਪਨੀ ’ਚ ਕੰਮ ਕਰਨ ਵਾਲੀ ਨੌਦੀਪ ਕੌਰ ਦਾ ਦਫਤਰ, ਦਿੱਲੀ-ਹਰਿਆਣਾ ਸਰਹੱਦ ਤੋਂ ਸਿਰਫ ਤਿੰਨ ਕਿਲੋਮੀਟਰ ਦੀ ਦੂਰੀ ‘ਤੇ ਹੈ, ਜਿੱਥੇ ਪਿਛਲੇ 2 ਮਹੀਨਿਆਂ ਤੋਂ ਕਿਸਾਨ ਦਾ ਅੰਦੋਲਨ ਚੱਲ ਰਿਹਾ ਹੈ। ਉਸ ਨੂੰ 12 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਟਰੇਡ ਯੂਨੀਅਨ ਵਰਕਰ ਨੌਦੀਪ ਨੂੰ 12 ਜਨਵਰੀ ਨੂੰ ਹਰਿਆਣਾ ਦੇ ਕੁੰਡਲੀ ਵਿੱਚ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਉਹ ਮਜ਼ਦੂਰਾਂ ਦੇ ਇੱਕ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਈ ਸੀ। 12 ਜਨਵਰੀ ਨੂੰ ਨੌਦੀਪ ਕੌਰ ਕੁੰਡਲੀ ਉਦਯੋਗਿਕ ਖੇਤਰ ਵਿੱਚ ਆਪਣੇ 20 ਹੋਰ ਸਾਥੀਆਂ ਨਾਲ ਮਜ਼ਦੂਰੀ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੀ ਸੀ। ਇਸੇ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝੜਪ ਹੋ ਗਈ।
ਇਸਦੇ ਬਾਅਦ, ਨੌਦੀਪ ਕੌਰ ਨੂੰ ਪੁਲਿਸ ਨੇ ਕਤਲ, ਜਬਰਨ ਵਸੂਲੀ, ਚੋਰੀ, ਦੰਗੇ ਕਰਨ, ਗੈਰਕਾਨੂੰਨੀ ਇਕੱਠ ਕਰਨ ਆਦਿ ਦੋਸ਼ਾਂ ਦੇ ਤਹਿਤ ਗ੍ਰਿਫ਼ਤਾਰ ਕਰ ਲਿਆ।
ਨੌਦੀਪ ਨਾਲ ਜੇਲ੍ਹ ਵਿੱਚ ਤਸ਼ੱਦਦ
ਜੇਲ੍ਹ ਵਿੱਚੋਂ ਬਾਹਰ ਆਉਣ ਬਾਅਦ ਨੌਦੀਪ ਕੌਰ ਨੇ ਪੁਲਿਸ ’ਤੇ ਗੰਭੀਰ ਇਲਜ਼ਾਮ ਲਾਏ ਹਨ। ਉਸ ਨੇ ਪ੍ਰੈਸ ਕਾਨਫਰੰਸ ਕਰਕੇ ਖ਼ੁਲਾਸਾ ਕੀਤਾ ਹੈ ਕਿ ਪੁਲਿਸ ਨੇ ਉਸ ਦੇ ਉੱਤੇ ਚੜ੍ਹ ਕੇ ਉਸ ਕੋਲੋਂ ਜ਼ਬਰਨ ਦਸਤਖ਼ਾਤ ਕਰਵਾਏ ਅਤੇ ਉਸ ਨੂੰ ਜਾਤੀ ਦੀਆਂ ਗਾਲ੍ਹਾਂ ਵੀ ਕੱਢੀਆਂ। ਦੱਸ ਦੇਈਏ ਨੌਦੀਪ ਕੌਰ ਦਲਿਤ ਭਾਈਚਾਰੇ ਨਾਲ ਸਬੰਧਿਤ ਹੈ।
ਨੌਦੀਪ ਨੇ ਇਹ ਵੀ ਦੱਸਿਆ ਕਿ ਪੁਲਿਸ ਨੇ ਉਸ ਦਾ ਮੈਡੀਕਲ ਨਹੀਂ ਕਰਵਾਇਆ। ਪੁਲਿਸ ਵੱਲੋਂ ਇਹ ਕਿਹਾ ਗਿਆ ਸੀ ਕਿ ਨੌਦੀਪ ਨੇ ਖ਼ੁਦ ਮੈਡੀਕਲ ਕਰਾਉਣ ਤੋਂ ਮਨ੍ਹਾ ਕੀਤਾ ਸੀ, ਪਰ ਨੌਦੀਪ ਨੇ ਜੇਲ੍ਹ ਤੋਂ ਬਾਹਰ ਆ ਕੇ ਦੱਸਿਆ ਕਿ ਉਸ ਨੇ ਮੈਡੀਕਲ ਲਈ ਮਨ੍ਹਾ ਨਹੀਂ ਕੀਤਾ ਸੀ।
ਨੌਦੀਪ ਮੁਤਾਬਕ 12 ਜਨਵਰੀ ਨੂੰ ਘਟਨਾ ਵਾਲੇ ਦਿਨ ਪੁਲਿਸ ਨੇ ਸ਼ਾਂਤਮਈ ਧਰਨਾ ਦੇ ਰਹੇ ਮਜ਼ਦੂਰਾਂ ’ਤੇ ਲਾਠੀਚਾਰਜ ਦੌਰਾਨ ਮਹਿਲਾਵਾਂ ’ਤੇ ਵੀ ਡੰਡੇ ਮਾਰਨ ਲੱਗਿਆਂ ਸੰਕੋਚ ਨਹੀਂ ਕੀਤਾ। ਉਸ ਨੇ ਦੱਸਿਆ ਕਿ ਝੜਪ ਦੌਰਾਪ ਜਦੋਂ ਪੁਲਿਸ ਨੇ ਉਸ ’ਤੇ ਡੰਡੇ ਮਾਰੇ ਤਾਂ ਉਸ ਦੇ ਸਾਥੀਆਂ ਨੇ ਬਚਾਅ ਵਜੋਂ ਪੁਲਿਸ ਨਾਲ ਝੜਪ ਕੀਤੀ, ਪਰ ਉਸ ਨੇ ਖ਼ੁਦ ਹੱਥ ਨਹੀਂ ਚੁੱਕਿਆ। ਫਿਰ ਵੀ ਪੁਲਿਸ ਉਸ ਨੂੰ ਧੂਹ ਕੇ ਨਾਲ ਲੈ ਗਈ ਤੇ ਗੰਭੀਰ ਧਾਰਾਵਾਂ ਲਾ ਕੇ ਮਾਮਲਾ ਦਰਜ ਕਰ ਲਿਆ।
ਨੌਦੀਪ ਕੌਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਆਪਣੀ ਪਟੀਸ਼ਨ ਵਿੱਚ ਦਾਅਵਾ ਕੀਤਾ ਸੀ ਕਿ ਪਿਛਲੇ ਮਹੀਨੇ ਸੋਨੀਪਤ ਪੁਲਿਸ ਦੁਆਰਾ ਉਸ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਥਾਣੇ ਵਿੱਚ ਕਈ ਵਾਰ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ। ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਉਸ ਦੀ ਡਾਕਟਰੀ ਜਾਂਚ ਵੀ ਨਹੀਂ ਕਰਵਾਈ ਗਈ, ਜੋ ਕਿ ਫੌਜਦਾਰੀ ਪ੍ਰਕ੍ਰਿਆ ਜ਼ਾਬਤਾ ਦੀ ਧਾਰਾ 54 ਦੀ ਉਲੰਘਣਾ ਹੈ।
ਸੋਸ਼ਲ ਮੀਡੀਆ ’ਤੇ ਵੀ ਜੇਲ੍ਹ ਵਿੱਚ ਨੌਦੀਪ ਦੇ ਜਿਣਸੀ ਸੋਸ਼ਣ ਦੇ ਵੀ ਕਥਿਤ ਦਾਅਵੇ ਕੀਤੇ ਗਏ ਸਨ। ਨੌਦੀਪ ਕੌਰ ਦੀ ਭੈਣ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਵੀ ਅਜਿਹਾ ਦਾਅਵਾ ਕੀਤਾ ਸੀ। ਮੀਨਾ ਹੈਰਿਸ ਨੇ ਵੀ ਆਪਣੇ ਟਵਿੱਟਰ ’ਤੇ ਇਸ ਸਬੰਧੀ ਟਵੀਟ ਕੀਤਾ ਸੀ। ਮੀਨਾ ਹੈਰਿਸ ਵੱਲੋਂ ਨੌਦੀਪ ਕੌਰ ਨਾਲ ਪੁਲਿਸ ਹਿਰਾਸਤ ਵਿੱਚ ਸਰੀਰਕ ਤੇ ਜਿਨਸੀ ਸੋਸ਼ਣ ਹੋਣ ਬਾਰੇ ਟਵੀਟ ਕੀਤਾ ਸੀ।
ਆਪਣੇ ਵਕੀਲਾਂ ਅਰਸ਼ਦੀਪ ਸਿੰਘ ਚੀਮਾ ਅਤੇ ਹਰਿੰਦਰ ਦੀਪ ਸਿੰਘ ਬੈਂਸ ਰਾਹੀਂ ਦਾਇਰ ਜ਼ਮਾਨਤ ਪਟੀਸ਼ਨ ਵਿੱਚ ਨੌਦੀਪ ਕੌਰ ਨੇ ਕਿਹਾ ਕਿ ਉਸ ਨੂੰ ਝੂਠੇ ਕੇਸ ਵਿੱਚ ਫਸਾ ਕੇ ਧਾਰਾ 307 (ਕਤਲ ਦੀ ਕੋਸ਼ਿਸ਼) ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਐਫਆਈਆਰ ਵਿੱਚ ਦੋਸ਼ੀ ਬਣਾਇਆ ਗਿਆ ਹੈ।
ਹੁਣ ਬਾਹਰ ਆ ਕੇ ਵੀ ਉਸ ਨੇਵਿਸਥਾਰ ਨਾਲ ਦੱਸਿਆ ਕਿ ਉਸ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ। ਅਦਾਲਤ ਵਿੱਚ ਸਾਫ ਹੋ ਗਿਆ ਹੈ ਕਿ 12 ਜਨਵਰੀ ਨੂੰ ਪੁਲਿਸ ਨਾਲ ਹੋਈ ਝੜਪ ਵਿੱਚ ਉਸ ਦਾ ਕੋਈ ਹੱਥ ਨਹੀਂ। ਇਸ ਸਬੰਧੀ ਸਬੂਤ ਵੀ ਨਹੀਂ ਮਿਲੇ ਹਨ, ਜਿਸ ਕਰਕੇ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ।
ਮਨੁੱਖੀ ਅਧਿਕਾਰਾਂ ਲਈ ਲੜਦੀਆਂ ਮਹਿਲਾਵਾਂ ’ਤੇ ਕਾਰਵਾਈ ਦਾ ਰੁਝਾਨ
ਸਿਰਫ ਨੌਦੀਪ ਹੀ ਨਹੀਂ, ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੀਆਂ ਅਤੇ ਸਰਕਾਰ ਤੇ ਸਰਕਾਰੀ ਨੀਤੀਆਂ ’ਤੇ ਸਵਾਲ ਚੁੱਕਣ ਵਾਲੀਆਂ ਕਈ ਮਹਿਲਾਵਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ। ਪੁਰਸ਼ਾਂ ਨਾਲ ਤਾਂ ਹੋਰ ਵੀ ਸਖ਼ਤਾਈ ਨਾਲ ਸੱਤਾ ਆਪਣੀ ਸ਼ਕਤੀ ਦਾ ਕਥਿਤ ਇਸਤੇਮਾਲ ਕਰ ਰਹੀ ਹੈ। ਬਹੁਤ ਸਾਰੇ ਸਮਾਜਿਕ ਕਾਰਕੁੰਨ ਅਤੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਕਾਰਕੁੰਨ ਇਸ ਵੇਲੇ ਜੇਲ੍ਹਾਂ ਵਿੱਚ ਬੰਦ ਹਨ, ਜਿਨ੍ਹਾਂ ਨੂੰ ਜ਼ਮਾਨਤ ਤਾਂ ਦੂਰ, ਉਨ੍ਹਾਂ ਦੇ ਕੇਸਾਂ ਦੀ ਸੁਣਵਾਈ ਤਕ ਨਹੀਂ ਹੋ ਰਹੀ, ਇੱਥੋਂ ਤਕ ਕਿ ਉਨ੍ਹਾਂ ਨੂੰ ਵਕੀਲਾਂ ਨਾਲ ਵੀ ਮਿਲਣ ਨਹੀਂ ਦਿੱਤਾ ਜਾ ਰਿਹਾ।
ਦਿੱਲੀ ਪੁਲਿਸ ਵੱਲੋਂ ਪਿਛਲੇ ਮਹੀਨੇ ਨੌਦੀਪ ਕੌਰ ਦੇ ਨਾਲ ਗ੍ਰਿਫ਼ਤਾਰ ਕੀਤੇ ਗਏ ਮਜ਼ਦੂਰ ਅਧਿਕਾਰ ਸੰਗਠਨ ਦੇ 24 ਸਾਲਾ ਪ੍ਰਧਾਨ ਸ਼ਿਵ ਕੁਮਾਰ ਦੀ ਮੈਡੀਕਲ ਰਿਪੋਰਟ ਵਿੱਚ ਗੰਭੀਰ ਸੱਟਾਂ ਸਾਹਮਣੇ ਆਈਆਂ ਸਨ। ਮੈਡੀਕਲ ਰਿਪੋਰਟ ਵਿੱਚ ਸ਼ਿਵ ਕੁਮਾਰ ਦੇ ਹੱਥਾਂ-ਪੈਰਾਂ ਵਿੱਚ ਫਰੈਕਚਰ ਅਤੇ ਫੁੱਟੇ ਹੋਏ ਨਹੁੰ ਸਮੇਤ ਕੁੱਝ ਗੰਭੀਰ ਸੱਟਾਂ ਆਈਆਂ ਸਨ। ਇਸ ਤੋਂ ਇਲਾਵਾ ਸ਼ਿਵ ਕੁਮਾਰ ‘ਚ ਸਦਮੇ ਦੇ ਲੱਛਣ ਵੀ ਸਾਹਮਣੇ ਆਏ ਸਨ। ਇਹ ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਜਮ੍ਹਾ ਕਰਵਾਈ ਗਈ ਸੀ। ਸ਼ਿਵ ਕੁਮਾਰ ਨੂੰ ਵੀ ਜ਼ਮਾਨਤ ਦੇ ਦਿੱਤੀ ਗਈ ਹੈ।
12 ਸਾਲਾ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ, ਰਾਜਧ੍ਰੋਹ ਦੇ ਇਲਜ਼ਾਮ
ਨੌਦੀਪ ਕੌਰ ਦੇ ਨਾਲ-ਨਾਲ ਵਾਤਾਵਰਨ ਕਾਰਕੁੰਨ ਦਿਸ਼ਾ ਰਵੀ ਨੂੰ ਵੀ ਪੁਲਿਸ ਨੇ ਕਾਫੀ ਪਰੇਸ਼ਾਨ ਕੀਤਾ। ਰਹਿੰਦੀ ਕਸਰ ਮੁੱਖ ਧਾਰਾ ਦੇ ਮੀਡੀਆ ਨੇ ਕੱਢ ਦਿੱਤੀ। ਦਿਸ਼ਾ ਨੂੰ ਇੰਟਰਨੈਸ਼ਨਲ ਇਨਵਾਇਰਮੈਂਟ ਐਕਟੀਵਿਸ ਗਰੇਟਾ ਥਨਬਰਗ ਦੇ ‘ਟੂਲਕਿਟ’ ਮਾਮਲੇ ਵਿੱਚ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਗਿਆ ਸੀ।
ਉਸ ’ਤੇ ਖ਼ਾਲਿਸਤਾਨ ਨਾਲ ਸੰਪਰਕ ਹੋਣ ਅਤੇ ਦੇਸ਼ ਖ਼ਿਲਾਫ਼ ਕਾਰਵਾਈ ਕਰਨ ਵਰਗੇ ਗੰਭੀਰ ਇਲਜ਼ਾਮ ਲਾਏ ਗਏ ਸਨ। ਮੀਡੀਆ ਵਿੱਚ ਵੀ 21 ਸਾਲਾਂ ਦੀ ਦਿਸ਼ਾ ਨੂੰ ਖਲਨਾਇਕਾ ਵਾਂਗੂੰ ਦਿਖਾਇਆ ਜਾਣ ਲੱਗਾ। ਕਈ ਸਰਕਾਰੀ ਮੰਤਰੀਆਂ ਨੇ ਵੀ ਦਿਸ਼ਾ ਦੇ ਖ਼ਿਲਾਫ਼ ਭੱਦੇ ਬਿਆਨ ਦਿੱਤੇ। ਫਿਲਹਾਲ ਅਦਾਲਤ ਨੇ ਦਿਸ਼ਾ ਨੂੰ ਜ਼ਮਾਨਤ ਦੇ ਦਿੱਤੀ ਹੈ।
ਦਿਸ਼ਾ ਰਵੀ ਉੱਤੇ ਆਈਪੀਸੀ ਤਹਿਤ ਰਾਜਧ੍ਰੋਹ, ਸਮਾਜ ਦੇ ਭਾਇਚਾਰਿਆਂ ਵਿਚਾਲੇ ਨਫ਼ਰਤ ਫੈਲਾਉਣ ਅਤੇ ਅਪਰਾਧਿਕ ਸਾਜ਼ਿਸ਼ ਦੇ ਮਾਮਲੇ ਦਰਜ ਕੀਤੇ ਗਏ ਸਨ। ਦਿੱਲੀ ਪੁਲਿਸ ਨੇ ਦਿਸ਼ਾ ਰਵੀ ਨੂੰ ਬੰਗਲੁਰੂ ਤੋਂ ਗ੍ਰਿਫ਼ਤਾਰ ਕੀਤਾ ਸੀ। ਦਿੱਲੀ ਦੀ ਇੱਕ ਅਦਾਲਤ ‘ਚ ਪੇਸ਼ ਕਰਦੇ ਹੋਏ ਪੁਲਿਸ ਨੇ ਦਿਸ਼ਾ ’ਤੇ ਇਲਜ਼ਾਮ ਲਾਇਆ ਸੀ ਕਿ ਉਹ ਟੂਲਕਿਟ ਗੂਗਲ ਦਸਤਾਵੇਜ਼ ਦੀ ਐਡੀਟਰ ਹੈ ਅਤੇ ਇਸ ਦਸਤਾਵੇਜ਼ ਨੂੰ ਬਣਾਉਣ ਤੇ ਇਸ ਨੂੰ ਪ੍ਰਸਾਰਿਤ ਕਰਨ ‘ਚ ਉਸ ਦੀ ਅਹਿਮ ਭੂਮਿਕਾ ਹੈ।
ਅਦਾਲਤ ਨੇ ਫੈਸਲੇ ਵਿੱਚ ਕਿਹਾ ਕਿ ਪੁਲਿਸ ਦੇ ਸਬੂਤਾਂ ਤੋਂ ਦਿਸ਼ਾ ਰਵੀ ਅਤੇ ਖ਼ਾਲਿਸਤਾਨ ਸਮਰਥਕ ਜਥੇਬੰਦੀ ‘ਪੋਇਟਿਕ ਜਸਟਿਸ ਫਾਊਂਡੇਸ਼ਨ’ ਵਿਚਾਲੇ ਕੋਈ ਸਿੱਧਾ ਸੰਪਰਕ ਸਾਬਤ ਨਹੀਂ ਹੁੰਦਾ ਹੈ। ਅਦਾਲਤ ਨੇ ਕਿਹਾ ਕਿ ਪੇਸ਼ ਕੀਤੇ ਗਏ ਸਬੂਤਾਂ ਤੋਂ ਦਿੱਲੀ ਵਿੱਚ 26 ਜਨਵਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਅਤੇ ਪੀਜਐਫ ਜਾਂ ਦਿਸ਼ਾ ਰਵੀ ਨਾਲ ਵੀ ਕੋਈ ਲਿੰਕ ਸਾਬਿਤ ਨਹੀਂ ਹੁੰਦਾ।
ਅਦਾਲਤ ਨੇ ਇਹ ਵੀ ਕਿਹਾ ਕਿ ਵਾਤਾਵਰਨ ਕਾਰਕੁੰਨ ਦੇ ਕਿਸੇ ਵੀ ਵਿਚਾਰ ਤੋਂ ਉਸ ਦੀ ਪਾਬੰਦੀਸ਼ੁਦਾ ਸੰਗਠਨ ‘ਸਿੱਖਸ ਫਾਰ ਜਸਿਟਸ’ ਨਾਲ ਕੋਈ ਸਾਂਝ ਵੀ ਸਾਬਤ ਨਹੀਂ ਹੁੰਦੀ। ਐਡੀਸ਼ਨਲ ਸੈਸ਼ਨ ਜੱਜ ਧਰਮਿੰਦਰ ਰਾਣਾ ਨੇ ਰਵੀ ਨੂੰ ਇੱਕ ਲੱਖ ਰੁਪਏ ਦੇ ਨਿੱਜੀ ਮੁੱਚਲਕੇ ਅਤੇ ਇੰਨੀ ਹੀ ਰਕਮ ਵਾਲੀਆਂ ਦੋ ਜਾਮਨੀਆਂ ਉੱਤੇ ਜ਼ਮਾਨਤ ਦੇ ਦਿੱਤੀ ਹੈ।
27 ਸਾਲਾ ਗਰਭਵਤੀ ਪੱਤਰਕਾਰ ਸਫੂਰਾ ਜ਼ਾਰਗਰ ਦੀ ਗ੍ਰਿਫ਼ਤਾਰੀ, ਦੇਸ਼ਧ੍ਰੋਹ ਦੇ ਇਲਜ਼ਾਮ
ਇਸੇ ਕੜੀ ਵਿੱਚ ਮਹਿਲਾ ਪੱਤਰਕਾਰ ਵੀ ਸ਼ਾਮਲ ਹਨ। ਸਫੂਰਾ ਜ਼ਾਰਗਰ ਵਰਗੇ ਮੁਸਲਿਮ ਕਾਰਕੁਨਾਂ ਅਤੇ ਮਸਰਤ ਜ਼ਹਿਰਾ ਵਰਗੇ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਣ ਲਈ UAPA ਵਰਗੇ ਹਥਕੰਡਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਅਪਰੈਲ 2020 ਵਿੱਚ ਜਾਮੀਆ ਮਿਲੀਆ ਇਸਲਾਮੀਆ (ਜੇਐਮਆਈ) ਯੂਨੀਵਰਸਿਟੀ ਦੀ ਖੋਜ ਵਿਦਵਾਨ ਸਫੂਰਾ ਜਾਰਗਰ ਨੇ ਆਪਣਾ ਰਮਜ਼ਾਨ ਦਾ ਪਹਿਲਾ ਦਿਨਨਵੀਂ ਦਿੱਲੀ ਦੀ ਉੱਚ ਸੁਰੱਖਿਆ ਵਾਲੀ ਤਿਹਾੜ ਜੇਲ੍ਹ ਵਿੱਚ ਬਿਤਾਇਆ।
27 ਸਾਲਾ ਸਫੂਰਾ ਨੂੰ ਉਸ ਦੀ ਪਹਿਲੀ ਗਰਭ ਅਵਸਥਾ ਦੀ ਦੂਸਰੀ ਤਿਮਾਹੀ ਵਿਚ 10 ਅਪ੍ਰੈਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਦਿੱਲੀ ਪੁਲਿਸ ਵੱਲੋਂ ਉਸ ’ਤੇ ਅੱਤਵਾਦ ਵਿਰੋਧੀ ਕਾਨੂੰਨ, ਗੈਰਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ, 2019 (ਯੂਏਪੀਏ) ਅਧੀਨ ਸਖ਼ਤ ਕਾਰਵਾਈ ਕੀਤੀ ਗਈ।
ਇਸੇ ਤਰ੍ਹਾਂ ਹੋਰ ਵੀ ਬਥੇਰੇ ਕੇਸ ਹਨ ਜਿਨ੍ਹਾਂ ਵਿੱਚ ਸਰਕਾਰੀ ਨੀਤੀਆਂ ਜਾਂ ਖ਼ੁਦ ਸਰਕਾਰ ’ਤੇ ਸਵਾਲ ਚੁੱਕਣ ਵਾਲੀਆਂ ਮਹਿਲਾਵਾਂ ਦੀ ਆਵਾਜ਼ ਬੰਦ ਕਰਨ ਲਈ ਸਰਕਾਰੀ ਸੰਸਥਾਵਾਂ ਦਾ ਗ਼ਲਤ ਇਸਤੇਮਾਲ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ਉੱਤੇ ਬਹੁਤ ਸਾਰੇ ਬੁੱਧੀਜੀਵੀ ਅਤੇ ਕਾਰਕੁੰਨ ਅਜਿਹੇ ਦਾਅਵੇ ਕਰਦੇ ਹਨ।
ਮੀਨਾ ਹੈਰਿਸ ਨੇ ਉਠਾਇਆ ਨੌਦੀਪ ਦਾ ਮਾਮਲਾ
ਪਹਿਲਾਂ ਤਾਂ ਉਸ ਦੀ ਗ੍ਰਿਫ਼ਤਾਰੀ ਬਾਰੇ ਕੋਈ ਖ਼ਾਸ ਚਰਚਾ ਨਹੀਂ ਹੋ ਰਹੀ ਸੀ ਤੇ ਨਾ ਹੀ ਕਿਸੇ ਨੂੰ ਏਨਾ ਪਤਾ ਸੀ, ਪਰ ਕਈ ਦਿਨਾਂ ਬਾਅਦ ਜਦੋਂ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਾਣਜੀ ਮੀਨਾ ਹੈਰਿਸ ਨੇ ਨੌਦੀਪ ਕੌਰ ਦੀ ਗ੍ਰਿਫ਼ਤਾਰੀ ਬਾਰੇ ਟਵੀਟ ਕਰਕੇ ਸਵਾਲ ਖੜੇ ਕੀਤੇ ਤਾਂ ਇਹ ਮਾਮਲਾ ਚਰਚਾ ਦਾ ਵਿਸ਼ਾ ਬਣ ਗਿਆ।
ਨੌਦੀਪ ਦੀ ਗ੍ਰਿਫ਼ਤਾਰੀ ਦਾ ਕਿਸਾਨ ਅੰਦੋਲਨ ਨਾਲ ਸਬੰਧ!
ਨੌਦੀਪ ਲੇਬਰ ਰਾਈਟਸ ਆਰਗੇਨਾਈਜ਼ੇਸ਼ਨ (ਐਮਏਐੱਸ) ਦੀ ਮੈਂਬਰ ਹੈ। ਉਸ ਨੇ ਦੱਸਿਆ ਕਿ ਉਸ ਨੇ ਸੋਨੀਪਤ ਜ਼ਿਲ੍ਹੇ ਦੇ ਕੁੰਡਲੀ ਵਿੱਚ ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਲੋਕਾਂ ਨੂੰ ਇਕੱਠਾ ਕੀਤਾ ਸੀ। ਉਸ ਦੀ ਜ਼ਮਾਨਤ ਅਰਜ਼ੀ ਵਿੱਚ ਇਲਜ਼ਾਮ ਲਾਇਆ ਗਿਆ ਹੈ ਕਿ ਪ੍ਰਸ਼ਾਸਨ ਕਿਸਾਨਾਂ ਦੇ ਹੱਕ ਵਿੱਚ ਸਥਾਨਕ ਮਜ਼ਦੂਰਾਂ ਦੀ ਲਾਮਬੰਦੀ ਤੋਂ ਨਾਰਾਜ਼ ਸੀ ਅਤੇ ਵਿਰੋਧ ਪ੍ਰਦਰਸ਼ਨ ਨੂੰ ਦਬਾਉਣ ਦੀ ਯੋਜਨਾ ਬਣਾਈ ਗਈ ਹੈ।